
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸੇਂਟ ਜੂਡਸ ਸਕੂਲ ਸ਼ਾਹਕੋਟ ਵਿਖੇ ਸੋਸ਼ਲ ਸਟਡੀਜ਼ ਕਲੱਬ ਨੇ ਕਰਵਾਈਆਂ ਗਤੀਵਿਧੀਆਂ

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਸੇਂਟ ਜੂਡਸ ਕਾਨਵੈਂਟ ਸਕੂਲ ਸ਼ਾਹਕੋਟ ’ਚ ਸੋਸ਼ਲ ਸਟੱਡੀਜ਼ ਕਲੱਬ ਵੱਲੋਂ ਅਗਸਤ ਮਹੀਨੇ ਦੌਰਾਨ ਵਿਦਿਆਰਥੀਆਂ ਦੇ ਗਿਆਨ, ਰਚਨਾਤਮਕਤਾ, ਸਮਾਜਿਕ ਜਾਗਰੂਕਤਾ ਅਤੇ ਖੋਜੀ ਰੁਚੀ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਇਨ੍ਹਾਂ ਗਤੀਵਿਧੀਆਂ ਦੌਰਾਨ ਨਰਸਰੀ ਤੋਂ ਯੂਕੇਜੀ ਤੱਕ ਦੇ ਨੰਨ੍ਹੇ-ਮੁੰਨੇ ਬੱਚਿਆਂ ਲਈ ਕਾਗਜ਼ੀ ਟਿਸ਼ੂ ਪੇਪਰ ਟੀਅਰਿੰਗ ਰਾਹੀਂ ਕਲਾ ਕਿਰਤਾਂ ਬਣਾਉਣ ਅਤੇ ਕਮਿਊਨਿਟੀ ਹੈਲਪਰਜ਼ ਥੀਮ ‘ਤੇ ਆਧਾਰਿਤ ਫੈਂਸੀ ਡਰੈੱਸ ਗਤੀਵਿਧੀ ਕਰਵਾਈ ਗਈ। ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਨਕਸ਼ਾ ਬਣਾਉਣ, ਸੱਭਿਆਚਾਰਕ ਪ੍ਰਸਤੁਤੀਆਂ ਅਤੇ ਕੋਲਾਜ ਮੇਕਿੰਗ ਮੁਕਾਬਲੇ ਕਰਵਾਏ ਗਏ। ਇਸ ਤੋਂ ਇਲਾਵਾ ਛੇਵੀਂ ਤੋਂ ਦਸਵੀਂ ਜਮਾਤ ਤੱਕ ਦੇ ਸੀਨੀਅਰ ਵਿਦਿਆਰਥੀਆਂ ਨੇ ਸਮਕਾਲੀ ਖ਼ਬਰਾਂ, ਵਰਤਮਾਨ ਘਟਨਾਵਾਂ ਦੇ ਵਿਸ਼ਲੇਸ਼ਣ ਅਤੇ ਖੋਜ ਪ੍ਰੋਜੈਕਟਾਂ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ। ਇਸੇ ਲੜੀ ਤਹਿਤ ਰੱਖੜੀ ਦੇ ਪਵਿੱਤਰ ਤਿਉਹਾਰ ਦੇ ਮੱਦੇਨਜ਼ਰ ਪਹਿਲੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਵਿਚਕਾਰ ਰੱਖੜੀ ਬਣਾਉਣ ਦਾ ਮੁਕਾਬਲਾ ਵੀ ਕਰਵਾਇਆ ਗਿਆ। ਸਕੂਲ ਡਾਇਰੈਕਟਰ ਫਾਦਰ ਵਰਗੀਸ ਅਤੇ ਪ੍ਰਿੰਸੀਪਲ ਸਿਸਟਰ ਵਿਨਾਇਆ ਨੇ ਸੋਸ਼ਲ ਸਟੱਡੀਜ਼ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਪਾਠਕ੍ਰਮ-ਸਹਾਇਕ ਗਤੀਵਿਧੀਆਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬੇਹੱਦ ਲਾਹੇਵੰਦ ਹੁੰਦੀਆਂ ਹਨ। ਇਸ ਮੌਕੇ ਸਮੂਹ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।