- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਝੋਟਾ ਕਤਲ ਕਾਂਡ ਦੇ ਰੋਸ ਵਜੋਂ ‘ਆਪ’ ਆਗੂ ਭੁੱਲਰ ਨੇ ਦਿੱਤਾ ਪਾਰਟੀ ਤੋਂ ਅਸਤੀਫ਼ਾ

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਮਾਨਸਾ ਵਿਚ ਸਮਾਜ ਸੇਵੀ ਪਰਵਿੰਦਰ ਸਿੰਘ ਝੋਟੇ ਦੇ ਹੋਏ ਕਤਲ ਦੇ ਰੋਸ ਵਜੋਂ ‘ਆਪ’ ਯੂਥ ਵਿੰਗ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਸੀਨੀਅਰ ਆਗੂ ਰਜਿੰਦਰ ਸਿੰਘ ਭੁੱਲਰ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਗੱਲਬਾਤ ਕਰਦਿਆਂ ਰਜਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਵਿੱਚ ਬਦਲਾਅ ਲਿਆਉਣ ਦੀ ਉਮੀਦ ਨਾਲ ਪਾਰਟੀ ਲਈ ਦਿਨ-ਰਾਤ ਮਿਹਨਤ ਕੀਤੀ ਸੀ ਪਰ ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ ਹਾਲਾਤ ਉਲਟ ਹੀ ਨਜ਼ਰ ਆਏ। ਭੁੱਲਰ ਨੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਦਿੱਤੇ ਬਿਆਨ ’ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਮੰਤਰੀ ਵੱਲੋਂ ਇਸ ਘਟਨਾ ਨੂੰ ਸਿਰਫ਼ ‘ਆਪਸੀ ਰੰਜਿਸ਼’ ਦੱਸਿਆ ਗਿਆ ਹੈ। ਭੁੱਲਰ ਨੇ ਕਿਹਾ ਕਿ ਦਿੱਲੀ ਤੋਂ ਹੁਕਮ ਮਿਲਣ ਤੋਂ ਬਾਅਦ ‘ਆਪ’ ਦੇ ਵਿਧਾਇਕ, ਆਗੂ ਅਤੇ ਵਲੰਟੀਅਰ ਸਵੇਰ ਤੋਂ ਹੀ ਸੋਸ਼ਲ ਮੀਡੀਆ ‘ਤੇ ਵੀਡੀਓਜ਼ ਪਾ ਕੇ ਸ਼ੇਖੀ ਮਾਰ ਰਹੇ ਹਨ ਕਿ ਕਾਤਲਾਂ ਨੂੰ ਰਾਜਸਥਾਨ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਤਿੱਖਾ ਸਵਾਲ ਕਰਦਿਆਂ ਪੁੱਛਿਆ ਕਿ ਕੀ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਤੇ ਵੀਡੀਓਜ਼ ਪਾਉਣ ਨਾਲ ਦੋ ਬੱਚਿਆਂ ਦਾ ਪਿਤਾ ਪਰਵਿੰਦਰ ਸਿੰਘ ਝੋਟਾ ਵਾਪਸ ਆ ਜਾਵੇਗਾ।