ਫਿਲੌਰ ਬੱਸ ਸਟੈਂਡ ਨੇੜੇ ਕੰਬਾਈਨ ਨਾਲ ਕੈਂਟਰ ਦੀ ਟੱਕਰ ਫਿਲੌਰ ਬੱਸ ਸਟੈਂਡ ਨੇੜੇ ਕੰਬਾਈਨ ਨਾਲ ਅਸ਼ੋਕ ਲੇਲੈਂਡ ਕੈਂਟਰ ਦੀ ਜ਼ਬਰਦਸਤ ਟੱਕਰ, ਰੇਲਿੰਗ ਤੋੜ ਕੇ ਸਰਵਿਸ ਲਾਈਨ ’ਤੇ ਪਹੁੰਚਿਆ ਕੈਂਟਰ
Publish Date: Sun, 13 Sep 2026 07:17 PM (IST)
Updated Date: Sun, 13 Sep 2026 07:20 PM (IST)
ਰੇਲਿੰਗ ਤੋੜ ਕੇ ਸਰਵਿਸ ਲਾਈਨ ’ਤੇ ਪਹੁੰਚਿਆ ਕੈਂਟਰ ਨਵਦੀਪ ਸਿੰਘ ਨਵੀ, ਪੰਜਾਬੀ ਜਾਗਰਣ ਫਿਲੌਰ : ਫਿਲੌਰ ਬੱਸ ਸਟੈਂਡ ਨੇੜੇ ਤੜਕੇ ਕਰੀਬ ਪੌਣੇ ਤਿੰਨ ਵਜੇ ਜੀਟੀ ਰੋਡ ’ਤੇ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ, ਜਦੋਂ ਵੇਰਕਾ ਮਿਲਕ ਬਾਰ ਦੇ ਸਾਹਮਣੇ ਇਕ ਕੰਬਾਈਨ ਤੇ ਕੈਂਟਰ ਦੀ ਜ਼ਬਰਦਸਤ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕੈਂਟਰ ਸੜਕ ਕਿਨਾਰੇ ਲੱਗੀ ਰੇਲਿੰਗ ਨੂੰ ਤੋੜਦਾ ਹੋਇਆ ਸਰਵਿਸ ਲਾਈਨ ਵੱਲ ਜਾ ਪਹੁੰਚਿਆ। ਜਾਣਕਾਰੀ ਅਨੁਸਾਰ ਕੰਬਾਈਨ ਜੀਟੀ ਰੋਡ ਦੇ ਸਾਈਡ ’ਤੇ ਐਗਜ਼ਿਟ ਪੁਆਇੰਟ ਨੇੜੇ ਖੜ੍ਹੀ ਸੀ। ਇਸੇ ਦੌਰਾਨ ਅਸ਼ੋਕ ਲੇਲੈਂਡ ਕੈਂਟਰ ਦੀ ਕੰਬਾਈਨ ਨਾਲ ਟੱਕਰ ਹੋ ਗਈ। ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਕ ਸੜਕ ਕਿਨਾਰੇ ਕੰਬਾਈਨ ਦਾ ਖੜ੍ਹਾ ਹੋਣਾ ਹਾਦਸੇ ਦਾ ਇਕ ਸੰਭਾਵਿਤ ਕਾਰਨ ਮੰਨਿਆ ਜਾ ਰਿਹਾ ਹੈ। ਹਾਲਾਂਕਿ ਹਾਦਸੇ ਦੇ ਅਸਲ ਕਾਰਨਾਂ ਦੀ ਪੁਸ਼ਟੀ ਪੁਲਿਸ ਜਾਂਚ ਤੋਂ ਬਾਅਦ ਹੀ ਹੋਵੇਗੀ। ਟੱਕਰ ਕਾਰਨ ਕੈਂਟਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ, ਜਦਕਿ ਕੰਬਾਈਨ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਿਆ। ਜ਼ਬਰਦਸਤ ਟੱਕਰ ਤੋਂ ਬਾਅਦ ਕੈਂਟਰ ਰੇਲਿੰਗ ਤੋੜ ਕੇ ਸਰਵਿਸ ਲਾਈਨ ’ਤੇ ਜਾ ਪਹੁੰਚਿਆ। ਹਾਦਸੇ ਦੀ ਗੰਭੀਰਤਾ ਦੇ ਬਾਵਜੂਦ ਰਾਹਤ ਦੀ ਗੱਲ ਇਹ ਰਹੀ ਕਿ ਕਿਸੇ ਵਿਅਕਤੀ ਦੇ ਜ਼ਖ਼ਮੀ ਹੋਣ ਜਾਂ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਐੱਸਐੱਸਐੱਫ ਦੀ ਟੀਮ ਇੰਚਾਰਜ ਸਰਬਜੀਤ ਸਿੰਘ ਦੀ ਅਗਵਾਈ ਹੇਠ ਮੌਕੇ ’ਤੇ ਪਹੁੰਚੀ। ਟੀਮ ਨੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਸੜਕ ’ਤੇ ਸੁਰੱਖਿਆ ਪ੍ਰਬੰਧ ਕੀਤੇ। ਹਾਦਸਾਗ੍ਰਸਤ ਵਾਹਨਾਂ ਦੇ ਪਿੱਛੇ ਸੇਫਟੀ ਕੋਨ ਲਗਾਏ ਗਏ ਤੇ ਵਾਹਨਾਂ ਨੂੰ ਸਾਈਡ ’ਤੇ ਕਰਵਾਇਆ ਗਿਆ ਤਾਂ ਜੋ ਜੀਟੀ ਰੋਡ ’ਤੇ ਆਵਾਜਾਈ ਪ੍ਰਭਾਵਿਤ ਨਾ ਹੋਵੇ। ਘਟਨਾ ਸਬੰਧੀ ਥਾਣਾ ਫਿਲੌਰ ਦੀ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।