ਦੈਨਿਕ ਜਾਗਰਣ ਦੇ ਮੁਲਾਜ਼ਮ ਨਾਲ ਲੁੱਟ ਦੀ ਕੋਸ਼ਿਸ਼ ਕਰਨ ਵਾਲੇ ਮੁਲਜ਼ਮ ਕਾਬੂ
ਦੈਨਿਕ ਜਾਗਰਣ ਮੁਲਾਜ਼ਮ ਨਾਲ ਲੁੱਟ ਦੀ ਕੋਸ਼ਿਸ਼ ਕਰਨ ਵਾਲੇ ਮੁਲਜ਼ਮ ਕਾਬੂ
Publish Date: Sun, 29 Mar 2026 08:02 PM (IST)
Updated Date: Sun, 29 Mar 2026 08:03 PM (IST)

- ਪਹਿਲਾਂ ਵੀ ਲੁੱਟ ਦੀਆਂ ਵਾਰਦਾਤਾਂ ਕਰ ਚੁੱਕੇ ਨੇ ਮੁਲਜ਼ਮ, ਵਾਹਨ ਵੀ ਜ਼ਬਤ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ’ਚ ਫੁੱਟਬਾਲ ਚੌਕ ਨੇੜੇ ਦੈਨਿਕ ਜਾਗਰਣ ਦੇ ਸੀਨੀਅਰ ਐਗਜ਼ੀਕਿਊਟਿਵ ਸਰਕੂਲੇਸ਼ਨ ਪਵਨਦੀਪ ਨਾਲ ਲੁੱਟ ਦੀ ਕੋਸ਼ਿਸ਼ ਕਰਨ ਵਾਲੇ ਮੁਲਜ਼ਮਾਂ ਨੂੰ ਥਾਣਾ ਡਵੀਜ਼ਨ ਨੰਬਰ ਦੋ ਤੇ ਸਪੈਸ਼ਲ ਸਟਾਫ ਦੀ ਟੀਮ ਨੇ ਕਾਬੂ ਕਰ ਲਿਆ ਹੈ। ਹਾਲਾਂਕਿ ਪੁਲਿਸ ਵੱਲੋਂ ਹਾਲੇ ਤੱਕ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ, ਪਰ ਜਾਣਕਾਰੀ ਮੁਤਾਬਿਕ ਪੁਲਿਸ ਨੇ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਕੇ ਦੋ ਵਾਹਨ ਵੀ ਜ਼ਬਤ ਕੀਤੇ ਹਨ। ਪੁਲਿਸ ਜਾਂਚ ’ਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਪਹਿਲਾਂ ਵੀ ਕਈ ਲੁੱਟ ਦੀਆਂ ਵਾਰਦਾਤਾਂ ਕਰ ਚੁੱਕੇ ਹਨ। ਮੁਲਜ਼ਮਾਂ ਦੀ ਪਛਾਣ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਕੀਤੀ ਗਈ ਹੈ। ਸ਼ਨਿਚਰਵਾਰ ਨੂੰ ਪਵਨਦੀਪ ਸਵੇਰੇ ਕਰੀਬ 4 ਵਜੇ ਆਪਣੀ ਡਿਊਟੀ ਖਤਮ ਕਰ ਕੇ ਘਰ ਵਾਪਸ ਜਾ ਰਹੇ ਸਨ। ਜਿਵੇਂ ਹੀ ਉਹ ਫੁੱਟਬਾਲ ਚੌਕ ਨੇੜੇ ਪਹੁੰਚੇ, ਉੱਥੇ ਪਹਿਲਾਂ ਤੋਂ ਐਕਟਿਵਾ ਅਤੇ ਮੋਟਰਸਾਈਕਲ ’ਤੇ ਸਵਾਰ ਕਰੀਬ 6 ਨੌਜਵਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ। ਮੁਲਜ਼ਮਾਂ ਨੇ ਉਨ੍ਹਾਂ ਨਾਲ ਲੁੱਟ-ਖੋਹ ਕਰਨ ਦੀ ਕੋਸ਼ਿਸ਼ ਕੀਤੀ। ਅਚਾਨਕ ਹਮਲੇ ਨਾਲ ਪਵਨਦੀਪ ਘਬਰਾ ਗਏ, ਪਰ ਉਨ੍ਹਾਂ ਨੇ ਹਿੰਮਤ ਦਿਖਾਉਂਦੇ ਹੋਏ ਇਕ ਨੌਜਵਾਨ ਨੂੰ ਧੱਕਾ ਦਿੱਤਾ ਤੇ ਤੁਰੰਤ ਆਪਣੀ ਐਕਟਿਵਾ ਮੋੜ ਕੇ ਨੇੜਲੇ ਪੈਟਰੋਲ ਪੰਪ ਵੱਲ ਭੱਜ ਗਏ। ਪੈਟਰੋਲ ਪੰਪ ’ਤੇ ਪਹੁੰਚਦੇ ਹੀ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਤੋਂ ਬਾਅਦ ਜਦੋਂ ਪੈਟਰੋਲ ਪੰਪ ਦੀ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਗਈ ਤਾਂ ਮੁਲਜ਼ਮ ਉੱਥੇ ਤੇਲ ਭਰਵਾਉਂਦੇ ਹੋਏ ਨਜ਼ਰ ਆਏ। ਜਲਦੀ ਹੀ ਪੁਲਿਸ ਵੱਲੋਂ ਪੱਤਰਕਾਰ ਵਾਰਤਾ ਕਰ ਕੇ ਇਸ ਮਾਮਲੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾ ਸਕਦੀ ਹੈ।