ਨਸ਼ੇ ਦੀ ਹਾਲਤ ’ਚ ਪੁਲਿਸ ਮੁਲਾਜ਼ਮਾਂ ਨੂੰ ਰਿਸ਼ਵਤ ਨਾ ਦੇਣ ਤੇ ਦਸਤਾਰਾਂ ਉਤਾਰਨ ਦੇ ਲਾਏ ਦੋਸ਼
ਨਸ਼ੇ ਦੀ ਹਾਲਤ ’ਚ ਪੁਲਿਸ ਮੁਲਾਜ਼ਮਾਂ ਨੂੰ ਰਿਸ਼ਵਤ ਨਾ ਦੇਣ ਤੇ ਦਸਤਾਰਾਂ ਉਤਾਰਨ ਦੇ ਲਾਏ ਦੋਸ਼
Publish Date: Tue, 17 Feb 2026 09:22 PM (IST)
Updated Date: Wed, 18 Feb 2026 04:16 AM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਬੀਤੀ ਦੇਰ ਰਾਤ ਜਲੰਧਰ ਕੁੰਜ ’ਚ ਟਰੈਕਟਰ-ਟਰਾਲੀ ਚਾਲਕ ਪਿਓ-ਪੁੱਤ ਤੇ ਉਨ੍ਹਾਂ ਦੇ ਸਾਥੀਆਂ ਤੇ ਪੁਲਿਸ ਮੁਲਾਜ਼ਮ ਵੱਲੋਂ ਹਮਲਾ ਕਰਨ ਤੇ ਦਸਤਾਰਾਂ ਉਤਾਰਨ ਦੇ ਦੋਸ਼ ਲਗਾਏ ਗਏ ਹਨ। ਛਾਬੜੀ ਸਾਹਿਬ, ਜ਼ਿਲ੍ਹਾ ਤਰਨਤਾਰਨ ਵਾਸੀ ਲਵਪ੍ਰੀਤ ਸਿੰਘ ਤੇ ਸਰਬਜੀਤ ਸਿੰਘ ਨੇ ਵੀਡੀਓ ’ਚ ਪੁਲਿਸ ਮੁਲਾਜ਼ਮਾਂ ਤੇ ਨਸ਼ੇ ਦਾ ਸੇਵਨ ਕਰ ਕੇ ਉਨਾਂ ਨਾਲ ਦੁਰ ਵਿਵਹਾਰ ਕਰਨ ਦੇ ਦੋਸ਼ ਲਾਏ ਹਨ। ਵਾਇਰਲ ਹੋਈ ਵੀਡਿਓ ’ਚ ਪੀੜਤ ਵੱਲੋਂ ਕਿਹਾ ਜਾ ਰਿਹਾ ਹੈ ਕਿ ਬੀਤੀ ਦੇਰ ਰਾਤ ਹੰਗਾਮਾ ਹੋਣ ਕਰ ਕੇ ਉਨ੍ਹਾਂ ਦੀਆਂ ਦਸਤਾਰਾਂ ਵੀ ਉਤਾਰ ਦਿੱਤੀਆਂ ਗਈਆਂ। ਪੀੜਤ ਟਰਾਲੀ ਚਾਲਕ ਨੇ ਕਿਹਾ ਕਿ ਉਹ ਤਰਨਤਾਰਨ ਤੋਂ ਜਲੰਧਰ ਤੂੜੀ ਲੈ ਕੇ ਆ ਰਹੇ ਸੀ ਪੁਲਿਸ ਨੇ ਉਨ੍ਹਾਂ ਨੂੰ ਮੰਡ ਇਲਾਕੇ ’ਚ ਰੋਕਿਆ ਤੇ ਦਸਤਾਵੇਜ਼ ਦਿਖਾਉਣ ਲਈ ਕਿਹਾ ਗਿਆ। ਉਨ੍ਹਾਂ ਦੋਸ਼ ਲਗਾਏ ਕਿ ਉਨ੍ਹਾਂ ਵੱਲੋਂ ਆਪਣੇ ਦਸਤਾਵੇਜ਼ ਦਿਖਾਏ ਗਏ। ਜਦਕਿ ਡਰਾਈਵਿੰਗ ਲਾਇਸੈਂਸ ਘਰ ਰਹਿਣ ਕਰ ਕੇ ਉਨ੍ਹਾਂ ਵੱਲੋਂ ਫੋਟੋ ਮੰਗਵਾ ਕੇ ਪੁਲਿਸ ਨੂੰ ਦਿਖਾਉਣ ਲਈ ਕਿਹਾ ਗਿਆ ਤਾਂ ਇਸੇ ਦੌਰਾਨ ਪੁਲਿਸ ਨੇ ਇਕ ਹਜ਼ਾਰ ਰੁਪਏ ਦੀ ਮੰਗ ਕੀਤੀ ਤੇ ਉਨ੍ਹਾਂ ਵੱਲੋਂ ਰਿਸ਼ਵਤ ਨਾ ਦੇਣ ਕਰ ਕੇ ਪੁਲਿਸ ਮੁਲਾਜ਼ਮ ਨਾ ਮੰਨੇ ਤਾਂ ਉਹ ਉਥੋਂ ਚੱਲ ਕੇ ਅੱਗੇ ਆ ਗਏ ਤਾਂ ਜਲੰਧਰ ਕੁੰਜ ਇਲਾਕੇ ’ਚ ਉਨ੍ਹਾਂ ਪੁਲਿਸ ਮੁਲਾਜ਼ਮਾਂ ਨੇ ਆਪਣਾ ਵਾਹਨ ਅੱਗੇ ਲਿਆ ਕੇ ਖੜ੍ਹਾ ਕਰ ਦਿੱਤਾ ਤਾਂ ਬੜੀ ਮੁਸ਼ਕਲ ਉਨ੍ਹਾਂ ਬ੍ਰੇਕ ਲਗਾ ਕੇ ਟਰੈਕਟਰ ਟਰਾਲੀ ਰੋਕੀ। ਚਾਲਕ ਦਾ ਕਹਿਣਾ ਹੈ ਕਿ ਜੇਕਰ ਉਹ ਹੁਸ਼ਿਆਰੀ ਨਾਲ ਬੇ੍ਕ ਨਾ ਲਗਾਉਦਾ ਤਾਂ ਪੁਲਿਸ ਦੇ ਵਾਹਨ ਨਾਲ ਟਕਰਾ ਕੇ ਹਾਦਸਾ ਵੀ ਵਾਪਰ ਸਕਦਾ ਸੀ। ਤੇ ਇਸੇ ਦੌਰਾਨ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਤੇ ਉਨ੍ਹਾਂ ਦੀਆਂ ਦਸਤਾਰਾਂ ਉਤਾਰ ਦਿੱਤੀਆਂ। ਵੀਡੀਓ ’ਚ ਉਨ੍ਹਾਂ ਵੱਲੋਂ ਪੁਲਿਸ ਮੁਲਾਜ਼ਮ ਕੰਵਰਪਾਲ ਸਿੰਘ ਤੇ ਉਸ ਦੇ ਸਾਥੀ ਪੁਲਿਸ ਮੁਲਾਜ਼ਮ ਵੱਲੋਂ ਉਨ੍ਹਾਂ ਨਾਲ ਕੁੱਟਮਾਰ ਕਰਨ ਦੇ ਨਾਲ ਉਨ੍ਹਾਂ ਦੀਆਂ ਦਸਤਾਰਾਂ ਲਾਉਣ ਦੇ ਦੋਸ਼ ਲਾਏ ਗਏ ਹਨ। ਉਨ੍ਹਾਂ ਦੱਸਿਆ ਕਿ ਮਿੰਨਤ ਤਰਲਾ ਕਰਨ ਦੇ ਬਾਵਜੂਦ ਪੁਲਿਸ ਮੁਲਾਜ਼ਮ ਨਾ ਮੰਨੇ ਤਾਂ ਉਨ੍ਹਾਂ ਦਾ ਪੁਲਿਸ ਮੁਲਾਜ਼ਮਾ ਨਾਲ ਵਿਵਾਦ ਹੋ ਗਿਆ। ਤੇ ਜਦ ਪੁਲਿਸ ਮੁਲਾਜ਼ਮਾਂ ਨੇ ਉਸ ਦੇ ਪਿਤਾ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਬਚਾਅ ਲਈ ਉਸ ਨੇ ਪੁਲਿਸ ਮੁਲਾਜ਼ਮ ਨੂੰ ਪਿੱਛੇ ਧੱਕਣ ਦੀ ਕੋਸ਼ਿਸ਼ ਕੀਤੀ। ਜਿਸ ਦੌਰਾਨ ਪੁਲਿਸ ਮੁਲਾਜ਼ਮ ਹੇਠਾਂ ਦੌਰਾਨ ਡਿੱਗ ਗਿਆ। ਪੀੜਤਾਂ ਦਾ ਕਹਿਣਾ ਹੈ ਕਿ ਬਹਿਸ ਦੌਰਾਨ ਪੁਲਿਸ ਵਾਲਿਆਂ ਨੇ ਦੋ ਸਿੱਖ ਨੌਜਵਾਨਾਂ ਤੇ ਉਨ੍ਹਾਂ ਦੇ ਇਕ ਸਾਥੀ ਤੇ ਬੁਰੀ ਤਰ੍ਹਾਂ ਹਮਲਾ ਕੀਤਾ। ਇਸ ਦੌਰਾਨ ਪੁਲਿਸ ਮੁਲਾਜ਼ਮਾਂ ਵੱਲੋਂ ਉਨ੍ਹਾਂ ਦੀਆਂ ਦਸਤਾਰਾਂ ਉਤਾਰ ਕੇ ਵਾਲ ਖਿਲਾਰ ਦਿੱਤੇ ਗਏ। ਪੀੜਤਾਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਉਨ੍ਹਾਂ ਨੂੰ ਬੇਲੋੜਾ ਤੰਗ ਕੀਤਾ ਗਿਆ। ਵੀਡੀਓ ’ਚ ਕਿਹਾ ਜਾ ਰਿਹਾ ਹੈ ਕਿ ਪੁਲਿਸ ਪ੍ਰਸ਼ਾਸਨ ਦੇ ਡਰ ਤੋਂ ਉਨ੍ਹਾਂ ਨੇ ਕੋਈ ਵੀ ਸ਼ਿਕਾਇਤ ਦਰਜ ਨਹੀਂ ਕਰਵਾਈ। ਮੁਲਾਜ਼ਮ ਕੀਤਾ ਬਰਖਾਸਤ ਇਸ ਸਬੰਧੀ ਥਾਣਾ ਮਕਸੂਦਾਂ ਦੇ ਮੁਖੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਐੱਸਐੱਸਪੀ ਵੱਲੋਂ ਦੁਰ ਵਿਵਹਾਰ ਕਰਨ ਵਾਲੇ ਮੁਲਾਜ਼ਮਾ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਤੇ ਉਨ੍ਹਾਂ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾਵੇਗੀ।