- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਨਗਣਨਾ-2027: ਦੂਜੇ ਪੜਾਅ ਸਬੰਧੀ ਫੀਲਡ ਟ੍ਰੇਨਰਾਂ ਦੀ ਤਿੰਨ-ਰੋਜ਼ਾ ਸਿਖ਼ਲਾਈ ਸਫ਼ਲਤਾਪੂਰਵਕ ਸਮਾਪਤ

ਪੱਤਰ ਪ੍ਰੇਰਕ, ਪੰਜਬੀ ਜਾਗਰਣ ਜਲੰਧਰ : ਜਨਗਣਨਾ-2027 ਦੇ ਦੂਜੇ ਪੜਾਅ (ਆਬਾਦੀ ਗਣਨਾ) ਸਬੰਧੀ ਜ਼ਿਲ੍ਹੇ ’ਚ ਫੀਲਡ ਟ੍ਰੇਨਰਾਂ ਦੀ ਕਰਵਾਈ ਜਾ ਰਹੀ ਤਿੰਨ-ਰੋਜ਼ਾ ਸਿਖਲਾਈ ਅੱਜ ਸਫ਼ਲਤਾਪੂਰਵਕ ਸਮਾਪਤ ਹੋ ਗਈ। ਸਿਖ਼ਲਾਈ ਪ੍ਰੋਗਰਾਮ ਸਥਾਨਕ ਲਾਇਲਪੁਰ ਖਾਲਸਾ ਕਾਲਜ ਵਿਖੇ ਕਰਵਾਇਆ ਗਿਆ। ਸਿਖਲਾਈ ਪ੍ਰੋਗਰਾਮ ਦੇ ਆਖਰੀ ਦਿਨ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਮਨਿੰਦਰ ਕੌਰ ਬਰਾੜ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਤੇ ਫੀਲਡ ਟ੍ਰੇਨਰਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਸੰਜੀਦਗੀ, ਸਮਰਪਣ ਤੇ ਪਾਰਦਰਸ਼ਤਾ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸਿਖ਼ਲਾਈ ਪ੍ਰਾਪਤ ਕਰਨ ਵਾਲੇ ਫੀਲਡ ਟ੍ਰੇਨਰਾਂ ਨੂੰ ਨਿਯੁਕਤੀ ਸਰਟੀਫਿਕੇਟ ਵੀ ਵੰਡੇ ਗਏ। ਤਿੰਨ ਦਿਨਾਂ ਟ੍ਰੇਨਿੰਗ ਦੌਰਾਨ ਮਾਸਟਰ ਟ੍ਰੇਨਰਾਂ ਵੱਲੋਂ ਫੀਲਡ ਟ੍ਰੇਨਰਾਂ ਨੂੰ ਜਨਗਣਨਾ ਦੀ ਪ੍ਰਕਿਰਿਆ, ਡਿਜੀਟਲ ਐਪਲੀਕੇਸ਼ਨਾਂ ਸਮੇਤ ਜਨਗਣਨਾ ਦੇ ਕੰਮ ਨਾਲ ਸਬੰਧਤ ਹੋਰ ਅਹਿਮ ਪਹਿਲੂਆਂ ਬਾਰੇ ਸਿਖ਼ਲਾਈ ਦਿੱਤੀ ਗਈ। ਫੀਲਡ ਟ੍ਰੇਨਰਾਂ ਨੂੰ ਵਿਸ਼ੇਸ਼ ਤੌਰ ’ਤੇ ਡਿਜੀਟਲ ਮਾਧਿਅਮ ਨਾਲ ਡੇਟਾ ਇਕੱਤਰ ਤੇ ਦਰਜ ਕਰਨ ਦੀ ਪ੍ਰਕਿਰਿਆ ਤੋਂ ਜਾਣੂ ਕਰਵਾਇਆ ਗਿਆ। ਸਿਖ਼ਲਾਈ ਉਪਰੰਤ ਫੀਲਡ ਟ੍ਰੇਨਰ ਆਪਣੇ-ਆਪਣੇ ਖੇਤਰਾਂ ’ਚ ਗਿਣਤੀਕਾਰਾਂ ਤੇ ਸੁਪਰਵਾਈਜ਼ਰਾਂ ਨੂੰ 5 ਅਕਤੂਬਰ ਤੋਂ 10 ਨਵੰਬਰ 2026 ਤੱਕ ਸਿਖ਼ਲਾਈ ਦੇਣਗੇ। ਇਹ ਗਿਣਤੀਕਾਰ ਤੇ ਸੁਪਰਵਾਈਜ਼ਰ ਜਨਗਣਨਾ 2027 ਦੇ ਦੂਜੇ ਪੜਾਅ ਦੌਰਾਨ ਘਰ-ਘਰ ਜਾ ਕੇ ਨਿਰਧਾਰਤ 40 ਪ੍ਰਸ਼ਨਾਂ ਰਾਹੀਂ ਪਰਿਵਾਰਾਂ ਤੇ ਉਨ੍ਹਾਂ ਦੇ ਮੈਂਬਰਾਂ ਨਾਲ ਸਬੰਧਤ ਜਾਣਕਾਰੀ ਇਕੱਤਰ ਕਰਨਗੇ ਤੇ ਆਬਾਦੀ ਗਣਨਾ ਦਾ ਕੰਮ ਮੁਕੰਮਲ ਕਰਨਗੇ।