ਰਾਸ਼ਟਰੀ ਏਕਤਾ ਦਿਵਸ ਵਿਸ਼ੇਸ਼ : ADGP MF ਫਾਰੂਕੀ ਨੇ ਜਲੰਧਰ ਤੋਂ ਰਵਾਨਾ ਕੀਤੀ ਮੋਟਰਸਾਈਕਲ ਰੈਲੀ, ਪੁਲਿਸ ਬਾਈਕਰਾਂ ਨੇ ਦਿੱਤਾ ਨਸ਼ਾ ਵਿਰੋਧੀ ਸੁਨੇਹਾ ਰਾਸ਼ਟਰੀ ਏਕਤਾ ਦਿਵਸ ਨੂੰ ਸਮਰਪਿਤ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ(ਏ.ਡੀ.ਜੀ.ਪੀ.) ਐਮ.ਐਫ.ਫਾਰੂਕੀ ਵਲੋਂ ਅੱਜ ਪੀ.ਏ.ਪੀ.ਕੰਪਲੈਕਸ ਜਲੰਧਰ ਤੋਂ ਰਾਸ਼ਟਰੀ ਮੋਟਰਸਾਈਕਲ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਹ ਰੈਲੀ ਦੇਸ਼ ਦੀ ਏਕਤਾ, ਅਖੰਡਤਾ ਤੇ ਇਕਜੁਟਤਾ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਦੇ ਹਰੇਕ ਰਾਜਾਂ ਦੇ ਮੋਟਰਸਾਈਕਲਾਂ ਨੂੰ ਇਕ ਸਾਂਝਾ ਮੰਚ ਪ੍ਰਦਾਨ ਕਰਦੀ ਹੈ।
Publish Date: Sun, 18 Oct 2026 01:51 PM (IST)
Updated Date: Sun, 18 Oct 2026 01:53 PM (IST)
ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ - ਰਾਸ਼ਟਰੀ ਏਕਤਾ ਦਿਵਸ ਨੂੰ ਸਮਰਪਿਤ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ(ਏ.ਡੀ.ਜੀ.ਪੀ.) ਐਮ.ਐਫ.ਫਾਰੂਕੀ ਵਲੋਂ ਅੱਜ ਪੀ.ਏ.ਪੀ.ਕੰਪਲੈਕਸ ਜਲੰਧਰ ਤੋਂ ਰਾਸ਼ਟਰੀ ਮੋਟਰਸਾਈਕਲ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਹ ਰੈਲੀ ਦੇਸ਼ ਦੀ ਏਕਤਾ, ਅਖੰਡਤਾ ਤੇ ਇਕਜੁਟਤਾ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਦੇ ਹਰੇਕ ਰਾਜਾਂ ਦੇ ਮੋਟਰਸਾਈਕਲਾਂ ਨੂੰ ਇਕ ਸਾਂਝਾ ਮੰਚ ਪ੍ਰਦਾਨ ਕਰਦੀ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਏ.ਡੀ.ਜੀ.ਪੀ.ਨੇ ਦੱਸਿਆ ਕਿ 10 ਮੋਟਰਸਾਈਕਲ ਦੇ ਦਸਤੇ ਜਿਸ ਵਿੱਚ ਹੋਰ ਸਹਾਇਕ ਅਮਲਾ ਵੀ ਸ਼ਾਮਿਲ ਹੈ ਨੂੰ ਅੱਜ ਪੀ.ਏ.ਪੀ.ਕੈਂਪਸ ਤੋਂ ਰਵਾਨਾ ਕੀਤਾ ਗਿਆ ਹੈ ਜੋ ਪੰਜਾਬ ਪੁਲਿਸ ਦੀ ਨੁਮਾਇੰਦਗੀ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਮੋਟਰਸਾਈਕਲ ਸਵਾਰ 21 ਅਕਤੂਬਰ ਨੂੰ ਨਵੀਂ ਦਿੱਲੀ ਪਹੁੰਚਣਗੇ, ਜਿਥੇ ਦੇਸ਼ ਭਰ ਤੋਂ ਹੋਰ ਮੋਟਰਸਾਈਕਲ ਰਾਈਡਰਾਂ ਵਲੋਂ ਮੋਟਰਸਾਈਕਲ ਰੈਲੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਥੋਂ ਇਸ ਰੈਲੀ ਨੂੰ ਰਾਸ਼ਟਰ ਪੱਧਰ ਦੀ ਰੈਲੀ ਤਹਿਤ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਜਾਵੇਗਾ, ਜੋ 31 ਅਕਤੂਬਰ ਨੂੰ ਰਾਸ਼ਟਰੀ ਏਕਤਾ ਦਿਵਸ ਵਜੋਂ ਮਨਾਈ ਜਾ ਰਹੀ ਪਰੇਡ ਵਿੱਚ ਸ਼ਾਮਿਲ ਹੋਵੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਰਾਸ਼ਟਰੀ ਏਕਤਾ ਵਿਸ਼ੇ ਤੋਂ ਇਲਾਵਾ ਪੰਜਾਬ ਪੁਲਿਸ ਦੀ ਟੁਕੜੀ ਵਲੋਂ ਇਸ ਯਾਤਰਾ ਦੌਰਾਨ ਨਸ਼ਿਆਂ ਖਿਲਾਫ਼ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਚਾਰ ਕੀਤਾ ਜਾਵੇਗਾ। ਯਾਤਰਾ ਦੌਰਾਨ ਮੋਟਰਸਾਈਕਲ ਸਵਾਰਾਂ ਵਲੋਂ ਸਕੂਲਾਂ,ਕਾਲਜਾਂ ਅਤੇ ਜਨਤਕ ਥਾਵਾਂ ’ਤੇ ਰੁਕ ਕੇ ਲੋਕਾਂ ਖਾਸ ਕਰਕੇ ਨੌਜਵਾਨਾਂ ਨਾਲ ਸਿੱਧੀ ਗੱਲਬਾਤ ਕੀਤੀ ਜਾਵੇਗੀ। ਸ੍ਰੀ ਫਾਰੂਕੀ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਆਪਣੇ ਨਾਲ ਸਿੱਖਿਆ ਅਤੇ ਪ੍ਰੇਰਣਾਦਾਇਕ ਸਮੱਗਰੀ ਵੀ ਲੈ ਕੇ ਜਾਣਗੇ ਅਤੇ ਉਹਨਾਂ ਵਲੋਂ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਕੇ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਲਈ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸਾਂਝੀ ਪਹਿਲਕਦਮੀ ਦਾ ਉਦੇਸ਼ ਦੇਸ਼ ਦੇ ਨੌਜਵਾਨਾਂ ਨੂੰ ਆਪਸ ਵਿੱਚ ਜੋੜਨ ਦੇ ਨਾਲ-ਨਾਲ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਨੌਜਵਾਨ ਪੀੜ੍ਹੀ ਨੂੰ ਪ੍ਰੇਰਿਤ ਕਰਨਾ ਅਤੇ ਦੇਸ਼ ਦੇ ਭਵਿੱਖ ਵਿੱਚ ਉਸਾਰੂ ਤੇ ਸਰਗਰਮ ਭੂਮਿਕਾ ਨਿਭਾਉਣ ਲਈ ਉਤਸ਼ਾਹਿਤ ਕਰਨਾ ਹੈ।