ਐਕਟਿਵਾ ਸਵਾਰ ਨੇ ਪੈਦਲ ਜਾ ਰਹੀ ਲੜਕੀ ਨੂੰ ਮਾਰੀ ਟੱਕਰ, ਦੋਵੇਂ ਜ਼ਖ਼ਮੀ ਐਕਟਿਵਾ ਸਵਾਰ ਨੇ ਪੈਦਲ ਜਾ ਰਹੀ ਲੜਕੀ ਨੂੰ ਮਾਰੀ ਟੱਕਰ, ਦੋਵੇਂ ਜ਼ਖ਼ਮੀ
Publish Date: Sun, 27 Sep 2026 06:14 PM (IST)
Updated Date: Sun, 27 Sep 2026 06:18 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ ਕਿਸ਼ਨਗੜ੍ਹ : ਜਲੰਧਰ-ਪਠਾਨਕੋਟ ਕੌਮੀ ਮਾਰਗ ’ਤੇ ਸਥਿਤ ਅੱਡਾ ਬੱਲਾ ’ਚ ਪੈਟਰੋਲ ਪੰਪ ਨੇੜੇ ਵੀਰਵਾਰ ਸ਼ਾਮ ਕਰੀਬ 7 ਵਜੇ ਐਕਟਿਵਾ ਤੇ ਪੈਦਲ ਜਾ ਰਹੀ ਲੜਕੀ ਵਿਚਕਾਰ ਹੋਈ ਟੱਕਰ ’ਚ ਦੋਵੇਂ ਜ਼ਖ਼ਮੀ ਹੋ ਗਏ। ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐੱਸਆਈ ਰਣਜੀਤ ਸਿੰਘ ਨੇ ਦੱਸਿਆ ਕਿ 25 ਸਤੰਬਰ ਦੀ ਸ਼ਾਮ ਕਰੀਬ 7 ਵਜੇ ਐੱਮਡੀਟੀ ਡਿਵਾਈਸ ਰਾਹੀਂ ਹਾਦਸੇ ਦੀ ਸੂਚਨਾ ਮਿਲਣ ਉਪਰੰਤ ਉਹ ਟੀਮ ਸਮੇਤ ਮੌਕੇ ’ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਐਕਟਿਵਾ ਨੰਬਰ ਪੀਬੀ-08-ਐੱਫਪੀ-1307 ’ਤੇ ਸੁਖਵਿੰਦਰ ਸਿੰਘ ਵਾਸੀ ਮਾਡਲ ਟਾਊਨ, ਜਲੰਧਰ ਜਾ ਰਿਹਾ ਸੀ। ਏਐੱਸਆਈ ਰਣਜੀਤ ਸਿੰਘ ਅਨੁਸਾਰ ਅੱਡਾ ਬੱਲਾ ’ਚ ਪੈਟਰੋਲ ਪੰਪ ਨੇੜੇ ਪ੍ਰੀਤੀ ਕੁਮਾਰੀ ਪੁੱਤਰੀ ਰੀਵਾ ਦੇਵੀ, ਵਾਸੀ ਸੀਪੋਲ, ਬਿਹਾਰ, ਪੈਦਲ ਜਾ ਰਹੀ ਸੀ। ਇਸ ਦੌਰਾਨ ਐਕਟਿਵਾ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵੇਂ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਐਕਟਿਵਾ ਸਵਾਰ ਸੁਖਵਿੰਦਰ ਸਿੰਘ ਨੂੰ ਇਲਾਜ ਲਈ ਜਲੰਧਰ ਦੇ ਇਕ ਨਿੱਜੀ ਹਸਪਤਾਲ ਪਹੁੰਚਾਇਆ। ਜਦਕਿ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਐਂਬੂਲੈਂਸ ਦੀ ਮਦਦ ਨਾਲ ਜ਼ਖ਼ਮੀ ਲੜਕੀ ਨੂੰ ਇਲਾਜ ਲਈ ਜਲੰਧਰ ਦੇ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ। ਸੜਕ ਸੁਰੱਖਿਆ ਫੋਰਸ ਦੀ ਟੀਮ ਵੱਲੋਂ ਹਾਦਸਾਗ੍ਰਸਤ ਐਕਟਿਵਾ ਨੂੰ ਮੌਕੇ ਤੋਂ ਹਟਾ ਕੇ ਨੇੜੇ ਸਥਿਤ ਇਕ ਢਾਬੇ ’ਚ ਸੁਰੱਖਿਅਤ ਖੜ੍ਹਾ ਕਰਵਾਇਆ ਗਿਆ। ਹਾਦਸੇ ਦੇ ਕਾਰਨਾਂ ਸਬੰਧੀ ਅਗਲੇਰੀ ਕਾਰਵਾਈ ਸਬੰਧਤ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਹੈ।