ਟਿੱਪਰ ਦੀ ਲਪੇਟ ’ਚ ਆਉਣ ਨਾਲ ਐਕਟਿਵਾ ਸਵਾਰ ਦੀ ਮੌਤ ਟਿੱਪਰ ਦੀ ਲਪੇਟ ’ਚ ਆਉਣ ਨਾਲ ਐਕਟਿਵਾ ਸਵਾਰ ਦੀ ਮੌਤ
Publish Date: Fri, 11 Sep 2026 06:47 PM (IST)
Updated Date: Sat, 12 Sep 2026 04:05 AM (IST)
* ਪੁਲਿਸ ਚੌਕੀ ਅਲਾਵਲਪੁਰ ਵੱਲੋਂ ਹਾਦਸੇ ਦੇ ਕਾਰਨਾਂ ਦੀ ਕੀਤੀ ਜਾ ਰਹੀ ਹੈ ਜਾਂਚ ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਅੱਡਾ ਕਿਸ਼ਨਗੜ੍ਹ ਵਿਖੇ ਟਿੱਪਰ ਦੀ ਲਪੇਟ ’ਚ ਆਉਣ ਕਾਰਨ ਐਕਟਿਵਾ ਸਵਾਰ ਕਮਲਜੀਤ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਦੌਲਤਪੁਰ ਦੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐੱਸਆਈ ਰਣਧੀਰ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ 8:47 ਵਜੇ ਕਿਸੇ ਰਾਹਗੀਰ ਵੱਲੋਂ ਹਾਦਸੇ ਦੀ ਸੂਚਨਾ ਮਿਲਣ ’ਤੇ ਐੱਸਐੱਸਐੱਫ ਟੀਮ ਤੁਰੰਤ ਮੌਕੇ ’ਤੇ ਪਹੁੰਚੀ। ਉਨ੍ਹਾਂ ਦੱਸਿਆ ਕਿ ਟਿੱਪਰ (ਪੀਬੀ07-ਸੀਬੀ-9637) ਨੂੰ ਸੁਰੇਸ਼ ਕੁਮਾਰ ਪੁੱਤਰ ਸਤਪਾਲ ਵਾਸੀ ਪਠਾਨਕੋਟ ਚਲਾ ਰਿਹਾ ਸੀ। ਟਿੱਪਰ ਅਲਾਵਲਪੁਰ ਵਾਲੀ ਸਾਈਡ ਤੋਂ ਆ ਕੇ ਕਿਸ਼ਨਗੜ੍ਹ ਦੀਆਂ ਟ੍ਰੈਫਿਕ ਲਾਈਟਾਂ ’ਤੇ ਖੜ੍ਹਾ ਸੀ ਤੇ ਉਸ ਨੇ ਜਲੰਧਰ ਵੱਲ ਜਾਣਾ ਸੀ। ਇਸੇ ਦੌਰਾਨ ਐਕਟਿਵਾ (ਪੀਬੀ08-ਬੀਬੀ-7377) ’ਤੇ ਸਵਾਰ ਕਮਲਜੀਤ ਸਿੰਘ ਵੀ ਟ੍ਰੈਫਿਕ ਲਾਈਟਾਂ ’ਤੇ ਆ ਕੇ ਰੁਕਿਆ ਹੋਇਆ ਸੀ। ਉਸ ਨੇ ਸੜਕ ਪਾਰ ਕਰ ਕੇ ਕਰਤਾਰਪੁਰ ਵਾਲੀ ਸਾਈਡ ਜਾਣਾ ਸੀ। ਪੁਲਿਸ ਅਨੁਸਾਰ ਜਦੋਂ ਜਲੰਧਰ ਵੱਲ ਜਾਣ ਲਈ ਟ੍ਰੈਫਿਕ ਸਿਗਨਲ ਹੋਇਆ ਤਾਂ ਟਿੱਪਰ ਚਾਲਕ ਨੇ ਟਿੱਪਰ ਚਲਾ ਦਿੱਤਾ। ਇਸ ਦੌਰਾਨ ਟਿੱਪਰ ਨਜ਼ਦੀਕ ਖੜ੍ਹਾ ਐਕਟਿਵਾ ਸਵਾਰ ਚਾਲਕ ਨੂੰ ਦਿਖਾਈ ਨਾ ਦੇਣ ਕਾਰਨ ਉਹ ਟਿੱਪਰ ਦੀ ਲਪੇਟ ’ਚ ਆ ਗਿਆ। ਐਕਟਿਵਾ ਸਮੇਤ ਕਮਲਜੀਤ ਸਿੰਘ ਕਰੀਬ 10 ਤੋਂ 15 ਫੁੱਟ ਤੱਕ ਸੜਕ ’ਤੇ ਘੜੀਸਦਾ ਗਿਆ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਲੋਕਾਂ ਵੱਲੋਂ ਰੌਲਾ ਪਾਉਣ ’ਤੇ ਟਿੱਪਰ ਚਾਲਕ ਨੂੰ ਹਾਦਸੇ ਦਾ ਪਤਾ ਲੱਗਾ, ਜਿਸ ਉਪਰੰਤ ਉਸ ਨੇ ਟਿੱਪਰ ਰੋਕ ਦਿੱਤਾ। ਲੋਕਾਂ ਨੇ ਗੰਭੀਰ ਜ਼ਖ਼ਮੀ ਕਮਲਜੀਤ ਸਿੰਘ ਨੂੰ ਨਿੱਜੀ ਵਾਹਨ ਰਾਹੀਂ ਜਲੰਧਰ ਦੇ ਇਕ ਨਿੱਜੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਜਾਂਚ ਉਪਰੰਤ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਸੂਚਨਾ ਐੱਸਐੱਸਐੱਫ ਟੀਮ ਵੱਲੋਂ ਪੁਲਿਸ ਚੌਕੀ ਅਲਾਵਲਪੁਰ ਦੇ ਇੰਚਾਰਜ ਐੱਸਆਈ ਰਵਿੰਦਰ ਪਾਲ ਸਿੰਘ ਨੂੰ ਦਿੱਤੀ ਗਈ। ਇਸ ਉਪਰੰਤ ਅਲਾਵਲਪੁਰ ਪੁਲਿਸ ਚੌਕੀ ਦੀ ਟੀਮ ਮੌਕੇ ’ਤੇ ਪਹੁੰਚੀ। ਐੱਸਐੱਸਐੱਫ ਟੀਮ ਨੇ ਹਾਦਸਾਗ੍ਰਸਤ ਟਿੱਪਰ ਤੇ ਐਕਟਿਵਾ ਪੁਲਿਸ ਹਵਾਲੇ ਕਰ ਦਿੱਤੇ। ਇਸ ਦੇ ਨਾਲ ਹੀ ਦੋਵੇਂ ਵਾਹਨਾਂ ਨੂੰ ਸੜਕ ਤੋਂ ਪਾਸੇ ਕਰਵਾ ਕੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਾਲੂ ਕਰਵਾਇਆ ਗਿਆ। ਪੁਲਿਸ ਚੌਕੀ ਅਲਾਵਲਪੁਰ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਮਾਮਲੇ ਸਬੰਧੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।