ਵੈਸ਼ਨੋ ਦੇਵੀ ਤੋਂ ਪਰਤ ਰਹੇ ਸ਼ਰਧਾਲੂਆਂ ਨਾਲ ਹਾਦਸਾ, ਭੋਗਪੁਰ ਨੇੜੇ ਡਿਵਾਈਡਰ ਨਾਲ ਟਕਰਾ ਕੇ ਪਲਟਿਆ ਟਰੈਕਟਰ; 2 ਦੀ ਮੌਤ ਤੇ 1 ਗੰਭੀਰ ਜ਼ਖ਼ਮੀ ਭੋਗਪੁਰ ਵਿਖੇ ਰੈੱਡ ਟੇਪ ਸ਼ਾਪ ਨੇੜੇ ਬੀਤੀ ਰਾਤ ਇੱਕ ਟਰੈਕਟਰ ਦੇ ਬੇਕਾਬੂ ਹੋ ਕੇ ਡਿਵਾਈਡਰ ’ਤੇ ਚੜ੍ਹ ਜਾਣ ਕਾਰਨ ਵਾਪਰੇ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਹਾਦਸੇ ਸਮੇਂ ਟਰੈਕਟਰ ਵਿੱਚ ਕੁੱਲ ਚਾਰ ਵਿਅਕਤੀ ਸਵਾਰ ਸਨ। ਇੱਕ ਵਿਅਕਤੀ ਨੂੰ ਬਿਲਕੁਲ ਠੀਕ ਪਾਇਆ ਗਿਆ।
Publish Date: Sun, 13 Sep 2026 12:57 PM (IST)
Updated Date: Sun, 13 Sep 2026 01:16 PM (IST)
ਗੁਰਪਾਲ ਸਿੰਘ ਸਾਬੀ, ਪੰਜਾਬੀ ਜਾਗਰਣ, ਭੋਗਪੁਰ : ਭੋਗਪੁਰ ਵਿਖੇ ਰੈੱਡ ਟੇਪ ਸ਼ਾਪ ਨੇੜੇ ਬੀਤੀ ਰਾਤ ਇੱਕ ਟਰੈਕਟਰ ਦੇ ਬੇਕਾਬੂ ਹੋ ਕੇ ਡਿਵਾਈਡਰ ’ਤੇ ਚੜ੍ਹ ਜਾਣ ਕਾਰਨ ਵਾਪਰੇ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਹਾਦਸੇ ਸਮੇਂ ਟਰੈਕਟਰ ਵਿੱਚ ਕੁੱਲ ਚਾਰ ਵਿਅਕਤੀ ਸਵਾਰ ਸਨ। ਇੱਕ ਵਿਅਕਤੀ ਨੂੰ ਬਿਲਕੁਲ ਠੀਕ ਪਾਇਆ ਗਿਆ।
ਜਾਣਕਾਰੀ ਅਨੁਸਾਰ, ਰਾਹਗੀਰ ਵੱਲੋਂ ਰਾਤ ਕਰੀਬ 11:40 ਵਜੇ ਹਾਦਸੇ ਦੀ ਸੂਚਨਾ ਦਿੱਤੀ ਗਈ। ਐੱਸ.ਐੱਸ.ਐੱਫ. ਟੀਮ 11:43 ਵਜੇ ਮੌਕੇ ’ਤੇ ਪਹੁੰਚੀ ਅਤੇ ਹਾਦਸਾਗ੍ਰਸਤ ਟਰੈਕਟਰ-ਟਰਾਲੀ ਨੂੰ ਸੁਰੱਖਿਅਤ ਕਰਦਿਆਂ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਕਾਰਵਾਈ ਕੀਤੀ। ਦੱਸਿਆ ਗਿਆ ਕਿ ਸਵਾਰ ਵਿਅਕਤੀ ਵੈਸ਼ਨੋ ਦੇਵੀ ਤੋਂ ਸਹਾਰਨਪੁਰ ਵੱਲ ਜਾ ਰਹੇ ਸਨ।
ਏਐਸ ਆਈ ਰਣਧੀਰ ਸਿੰਘ ਅਤੇ ਐੱਸ.ਐੱਸ.ਐੱਫ. ਟੀਮ ਵੱਲੋਂ ਜ਼ਖ਼ਮੀ ਨੂੰ ਐਂਬੂਲੈਂਸ ਦੀ ਮਦਦ ਨਾਲ ਜੌਹਲ ਹਸਪਤਾਲ, ਭੋਗਪੁਰ ਵਿਖੇ ਪਹੁੰਚਾਇਆ ਗਿਆ, ਜਦਕਿ ਮ੍ਰਿਤਕਾਂ ਦੀਆਂ ਦੇਹਾਂ ਨੂੰ ਅਗਲੀ ਕਾਰਵਾਈ ਲਈ ਸਿਵਲ ਹਸਪਤਾਲ, ਜਲੰਧਰ ਭੇਜਿਆ ਗਿਆ। ਥਾਣਾ ਭੋਗਪੁਰ ਦੇ ਡਿਊਟੀ ਅਫ਼ਸਰ ਏ.ਐੱਸ.ਆਈ. ਤਲਵਿੰਦਰ ਸਿੰਘ ਵੀ ਮੌਕੇ ’ਤੇ ਪਹੁੰਚੇ। ਪੁਲਿਸ ਵੱਲੋਂ ਮ੍ਰਿਤਕਾਂ ਦੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਹਾਈਡਰਾ ਦੀ ਮਦਦ ਨਾਲ ਹਾਦਸਾਗ੍ਰਸਤ ਟਰੈਕਟਰ-ਟਰਾਲੀ ਨੂੰ ਸੜਕ ਤੋਂ ਹਟਾ ਕੇ ਆਵਾਜਾਈ ਬਹਾਲ ਕੀਤੀ ਗਈ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਸਬੰਧੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।