ਵਕਫ਼ ਬੋਰਡ ਦੀ ਜ਼ਮੀਨ ’ਤੇ ਕਬਜ਼ੇ ਦੀ ਕੋਸ਼ਿਸ਼ ਦਾ ਦੋਸ਼ ਵਕਫ਼ ਬੋਰਡ ਦੀ ਜ਼ਮੀਨ ’ਤੇ ਜਾਅਲੀ ਦਸਤਾਵੇਜ਼ਾਂ ਰਾਹੀਂ ਕਬਜ਼ੇ
Publish Date: Tue, 04 Aug 2026 10:24 PM (IST)
Updated Date: Tue, 04 Aug 2026 10:25 PM (IST)
-ਪ੍ਰੈੱਸ ਕਾਨਫਰੰਸ ’ਚ ਮਨਿੰਦਰ ਸਿੰਘ ਨੇ ਉੱਚ ਪੱਧਰੀ ਜਾਂਚ, ਸੁਰੱਖਿਆ ਤੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਬਸਤੀ ਸ਼ੇਖ ਸਥਿਤ ਘਾਹ ਮੰਡੀ ਦੇ ਰਹਿਣ ਵਾਲੇ ਮਨਿੰਦਰ ਸਿੰਘ ਨੇ ਪ੍ਰੈੱਸ ਕਾਨਫਰੰਸ ਕਰਕੇ ਦੋਸ਼ ਲਗਾਇਆ ਕਿ ਵਕਫ਼ ਬੋਰਡ ਤੋਂ ਲੀਜ਼ ’ਤੇ ਲਈ ਗਈ ਜ਼ਮੀਨ ’ਤੇ ਜਾਅਲੀ ਦਸਤਾਵੇਜ਼ਾਂ ਰਾਹੀਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਪੂਰੇ ਮਾਮਲੇ ਦੀ ਉੱਚ ਪੱਧਰੀ ਤੇ ਨਿਰਪੱਖ ਜਾਂਚ ਕਰਵਾਉਣ ਦੇ ਨਾਲ-ਨਾਲ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਮਨਿੰਦਰ ਸਿੰਘ ਨੇ ਦੱਸਿਆ ਕਿ ਸਾਲ 2023 ’ਚ ਉਨ੍ਹਾਂ ਨੇ ਵਕਫ਼ ਬੋਰਡ ਦੀ ਕਰੀਬ ਅੱਠ ਮਰਲੇ ਜ਼ਮੀਨ ਕਾਨੂੰਨੀ ਪ੍ਰਕਿਰਿਆ ਤਹਿਤ ਲੀਜ਼ ’ਤੇ ਲਈ ਸੀ। ਉਨ੍ਹਾਂ ਮੁਤਾਬਕ ਇਹ ਜ਼ਮੀਨ ਪਹਿਲਾਂ ਗੌਰਵ ਦੇ ਪਿਤਾ ਦੇ ਨਾਮ ’ਤੇ ਲੀਜ਼ ’ਤੇ ਸੀ ਤੇ ਉਨ੍ਹਾਂ ਦੀ ਮੌਤ ਤੋਂ ਬਾਅਦ ਲੀਜ਼ ਗੌਰਵ ਦੇ ਨਾਮ ’ਤੇ ਚੱਲ ਰਹੀ ਸੀ। ਜ਼ਮੀਨ ਲੈਣ ਤੋਂ ਪਹਿਲਾਂ ਸਾਰੇ ਲੋੜੀਂਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ, ਵਿਧੀਵਤ ਐਗਰੀਮੈਂਟ ਕੀਤਾ ਗਿਆ ਤੇ ਪੂਰੀ ਰਕਮ ਬੈਂਕ ਰਾਹੀਂ ਅਦਾ ਕੀਤੀ ਗਈ। ਉਨ੍ਹਾਂ ਦੋਸ਼ ਲਗਾਇਆ ਕਿ ਜਦੋਂ ਉਨ੍ਹਾਂ ਨੇ ਜ਼ਮੀਨ ਦੇ ਚਾਰੋਂ ਪਾਸੇ ਚਾਰਦੀਵਾਰੀ ਬਣਾਉਣ ਦਾ ਕੰਮ ਸ਼ੁਰੂ ਕੀਤਾ ਤਾਂ ਨੇੜੇ ਸਥਿਤ ਇਕ ਫੈਕਟਰੀ ਦੇ ਮਾਲਕ ਨੇ ਇਸ ਜ਼ਮੀਨ ’ਤੇ ਆਪਣਾ ਦਾਅਵਾ ਜਤਾਇਆ। ਮਨਿੰਦਰ ਸਿੰਘ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਕਥਿਤ ਤੌਰ ’ਤੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਉਕਤ ਜ਼ਮੀਨ ਵਕਫ਼ ਬੋਰਡ ਦੇ ਰਿਕਾਰਡ ’ਚ ਦੂਜੀ ਧਿਰ ਦੇ ਨਾਮ ’ਤੇ ਦਰਜ ਕਰਵਾ ਲਈ ਗਈ ਹੈ। ਇਸ ਸਬੰਧੀ ਉਨ੍ਹਾਂ ਨੇ ਪੁਲਿਸ ਤੇ ਸਬੰਧਤ ਵਿਭਾਗਾਂ ਨੂੰ ਸ਼ਿਕਾਇਤ ਦਿੱਤੀ, ਪਰ ਹੁਣ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ। ਪੀੜਤ ਨੇ ਦੋਸ਼ ਲਗਾਇਆ ਕਿ ਸ਼ਿਕਾਇਤ ਦੇਣ ਤੋਂ ਬਾਅਦ ਫੈਕਟਰੀ ਮਾਲਕ ਤੇ ਉਸ ਦੇ ਨਾਲ ਆਏ ਕੁਝ ਲੋਕਾਂ ਨੇ, ਜੋ ਆਪਣੇ ਆਪ ਨੂੰ ਪੁਲਿਸ ਤੇ ਪ੍ਰਸ਼ਾਸਨ ’ਚ ਪ੍ਰਭਾਵਸ਼ਾਲੀ ਦੱਸਦੇ ਸਨ, ਵਿਵਾਦ ਨਿਪਟਾਉਣ ਦੇ ਨਾਮ ’ਤੇ ਪਹਿਲਾਂ 18 ਲੱਖ ਰੁਪਏ ਤੇ ਬਾਅਦ ’ਚ 16 ਲੱਖ ਰੁਪਏ ਦੀ ਮੰਗ ਕੀਤੀ। ਉਨ੍ਹਾਂ ਦਾ ਦਾਅਵਾ ਹੈ ਕਿ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਸਬੰਧਤ ਧਿਰ ਨੇ ਵਕਫ਼ ਬੋਰਡ ’ਚ ਸਿਰਫ਼ ਕਰੀਬ ਚਾਰ ਲੱਖ ਰੁਪਏ ਹੀ ਜਮ੍ਹਾਂ ਕਰਵਾਏ ਸਨ। ਮਨਿੰਦਰ ਸਿੰਘ ਨੇ ਇਹ ਵੀ ਦੋਸ਼ ਲਗਾਇਆ ਕਿ ਪੈਸੇ ਦੇਣ ਤੋਂ ਇਨਕਾਰ ਕਰਨ ’ਤੇ ਉਨ੍ਹਾਂ ਨੂੰ ਝੂਠੇ ਮਾਮਲਿਆਂ ’ਚ ਫਸਾਉਣ, ਬਦਨਾਮ ਕਰਨ ਤੇ ਉਨ੍ਹਾਂ ਦੇ ਲਾਇਸੈਂਸੀ ਹਥਿਆਰ ਦਾ ਲਾਇਸੈਂਸ ਰੱਦ ਕਰਵਾਉਣ ਲਈ ਵੱਖ-ਵੱਖ ਵਿਭਾਗਾਂ ’ਚ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿਸ ਪੁਰਾਣੇ ਮਾਮਲੇ ਦਾ ਹਵਾਲਾ ਦਿੱਤਾ ਜਾ ਰਿਹਾ ਹੈ, ਉਸ ’ਚ ਉਹ ਪਹਿਲਾਂ ਹੀ ਅਦਾਲਤ ਤੋਂ ਬਰੀ ਹੋ ਚੁੱਕੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਆਡੀਓ ਰਿਕਾਰਡਿੰਗ ਸਮੇਤ ਅਜਿਹੇ ਸਬੂਤ ਮੌਜੂਦ ਹਨ, ਜਿਨ੍ਹਾਂ ’ਚ ਜ਼ਮੀਨ ਖਾਲੀ ਕਰਵਾਉਣ ਦੇ ਬਦਲੇ ਪੈਸੇ ਮੰਗਣ ਦੀ ਗੱਲ ਕਹੀ ਗਈ ਹੈ। ਉਨ੍ਹਾਂ ਕਿਹਾ ਕਿ ਲੋੜ ਪੈਣ ’ਤੇ ਸਾਰੇ ਸਬੂਤ ਜਾਂਚ ਏਜੰਸੀਆਂ ਤੇ ਅਦਾਲਤ ਦੇ ਸਾਹਮਣੇ ਪੇਸ਼ ਕੀਤੇ ਜਾਣਗੇ। ਮਨਿੰਦਰ ਸਿੰਘ ਨੇ ਆਪਣੀ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਦੀ ਮੰਗ ਕਰਦਿਆਂ ਮੁੱਖ ਮੰਤਰੀ, ਡੀਜੀਪੀ, ਪੰਜਾਬ ਵਕਫ਼ ਬੋਰਡ ਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਤੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ।