ਦੋਹਰੇ ਕਤਲ ਕੇਸ ਦਾ ਮੁਲਜ਼ਮ ਪੁਲਿਸ ਐਨਕਾਊਂਟਰ ’ਚ ਜ਼ਖ਼ਮੀ ਡਬਲ ਕਤਲ ਕੇਸ ਦਾ ਦੋਸ਼ੀ ਪੁਲਿਸ ਐਨਕਾਊਂਟਰ ਵਿੱਚ ਜਖਮੀ
Publish Date: Wed, 22 Jul 2026 08:57 PM (IST)
Updated Date: Wed, 22 Jul 2026 08:58 PM (IST)
ਮੁਲਜ਼ਮ ਜੋਗਾ ਫੋਲੜੀਵਾਲ ਤੇ ਕਰਨ ਸਹਿਗਲ ਗੈਂਗ ਦਾ ਹੈ ਮੈਂਬਰ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ ਸੀਆਈਏ ਸਟਾਫ ਤੇ ਥਾਣਾ ਭਾਰਗੋ ਕੈਂਪ ਦੀ ਪੁਲਿਸ ਨੇ ਤਿਲਕ ਨਗਰ ’ਚ 12 ਜੂਨ ਨੂੰ ਹੋਏ ਦੋਹਰੇ ਕਤਲ ਕੇਸ ਦੇ ਮੁਲਜ਼ਮ ਨੂੰ ਬੁੱਧਵਾਰ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਗਈ ਨਾਕਾਬੰਦੀ ਦੌਰਾਨ ਗਿਰਫਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਉਸਨੇ ਪੁਲਿਸ ਪਾਰਟੀ ’ਤੇ ਫਾਇਰ ਕਰ ਦਿੱਤੇ। ਪੁਲਿਸ ਵੱਲੋਂ ਚਲਾਈ ਗਈ ਜਵਾਬੀ ਕਾਰਵਾਈ ਵਿੱਚ ਮੁਲਜ਼ਮ ਗੁੱਲੂ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੇ ਦੱਸਿਆ ਕਿ 12 ਜੂਨ ਨੂੰ ਤਿਲਕ ਨਗਰ ਵਿੱਚ ਸਿਮਰਨਜੀਤ ਸਿੰਘ ਅਤੇ ਸੌਰਭ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਪੁਲਿਸ ਨੂੰ ਸ਼ੁਭਮ ੳਰਫ ਗੁੱਲੂ ਵਾਸੀ ਦਸ਼ਮੇਸ਼ ਨਗਰ ਭਾਰਗੋ ਕੈਂਪ ਲੋੜੀਂਦਾ ਸੀ। ਬੁੱਧਵਾਰ ਸਵੇਰੇ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਗੁੱਲੂ ਨਾਖਾਂ ਵਾਲੇ ਬਾਗ ਲਾਗੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਹਥਿਆਰ ਸਮੇਤ ਘੁੰਮ ਰਿਹਾ ਹੈ। ਇਸ ਤੋਂ ਬਾਅਦ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਸਰਿੰਦਰ ਕੁਮਾਰ ਕੰਬੋਜ ਤੇ ਥਾਣਾ ਭਾਰਗੋ ਕੈਂਪ ਦੇ ਇੰਚਾਰਜ ਸਬ-ਇੰਸਪੈਕਟਰ ਰਜਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਤੁਰੰਤ ਕਾਰਵਾਈ ਕਰਦੇ ਹੋਏ ਨਾਖਾਂ ਵਾਲੇ ਬਾਗ ’ਚ ਨਾਕਾਬੰਦੀ ਕਰ ਦਿੱਤੀ। ਜਦ ਪੁਲਿਸ ਪਾਰਟੀ ਨੇ ਗੁੱਲੂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪੁਲਿਸ ਪਾਰਟੀ ਉਪਰ ਗੋਲੀ ਚਲਾ ਦਿੱਤੀ। ਇਸ ਤੋਂ ਬਾਅਦ ਥਾਣਾ ਮੁਖੀ ਹਰਜਿੰਦਰ ਸਿੰਘ ਨੇ ਮੁਲਾਜ਼ਮਾਂ ਦੀ ਸੁਰੱਖਿਆ ਲਈ ਆਪਣੇ ਸਰਕਾਰੀ ਰਿਵਾਲਵਰ ਤੋਂ ਗੋਲੀਆਂ ਚਲਾਈਆਂ ਜਿਨ੍ਹਾਂ ਵਿੱਚੋਂ ਇੱਕ ਗੋਲੀ ਗੁੱਲੂ ਦੇ ਗੋਡੇ ’ਚ ਲੱਗੀ ਤੇ ਉਹ ਜ਼ਖਮੀ ਹੋ ਗਿਆ। ਉਸ ਨੂੰ ਕਾਬੂ ਕਰ ਕੇ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਉਸ ਕੋਲੋਂ ਇੱਕ ਪਿਸਟਲ .32 ਬੋਰ ਸਮੇਤ ਮੈਗਜ਼ੀਨ ਤੇ ਚਾਰ ਰੌਂਦ ਤੇ ਇੱਕ ਸਪਲੈਂਡਰ ਮੋਟਰਸਾਈਕਲ ਬਿਨਾਂ ਨੰਬਰੀ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਗੁੱਲੂ ਦੇ ਸਬੰਧ ਜੋਗਾ ਫੋਲੜੀਵਾਲ ਅਤੇ ਕਰਨ ਸਹਿਗਲ ਨਾਲ ਹਨ। ਕਰਨ ਸਹਿਗਲ ਨੂੰ ਵੀ ਇਸ ਮਾਮਲੇ ਵਿੱਚ ਨਾਮਜ਼ਦ ਕਰ ਲਿਆ ਗਿਆ ਹੈ ਤੇ ਉਸ ਨੂੰ ਵੀ ਜਲਦ ਹੀ ਗਿਰਫਤਾਰ ਕੀਤਾ ਜਾਵੇਗਾ। ਗੁੱਲੂ ਖਿਲਾਫ ਥਾਣਾ ਭਾਰਗੋ ਕੈਂਪ ਵਿੱਚ ਮਾਮਲਾ ਦਰਜ ਕਰਕੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।