- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਤੇ ਸਿਹਤ ਵਿਭਾਗ ਦੀ ਕਾਰਵਾਈ, 250 ਕਿਲੋ ਘਿਓ ਤੇ ਰਿਫਾਇੰਡ ਤੇਲ ਦੇ 35 ਟੀਨ ਬਰਾਮਦ

-ਨਾਕਾਬੰਦੀ ਦੌਰਾਨ ਵਾਹਨ ਰੋਕ ਕੇ ਕੀਤੀ ਜਾਂਚ, ਸਿਹਤ ਵਿਭਾਗ ਨੇ ਲਏ ਖਾਣ-ਪੀਣ ਵਾਲੀਆਂ ਵਸਤਾਂ ਦੇ ਨਮੂਨੇ
ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਮਿਲਾਵਟੀ ਤੇ ਘਟੀਆ ਖਾਣ-ਪੀਣ ਵਾਲੀਆਂ ਵਸਤਾਂ ਵਿਰੁੱਧ ਪੁਲਿਸ ਤੇ ਸਿਹਤ ਵਿਭਾਗ ਵੱਲੋਂ ਕਾਰਵਾਈ ਤੇਜ਼ ਕੀਤੀ ਗਈ ਹੈ। ਇਸੇ ਤਹਿਤ ਜੰਡੂ ਸਿੰਘਾ ਰੋਡ ’ਤੇ ਨਾਕਾਬੰਦੀ ਦੌਰਾਨ ਸੀਆਈਏ ਸਟਾਫ ਦੀ ਟੀਮ ਨੇ ਇਕ ਵਾਹਨ ਨੂੰ ਰੋਕ ਕੇ ਤਲਾਸ਼ੀ ਲਈ, ਜਿਸ ’ਚੋਂ ਵੱਡੀ ਮਾਤਰਾ ’ਚ ਘਿਓ ਤੇ ਰਿਫਾਇੰਡ ਤੇਲ ਬਰਾਮਦ ਹੋਇਆ।
ਥਾਣਾ ਮੁਖੀ ਆਦਮਪੁਰ ਪੰਕਜ ਕੁਮਾਰ ਨੇ ਦੱਸਿਆ ਕਿ ਸੀਆਈਏ ਸਟਾਫ ਦੀ ਟੀਮ ਵੱਲੋਂ ਜੰਡੂ ਸਿੰਘਾ ਰੋਡ ’ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਸ਼ੱਕ ਦੇ ਆਧਾਰ ’ਤੇ ਇਕ ਵਾਹਨ ਨੂੰ ਰੋਕ ਕੇ ਤਲਾਸ਼ੀ ਲਈ ਗਈ। ਵਾਹਨ ’ਚ ਪਏ ਘਿਓ ਤੇ ਰਿਫਾਇੰਡ ਤੇਲ ਦੇ ਟੀਨ ਸ਼ੱਕੀ ਲੱਗਣ ’ਤੇ ਪੁਲਿਸ ਵੱਲੋਂ ਸਿਹਤ ਵਿਭਾਗ ਨੂੰ ਸੂਚਿਤ ਕੀਤਾ ਗਿਆ। ਸਿਹਤ ਵਿਭਾਗ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਖਾਣ-ਪੀਣ ਵਾਲੀਆਂ ਵਸਤਾਂ ਦੇ ਨਮੂਨੇ ਲਏ, ਜਿਨ੍ਹਾਂ ਨੂੰ ਜਾਂਚ ਲਈ ਲੈਬ ’ਚ ਭੇਜ ਦਿੱਤਾ ਗਿਆ ਹੈ। ਪੁਲਿਸ ਅਨੁਸਾਰ ਕਾਰਵਾਈ ਦੌਰਾਨ ਕਰੀਬ 250 ਕਿੱਲੋ ਦੇਸੀ ਘਿਓ ਅਤੇ ਰਿਫਾਇੰਡ ਤੇਲ ਦੇ 35 ਟੀਨ ਬਰਾਮਦ ਕੀਤੇ ਗਏ। ਵਾਹਨ ਨੂੰ ਕਬਜ਼ੇ ’ਚ ਲੈ ਕੇ ਥਾਣੇ ਲਿਆਂਦਾ ਗਿਆ ਹੈ। ਪੁਲਿਸ ਨੇ ਇਸ ਮਾਮਲੇ ’ਚ ਮੁਕੇਸ਼ ਕੁਮਾਰ ਪੁੱਤਰ ਬਿੰਦਰਪਾਲ ਉਰਫ਼ ਇੰਦਰਪਾਲ, ਵਾਸੀ ਬੁਰਜ ਢਿੱਲਵਾਂ, ਜ਼ਿਲ੍ਹਾ ਮਾਨਸਾ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਅਨੁਸਾਰ ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਮੁਕੇਸ਼ ਕੁਮਾਰ ਦੇ ਡਰਾਈਵਰ ਨੂੰ ਪਹਿਲਾਂ ਕਥਿਤ ਤੌਰ ’ਤੇ ਨਕਲੀ ਘਿਓ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਹੁਣ ਪੁਲਿਸ ਵੱਲੋਂ ਵਾਹਨ ਦੇ ਮਾਲਕ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਜ਼ਬਤ ਕੀਤੀਆਂ ਖਾਣ-ਪੀਣ ਵਾਲੀਆਂ ਵਸਤਾਂ ਦੇ ਨਮੂਨੇ ਲੈਬ ’ਚ ਭੇਜੇ ਗਏ ਹਨ। ਲੈਬ ਰਿਪੋਰਟ ਆਉਣ ਤੋਂ ਬਾਅਦ ਹੀ ਇਹ ਸਪੱਸ਼ਟ ਹੋਵੇਗਾ ਕਿ ਬਰਾਮਦ ਘਿਓ ਤੇ ਰਿਫਾਇੰਡ ਤੇਲ ਮਿਲਾਵਟੀ ਜਾਂ ਘਟੀਆ ਹਨ ਜਾਂ ਨਹੀਂ। ਰਿਪੋਰਟ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।