ਪੁਲਿਸ ਹਿਰਾਸਤ ’ਚੋਂ ਭੱਜਣ ਦੀ ਕੋਸ਼ਿਸ਼ ’ਚ ਮੁਲਜ਼ਮ ਜ਼ਖ਼ਮੀ ਦੋਸ਼ੀ ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋਣ ਦੀ ਕੋਸ਼ਿਸ਼ ਵਿੱਚ ਹੋਇਆ ਜ਼ਖਮੀ
Publish Date: Sun, 05 Jul 2026 10:24 PM (IST)
Updated Date: Mon, 06 Jul 2026 04:12 AM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ’ਚ ਇਕ ਦੋਸ਼ੀ ਦੇ ਪੁਲਿਸ ਹਿਰਾਸਤ ਵਿਚੋਂ ਭੱਜਣ ਤੇ ਜ਼ਖ਼ਮੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਥਾਣਾ-8 ਦੇ ਐੱਸਐੱਚਓ ਸਾਹਿਲ ਚੌਧਰੀ ਤਰਨਤਾਰਨ ਵਾਸੀ ਸੂਰਜ ਨੂੰ ਸੁਣਵਾਈ ਲਈ ਅਦਾਲਤ ਲੈ ਕੇ ਗਏ ਸਨ। ਜਦੋਂ ਪੁਲਿਸ ਟੀਮ ਉਸ ਨੂੰ ਸੁਣਵਾਈ ਤੋਂ ਬਾਅਦ ਵਾਪਸ ਥਾਣੇ ਲੈ ਜਾ ਰਹੀ ਸੀ ਤਾਂ ਦੋਸ਼ੀ ਨੇ ਅਚਾਨਕ ਗੱਡੀ ਵਿਚੋਂ ਛਾਲ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਟੀਮ ਨੇ ਤੁਰੰਤ ਪਿੱਛਾ ਕੀਤਾ, ਹਾਲਾਂਕਿ ਭੱਜਦੇ ਹੋਏ ਦੋਸ਼ੀ ਕੰਧ ਟੱਪ ਗਿਆ ਤੇ ਗੰਭੀਰ ਸੱਟਾਂ ਲੱਗੀਆਂ। ਬਾਅਦ ’ਚ ਉਸ ਨੂੰ ਮੌਕੇ ਤੇ ਹੀ ਫੜ ਲਿਆ ਗਿਆ ਅਤੇ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਏਸੀਪੀ ਅਲਕਾ ਮੀਨਾ ਨੇ ਦੱਸਿਆ ਕਿ ਦੋਸ਼ੀ ਸੂਰਜ ਨੂੰ ਹਾਲ ਹੀ ’ਚ ਕਿਸ਼ਨਪੁਰਾ ਚੌਕ ਤੇ ਇੱਕ ਬਜ਼ੁਰਗ ਔਰਤ ਨਾਲ ਹੋਈ ਇੱਕ ਖੋਹ ਦੀ ਘਟਨਾ ਦੇ ਸਬੰਧ ’ਚ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਨੇ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਦੋ ਦਿਨਾਂ ਦਾ ਰਿਮਾਂਡ ਪ੍ਰਾਪਤ ਕੀਤਾ ਸੀ। ਏਸੀਪੀ ਨੇ ਦੱਸਿਆ ਕਿ ਪੁਲਿਸ ਟੀਮ ਰਿਮਾਂਡ ਦੀ ਸੁਣਵਾਈ ਤੋਂ ਬਾਅਦ ਦੋਸ਼ੀ ਨੂੰ ਵਾਪਸ ਥਾਣੇ ਲਿਆ ਰਹੀ ਸੀ ਜਦੋਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਪੁਲਿਸ ਦੀ ਚੌਕਸੀ ਕਾਰਨ ਉਸ ਨੂੰ ਜਲਦੀ ਹੀ ਕਾਬੂ ਕਰ ਲਿਆ ਗਿਆ, ਪਰ ਕੰਧ ਟੱਪਣ ਕਾਰਨ ਉਸਨੂੰ ਸੱਟਾਂ ਲੱਗੀਆਂ। ਮੁਲਜ਼ਮ ਦਾ ਡਾਕਟਰੀ ਇਲਾਜ ਯਕੀਨੀ ਬਣਾਉਣ ਤੋਂ ਇਲਾਵਾ ਪੁਲਿਸ ਨੇ ਉਸਦੇ ਸਾਥੀ ਰੌਕੀ ਦੀ ਭਾਲ ਤੇਜ਼ ਕਰ ਦਿੱਤੀ ਹੈ। ਸਬੰਧਤ ਥਾਵਾਂ ਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।