- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਾਰਥ ’ਚ ‘ਆਪ’ ਦਾ ਨਵਾਂ ਦਫ਼ਤਰ, 2027 ਲਈ ਧੀਰ ਨੇ ਕੱਸਿਆ ਕਮਰਕੱਸਾ!

ਲਖਬੀਰ, ਪੰਜਾਬੀ ਜਾਗਰਣ, ਜਲੰਧਰ : 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਜਲੰਧਰ ਨਾਰਥ ਹਲਕੇ ’ਚ ਆਪਣੀ ਸਰਗਰਮੀ ਤੇਜ਼ ਕਰਦਿਆਂ ਸੰਗਠਨ ਨੂੰ ਨਵਾਂ ਆਧਾਰ ਦੇਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਮੇਅਰ ਵਿਨੀਤ ਧੀਰ ਤੇ ਨਾਰਥ ਹਲਕਾ ਇੰਚਾਰਜ ਵੱਲੋਂ ਇੰਡਸਟਰੀਅਲ ਏਰੀਆ ’ਚ ਬਾਬਾ ਸੋਢਲ ਜੀ ਮੰਦਰ ਦੇ ਬਿਲਕੁਲ ਨੇੜੇ ਪਾਰਟੀ ਦੇ ਨਵੇਂ ਮੁੱਖ ਦਫ਼ਤਰ ਦਾ ਉਦਘਾਟਨ ਕੀਤਾ ਗਿਆ। ਦਫ਼ਤਰ ਦੇ ਉਦਘਾਟਨ ਮੌਕੇ ਪਾਰਟੀ ਦੇ ਕਈ ਸੀਨੀਅਰ ਆਗੂਆਂ, ਸਥਾਨਕ ਪਤਵੰਤਿਆਂ ਤੇ ਵੱਡੀ ਗਿਣਤੀ ’ਚ ਇਲਾਕਾ ਵਾਸੀਆਂ ਦੀ ਮੌਜੂਦਗੀ ਨੇ ਨਾਰਥ ਹਲਕੇ ’ਚ ‘ਆਪ’ ਦੀ ਵਧ ਰਹੀ ਸਰਗਰਮੀ ਵੱਲ ਇਸ਼ਾਰਾ ਕੀਤਾ। ਪਾਰਟੀ ਵੱਲੋਂ ਇਸ ਦਫ਼ਤਰ ਨੂੰ ਸਿਰਫ਼ ਸੰਗਠਨਾਤਮਕ ਗਤੀਵਿਧੀਆਂ ਤੱਕ ਸੀਮਤ ਨਾ ਰੱਖਦਿਆਂ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਤੇ ਉਨ੍ਹਾਂ ਦੇ ਹੱਲ ਲਈ ਸਿੱਧਾ ਸੰਪਰਕ ਕੇਂਦਰ ਬਣਾਉਣ ਦੀ ਗੱਲ ਕਹੀ ਗਈ ਹੈ। ਮੇਅਰ ਵਿਨੀਤ ਧੀਰ ਨੇ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਾਰਥ ਹਲਕੇ ਦੇ ਲੋਕਾਂ ਦੀ ਸੇਵਾ ਕਰਨ ਦੇ ਮਕਸਦ ਨਾਲ ਇਹ ਦਫ਼ਤਰ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਲਕੇ ’ਚ ਸੜਕਾਂ, ਸੀਵਰੇਜ ਸਮੇਤ ਕਈ ਸਮੱਸਿਆਵਾਂ ਹਨ ਤੇ ਉਹ ਖੁਦ ਲਗਾਤਾਰ ਇਲਾਕੇ ਦਾ ਦੌਰਾ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੇਖ ਰਹੇ ਹਨ। ਆਉਣ ਵਾਲੇ ਸਮੇਂ ’ਚ ਸ਼ਹਿਰ ਦੇ ਹੋਰਨਾਂ ਹਲਕਿਆਂ ਦੀ ਤਰ੍ਹਾਂ ਨਾਰਥ ਹਲਕੇ ਦੀ ਵੀ ਨੁਹਾਰ ਬਦਲਣ ਲਈ ਕੰਮ ਕੀਤਾ ਜਾਵੇਗਾ ਤੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਤੋਂ ਰਾਹਤ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਮੇਅਰ ਅਨੁਸਾਰ ਉਹ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਨਾਰਥ ਹਲਕੇ ਦੇ ਇਸ ਦਫ਼ਤਰ ’ਚ ਮੌਜੂਦ ਰਹਿਣਗੇ। ਇਸ ਤੋਂ ਬਾਅਦ 12.15 ਵਜੇ ਤੋਂ ਸ਼ਾਮ 5 ਵਜੇ ਤੱਕ ਨਗਰ ਨਿਗਮ ਦਫ਼ਤਰ ’ਚ ਰਹਿਣਗੇ ਤੇ ਫਿਰ ਸ਼ਾਮ 5.15 ਵਜੇ ਤੋਂ ਰਾਤ 8.30 ਵਜੇ ਤੱਕ ਮੁੜ ਨਾਰਥ ਹਲਕੇ ਦੇ ਦਫ਼ਤਰ ’ਚ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ। ਹੁਣ ਦੇਖਣਾ ਇਹ ਹੋਵੇਗਾ ਕਿ 2027 ਦੀਆਂ ਚੋਣਾਂ ਤੋਂ ਪਹਿਲਾਂ ਖੋਲ੍ਹਿਆ ਗਿਆ ਇਹ ਨਵਾਂ ਦਫ਼ਤਰ ਨਾਰਥ ਹਲਕੇ ’ਚ ‘ਆਪ’ ਦੇ ਸੰਗਠਨ ਨੂੰ ਕਿੰਨਾ ਮਜ਼ਬੂਤ ਕਰਦਾ ਹੈ ਤੇ ਸੜਕਾਂ, ਸੀਵਰੇਜ ਤੇ ਹੋਰ ਬੁਨਿਆਦੀ ਸਮੱਸਿਆਵਾਂ ਨੂੰ ਲੈ ਕੇ ਲੋਕਾਂ ਦੀਆਂ ਉਮੀਦਾਂ ’ਤੇ ਕਿੰਨਾ ਖਰਾ ਉਤਰਦਾ ਹੈ।