ਜਲੰਧਰ ਨਾਰਥ ’ਚ ‘ਆਪ’ ਦੀ 'ਆਪਣਿਆਂ' ਨਾਲ ਹੀ ਟੱਕਰ! ਜਲੰਧਰ ਨਾਰਥ ’ਚ ‘ਆਪ’ ਦੀ 'ਆਪਣਿਆਂ' ਨਾਲ ਹੀ ਟੱਕਰ!
Publish Date: Wed, 26 Aug 2026 09:18 PM (IST)
Updated Date: Wed, 26 Aug 2026 09:19 PM (IST)
-ਹਲਕਾ ਇੰਚਾਰਜ ਬਦਲਦੇ ਹੀ ਟਿਕਟ ਦੀ ਦੌੜ ਤੇਜ਼ -ਪੁਰਾਣੇ ਵਰਕਰਾਂ ਤੇ ਨਵੇਂ ਚਿਹਰਿਆਂ ਵਿਚਾਲੇ ਸਿਆਸੀ ਖਿੱਚੋਤਾਣ ਦੇ ਸੰਕੇਤ -ਢੱਲ ਦੀ ਹਲਕੀ ਜਿਹੀ ਵਿਰੋਧਤਾ ਡੁੱਬੋ ਸਕਦੀ ਹੈ ਆਪ’ ਦੀ ਬੇੜੀ ਲਖਬੀਰ, ਪੰਜਾਬੀ ਜਾਗਰਣ, ਜਲੰਧਰ : 2027 ਦੀਆਂ ਵਿਧਾਨ ਸਭਾ ਚੋਣਾਂ ਅਜੇ ਥੋੜਾ ਸਮਾਂ ਹੈ ਪਰ ਜਲੰਧਰ ਨਾਰਥ ’ਚ ਸਿਆਸੀ ਬਿਸਾਤ ਹੁਣੇ ਤੋਂ ਹੀ ਵਿਛਦੀ ਨਜ਼ਰ ਆ ਰਹੀ ਹੈ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਮੁਕਾਬਲਾ ਇਸ ਵੇਲੇ ਵਿਰੋਧੀ ਧਿਰ ਨਾਲੋਂ ਜ਼ਿਆਦਾ ਆਮ ਆਦਮੀ ਪਾਰਟੀ ਦੇ ਅੰਦਰ ਹੀ ਸੰਭਾਵਿਤ ਚਿਹਰਿਆਂ, ਸੰਗਠਨਾਤਮਕ ਪਕੜ ਤੇ ਸਿਆਸੀ ਪ੍ਰਭਾਵ ਨੂੰ ਲੈ ਕੇ ਦਿਖਾਈ ਦੇ ਰਿਹਾ ਹੈ। ਆਮ ਆਦਮੀ ਪਾਰਟੀ ਨੇ ਜੁਲਾਈ ਦੇ ਅੰਤ ’ਚ ਜਲੰਧਰ ਨਾਰਥ ਦੇ ਹਲਕਾ ਇੰਚਾਰਜ ’ਚ ਵੱਡਾ ਬਦਲਾਅ ਕਰਦਿਆਂ ਜਲੰਧਰ ਦੇ ਮੇਅਰ ਵਨੀਤ ਧੀਰ ਨੂੰ ਨਵੀਂ ਜ਼ਿੰਮੇਵਾਰੀ ਸੌਂਪ ਦਿੱਤੀ। ਉਨ੍ਹਾਂ ਦੀ ਥਾਂ ਕਰੀਬ ਸਾਢੇ ਚਾਰ ਸਾਲਾਂ ਤੋਂ ਹਲਕੇ ਦੀ ਕਮਾਨ ਸੰਭਾਲ ਰਹੇ ਦਿਨੇਸ਼ ਢੱਲ ਨੂੰ ਹਟਾ ਦਿੱਤਾ ਗਿਆ। --- ਇਕ ਪਾਸੇ ਪੁਰਾਣਾ ਸੰਗਠਨ, ਦੂਜੇ ਪਾਸੇ ਨਵਾਂ ਚਿਹਰਾ ਵਨੀਤ ਧੀਰ ਨੂੰ ਨਾਰਥ ਦੀ ਜ਼ਿੰਮੇਵਾਰੀ ਮਿਲਣ ਦੇ ਨਾਲ ਹੀ ਪਾਰਟੀ ਦੇ ਅੰਦਰ ਸਿਆਸੀ ਸਮੀਕਰਨਾਂ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ। ਧੀਰ ਦੀ ਸਭ ਤੋਂ ਵੱਡੀ ਤਾਕਤ ਉਨ੍ਹਾਂ ਦਾ ਮੌਜੂਦਾ ਅਹੁਦਾ ਜਲੰਧਰ ਦੇ ਮੇਅਰ ਦਾ ਹੋਣਾ ਮੰਨਿਆ ਜਾ ਰਿਹਾ ਹੈ। ਪਾਰਟੀ ਨੇ ਉਨ੍ਹਾਂ ਨੂੰ ਚੋਣਾਂ ਤੋਂ ਕਾਫ਼ੀ ਪਹਿਲਾਂ ਨਾਰਥ ’ਚ ਸਰਗਰਮ ਕੀਤਾ ਹੈ, ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਸੰਗਠਨ ਹਲਕੇ ’ਚ ਆਪਣੀ ਸਥਿਤੀ ਮਜ਼ਬੂਤ ਕਰਨ ਲਈ ਹੁਣੇ ਤੋਂ ਤਿਆਰੀ ਕਰਨਾ ਚਾਹੁੰਦਾ ਹਨ। ਦੂਜੇ ਪਾਸੇ ਦਿਨੇਸ਼ ਢੱਲ ਲੰਬੇ ਸਮੇਂ ਤੱਕ ਹਲਕਾ ਇੰਚਾਰਜ ਰਹੇ ਹਨ। ਅਜਿਹੇ ’ਚ ਇਹ ਸਵਾਲ ਉੱਠਣਾ ਸੁਭਾਵਿਕ ਹੈ ਕਿ ਉਨ੍ਹਾਂ ਨਾਲ ਜੁੜੇ ਪੁਰਾਣੇ ਸਾਥੀਆਂ ਤੇ ਵਰਕਰਾਂ ਦੀ ਅੱਗੇ ਕੀ ਭੂਮਿਕਾ ਰਹੇਗੀ। --- ਟਿਕਟ ਤੋਂ ਪਹਿਲਾਂ ਸ਼ੁਰੂ ਹੋਈ ਸਿਆਸੀ ਦੌੜ? ਜਲੰਧਰ ਨਾਰਥ ’ਚ ਇਸ ਵੇਲੇ ਸਭ ਤੋਂ ਵੱਡਾ ਸਵਾਲ ਵਿਧਾਨ ਸਭਾ ਟਿਕਟ ਦਾ ਹੈ। ਪਾਰਟੀ ਨੇ ਕਿਸੇ ਸੰਭਾਵਿਤ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ ਪਰ ਹਲਕਾ ਇੰਚਾਰਜ ਬਦਲਣ ਤੋਂ ਬਾਅਦ ਸਿਆਸੀ ਸਰਗਰਮੀਆਂ ਦਾ ਵਧਣਾ ਇਸ ਗੱਲ ਦਾ ਸੰਕੇਤ ਜ਼ਰੂਰ ਹੈ ਕਿ ਪਾਰਟੀ 2027 ਲਈ ਜ਼ਮੀਨ ਤਿਆਰ ਕਰਨਾ ਚਾਹੁੰਦੀ ਹੈ। ਅਜਿਹੇ ’ਚ ਪਾਰਟੀ ਦੇ ਅੰਦਰ ਸੰਭਾਵਿਤ ਦਾਅਵੇਦਾਰਾਂ ਦੀ ਗਿਣਤੀ, ਉਨ੍ਹਾਂ ਦੇ ਸਮਰਥਕਾਂ ਦੀ ਤਾਕਤ, ਵਾਰਡਾਂ ’ਤੇ ਪਕੜ ਤੇ ਸੀਨੀਅਰ ਲੀਡਰਸ਼ਿਪ ਤੱਕ ਪਹੁੰਚ ਆਉਣ ਵਾਲੇ ਮਹੀਨਿਆਂ ’ਚ ਸਭ ਤੋਂ ਮਹੱਤਵਪੂਰਨ ਸਿਆਸੀ ਮੁੱਦੇ ਬਣ ਸਕਦੇ ਹਨ। ਯਾਨੀ ਮੁਕਾਬਲਾ ਸਿਰਫ਼ ਕਾਂਗਰਸ ਬਨਾਮ ਆਮ ਆਦਮੀ ਪਾਰਟੀ ਜਾਂ ਭਾਜਪਾ ਬਨਾਮ ਆਮ ਆਦਮੀ ਪਾਰਟੀ ਦਾ ਨਹੀਂ ਰਹੇਗਾ। --- ਨਾਰਥ ’ਚ ‘ਬਾਹਰੋਂ ਆਏ’ ਤੇ ‘ਪੁਰਾਣੇ ਆਪ’ ਦੀ ਸਿਆਸਤ? ਆਮ ਆਦਮੀ ਪਾਰਟੀ ਲਈ ਜਲੰਧਰ ਨਾਰਥ ਦੀ ਚੁਣੌਤੀ ਸਿਰਫ਼ ਵਿਰੋਧੀ ਧਿਰ ਨਾਲ ਮੁਕਾਬਲਾ ਕਰਨਾ ਨਹੀਂ ਹੈ। ਪਾਰਟੀ ਨੂੰ ਆਪਣੇ ਅੰਦਰ ਵੱਖ-ਵੱਖ ਸਿਆਸੀ ਪਿਛੋਕੜ ਤੋਂ ਆਏ ਆਗੂਆਂ ਤੇ ਪੁਰਾਣੇ ਵਰਕਰਾਂ ਵਿਚਕਾਰ ਸੰਤੁਲਨ ਵੀ ਬਣਾਉਣਾ ਪਵੇਗਾ। ਵਨੀਤ ਧੀਰ ਖੁਦ ਪਹਿਲਾਂ ਭਾਜਪਾ ਨਾਲ ਜੁੜੇ ਰਹੇ ਤੇ ਬਾਅਦ ’ਚ ਆਮ ਆਦਮੀ ਪਾਰਟੀ ’ਚ ਆਏ। ਹੁਣ ਉਨ੍ਹਾਂ ਨੂੰ ਨਾਰਥ ਦੀ ਕਮਾਨ ਦਿੱਤੀ ਗਈ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ’ਚ ਲੰਬੇ ਸਮੇਂ ਤੋਂ ਸਰਗਰਮ ਵਰਕਰਾਂ ਦੇ ਸਾਹਮਣੇ ਇਹ ਸਵਾਲ ਖੜ੍ਹਾ ਹੋ ਸਕਦਾ ਹੈ ਕਿ ਚੋਣਾਵੀ ਮੈਦਾਨ ’ਚ ਤਰਜੀਹ ਕਿਸ ਨੂੰ ਮਿਲੇਗੀ। --- ਲੜਾਈ ਵਿਰੋਧੀਆਂ ਨਾਲੋਂ ਪਹਿਲਾਂ ਘਰ ਦੇ ਅੰਦਰ ਦੀ ਜਲੰਧਰ ਨਾਰਥ ’ਚ ਕਾਂਗਰਸ, ਭਾਜਪਾ ਤੇ ਅਕਾਲੀ ਦਲ ਦੀ ਮੌਜੂਦਗੀ ਆਪਣੀ ਥਾਂ ਹੈ ਪਰ 2027 ਦੀ ਤਿਆਰੀ ’ਚ ਆਮ ਆਦਮੀ ਪਾਰਟੀ ਨੇ ਜਿਸ ਤਰ੍ਹਾਂ ਹਲਕਾ ਇੰਚਾਰਜ ਬਦਲਿਆ ਹੈ ਉਸ ਤੋਂ ਫਿਲਹਾਲ ਸਭ ਤੋਂ ਦਿਲਚਸਪ ਕਹਾਣੀ ਪਾਰਟੀ ਦੇ ਅੰਦਰ ਦੀ ਬਣਦੀ ਦਿਖਾਈ ਦੇ ਰਹੀ ਹੈ ਤੇ ਜਲੰਧਰ ਨਾਰਥ ’ਚ ਇਹ ਸ਼ੁਰੂਆਤ ਹੁਣ ਦਿਖਾਈ ਦੇਣ ਲੱਗੀ ਹੈ ‘ਆਪ’ ਬਨਾਮ ‘ਆਪ’ ਦੀ ਆਹਟ, ਫਿਰ ਬਾਹਰ ਵਾਲਿਆਂ ਨਾਲ ਮੁਕਾਬਲਾ।