ਆਗੂਆਂ ਦੇ ਸ਼ਕਤੀ ਪ੍ਰਦਰਸ਼ਨਾਂ ਨਾਲ ‘ਆਪ’ ’ਚ ਧੜੇਬੰਦੀ ਉਜਾਗਰ ਸ਼ਾਹਕੋਟ 'ਚ ‘ਆਪ’ ਅੰਦਰ ਟਿਕਟ ਲਈ ਘਮਾਸਾਨ: ਆਗੂਆਂ ਦੇ ਸ਼ਕਤੀ ਪ੍ਰਦਰਸ਼ਨਾਂ ਨੇ ਧੜੇਬੰਦੀ ਕੀਤੀ ਨੰਗੀ
Publish Date: Tue, 15 Sep 2026 07:36 PM (IST)
Updated Date: Tue, 15 Sep 2026 07:38 PM (IST)
-ਅੰਦਰੂਨੀ ਖਿੱਚੋਤਾਣ ਦਾ ਸਿੱਧਾ ਲਾਹਾ ਕਾਂਗਰਸ ਨੂੰ ਮਿਲਣ ਦੀ ਚਰਚਾ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਵਿਧਾਨ ਸਭਾ ਚੋਣਾਂ 2027 ਭਾਵੇਂ ਅਜੇ ਦੂਰ ਹਨ, ਪ੍ਰੰਤੂ ਹਲਕਾ ਸ਼ਾਹਕੋਟ ਅੰਦਰ ਸੱਤਾਧਾਰੀ ਆਮ ਆਦਮੀ ਪਾਰਟੀ ਵਿੱਚ ਟਿਕਟ ਦੀ ਦਾਅਵੇਦਾਰੀ ਨੂੰ ਲੈ ਕੇ ਛਿੜੀ ਅੰਦਰੂਨੀ ਜੰਗ ਹੁਣ ਖੁੱਲ੍ਹ ਕੇ ਚੌਰਾਹੇ ’ਤੇ ਆ ਗਈ ਹੈ। ਪਾਰਟੀ ਆਗੂਆਂ ਤੇ ਵੱਖ-ਵੱਖ ਵਿੰਗਾਂ ਵੱਲੋਂ ਆਪੋ-ਆਪਣੇ ਚਹੇਤੇ ਆਗੂਆਂ ਦੇ ਹੱਕ ਵਿੱਚ ਕੀਤੇ ਜਾ ਰਹੇ ਵੱਖੋ-ਵੱਖਰੇ ਸ਼ਕਤੀ ਪ੍ਰਦਰਸ਼ਨਾਂ ਨੇ ਜਿੱਥੇ ਪਾਰਟੀ ਦੀ ਜ਼ਮੀਨੀ ਧੜੇਬੰਦੀ ਨੂੰ ਜਨਤਕ ਕਰ ਦਿੱਤਾ ਹੈ, ਉੱਥੇ ਹੀ ਇਸ ਖਾਨਾਜੰਗੀ ਕਾਰਨ ਹਲਕੇ ਦੇ ਮੌਜੂਦਾ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਸਿਆਸੀ ਜ਼ਮੀਨ ਹੋਰ ਮਜ਼ਬੂਤ ਹੁੰਦੀ ਦਿਖਾਈ ਦੇ ਰਹੀ ਹੈ। --------------------- ਮਹਿਲਾ ਵਿੰਗ ਤੇ ਚੇਅਰਮੈਨ ਬਲਾਕ ਸੰਮਤੀ ਵੱਲੋਂ ਪੰਡੋਰੀ ਦੇ ਹੱਕ ’ਚ ਲਾਮਬੰਦੀ ਬੀਤੇ ਦਿਨੀਂ ਜਿੱਥੇ ਹਲਕੇ ਬਲਾਕ ਪ੍ਰਧਾਨਾਂ ਨੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਿਆ ਸੀ, ਉੱਥੇ ਹੀ ਹੁਣ ਮਹਿਲਾ ਵਿੰਗ ਤੇ ਬਲਾਕ ਸੰਮਤੀ ਮੈਂਬਰ ਵੀ ਖੁੱਲ੍ਹ ਕੇ ਪੰਡੋਰੀ ਦੇ ਹੱਕ ਵਿੱਚ ਡਟ ਗਏ ਹਨ। ਬਲਾਕ ਸੰਮਤੀ ਚੇਅਰਮੈਨ ਰਮਨਦੀਪ ਕੌਰ, ਮਹਿਲਾ ਵਿੰਗ ਦੀ ਹਲਕਾ ਕੋਆਰਡੀਨੇਟਰ ਕਮਲਜੀਤ ਕੌਰ, ਸੋਨੀਆ ਆਹਲੂਵਾਲੀਆ, ਚਰਨਜੀਤ ਕੌਰ ਤੇ ਸੀਮਾ ਗਿੱਲ ਸਮੇਤ ਕਈ ਮਹਿਲਾ ਆਗੂਆਂ ਨੇ ਇਕੱਠ ਕਰਕੇ ਦਾਅਵਾ ਕੀਤਾ ਕਿ ਪੰਡੋਰੀ ਨੇ ਹਲਕੇ ਅੰਦਰ ਪਾਰਟੀ ਨੂੰ ਮਜ਼ਬੂਤ ਕੀਤਾ ਹੈ, ਇਸ ਲਈ ਹਾਈਕਮਾਂਡ ਉਨ੍ਹਾਂ ਨੂੰ ਹੀ ਟਿਕਟ ਦੇਵੇ। ---------------------- ਜਲਾਲਪੁਰੀ ਵੱਲੋਂ ਐੱਸਸੀ ਵਿੰਗ ਦਾ ਵੱਖਰਾ ਇਕੱਠ ਕਰਕੇ ਦਾਅਵੇਦਾਰੀ ਦੂਜੇ ਪਾਸੇ, ਹਲਕਾ ਇੰਚਾਰਜ ਦੇ ਇਸ ਪ੍ਰਭਾਵ ਨੂੰ ਸੰਨ੍ਹ ਲਾਉਂਦਿਆਂ ‘ਆਪ’ ਐੱਸਸੀ. ਵਿੰਗ ਦੇ ਸੂਬਾ ਮੀਤ ਪ੍ਰਧਾਨ ਤੇ ਮਾਰਕੀਟ ਕਮੇਟੀ ਮਹਿਤਪੁਰ ਦੇ ਚੇਅਰਮੈਨ ਜਸਵੀਰ ਸਿੰਘ ਜਲਾਲਪੁਰੀ ਨੇ ਪੰਡੋਰੀ ਰਿਜ਼ੋਰਟ ਵਿਖੇ ਐੱਸਸੀ. ਵਿੰਗ ਦਾ ਇਕੱਠ ਕਰਕੇ ਟਿਕਟ ’ਤੇ ਸਿੱਧਾ ਦਾਅਵਾ ਠੋਕ ਦਿੱਤਾ ਹੈ। ਇਸ ਮੀਟਿੰਗ ’ਚ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਬਲਬੀਰ ਸਿੰਘ ਢੰਡੋਵਾਲ, ਦਲਿਤ ਵਿਕਾਸ ਵੈੱਲਫੇਅਰ ਬੋਰਡ ਦੇ ਚੇਅਰਮੈਨ ਕ੍ਰਾਂਤੀਜੀਤ ਸਿੰਘ ਚੌਹਾਨ ਤੇ ਰਵੀਪਾਲ ਕਾਲੀ ਨੇ ਨਵਾਂ ਰਾਗ ਅਲਾਪਦਿਆਂ ਕਿਹਾ ਕਿ ਹਲਕੇ ਵਿੱਚ ਐੱਸਸੀ. ਭਾਈਚਾਰੇ ਦੀ ਵੋਟ ਸਭ ਤੋਂ ਵੱਧ ਹੈ ਪਰ ਹਰ ਵਾਰ ਜਨਰਲ ਉਮੀਦਵਾਰ ਥੋਪ ਦਿੱਤਾ ਜਾਂਦਾ ਹੈ। ਉਨ੍ਹਾਂ ਸਿੱਧੇ ਤੌਰ ’ਤੇ ਮੰਗ ਕੀਤੀ ਕਿ ਇਸ ਵਾਰ ਜਸਵੀਰ ਸਿੰਘ ਜਲਾਲਪੁਰੀ ਨੂੰ ਉਮੀਦਵਾਰ ਬਣਾਇਆ ਜਾਵੇ। ਇਸ ਮੌਕੇ ਰਾਖੀ ਮੱਟੂ ਐੱਮਸੀ., ਨਿਰੰਜਣ ਸਿੰਘ ਸਾਬਕਾ ਸਰਪੰਚ ਪੂਨੀਆਂ, ਮਾਸਟਰ ਬਲਦੇਵ ਰਾਜ ਨੰਗਲ ਅੰਬੀਆਂ, ਮਨੀ ਭਾਰਦਵਾਜ, ਜੋਤੀ ਸਰਪੰਚ ਮਲਸੀਆਂ, ਨਿਸ਼ਾਨ ਸਿੰਘ, ਲਛਮਣ ਦਾਸ ਸਰਪੰਚ ਨਵਾਂ ਪਿੰਡ ਜੱਟਾਂ, ਮੰਗਾ ਪਹਿਲਵਾਨ ਮਹਿਤਪੁਰ, ਬਲਵੰਤ ਸਿੰਘ ਬੂੜੇਵਾਲ, ਬਲਵੀਰ ਸਿੰਘ ਸਰਪੰਚ ਬੀਰ ਬਾਲੋਕੀ, ਸਰਬਜੀਤ ਸਿੰਘ ਸਾਬੀ ਬੁਲੰਦਾ, ਮਦਨ ਲਾਲ ਸੇਵਾਮੁਕਤ ਇੰਸਪੈਕਟਰ ਕੰਨੀਆਂ, ਦੇਵ ਰਾਜ ਪ੍ਰਧਾਨ, ਜਸਵੰਤ ਸਿੰਘ, ਕੇਵਲ ਕ੍ਰਿਸ਼ਨ ਮੱਟੂ, ਸੰਤੋਖ ਸਿੰਘ ਸਿੰਘਪੁਰ, ਗੁਰਦੇਵ ਸਿੰਘ ਨੰਬਰਦਾਰ ਐਦਲਪੁਰ, ਗੁਰਚਰਨ ਸਿੰਘ ਪੰਚ, ਸਾਗਰ ਸਰਪੰਚ ਬੁਲੰਦਾ, ਸਰਬਜੀਤ ਮੱਟੂ, ਰਿੱਕੀ, ਦਵਿੰਦਰ ਸਿੰਘ ਫ਼ੌਜੀ, ਜਸਪਾਲ ਸਿੰਘ ਜੱਸਾ ਬਲਾਕ ਪ੍ਰਧਾਨ, ਅਵਤਾਰ ਸਿੰਘ ਠੇਕੇਦਾਰ, ਗੁਰਦਿਆਲ ਚੰਦ ਕੰਨੀਆਂ, ਰਾਜ ਕੁਮਾਰ ਗਿੱਲ ਪੰਚ ਅਤੇ ਸੁੱਚਾ ਸਿੰਘ ਆਦਿ ਹਾਜ਼ਰ ਸਨ। ------------------------------- ਧੜੇਬੰਦੀ ਨਾਲ ਸ਼ੇਰੋਵਾਲੀਆ ਦੀ ਜਿੱਤ ਦਾ ਰਾਹ ਸੁਖਾਲਾ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਇੱਕੋ ਪਾਰਟੀ ਦੇ ਕਈ ਪ੍ਰਮੁੱਖ ਆਗੂਆਂ ਵੱਲੋਂ ਆਹਮੋ-ਸਾਹਮਣੇ ਹੋ ਕੇ ਕੀਤੀ ਜਾ ਰਹੀ ਇਹ ਸ਼ਕਤੀ-ਪ੍ਰੀਖਿਆ ਪਾਰਟੀ ਵਰਕਰਾਂ ਨੂੰ ਭੰਬਲਭੂਸੇ ਵਿੱਚ ਪਾ ਰਹੀ ਹੈ। ਜਨਰਲ ਬਨਾਮ ਐੱਸਸੀ ਦਾਅਵੇਦਾਰੀ ਤੇ ਹਲਕਾ ਇੰਚਾਰਜ ਦੇ ਵਿਰੋਧ ਵਿੱਚ ਖੜ੍ਹੇ ਹੋ ਰਹੇ ਸੁਰ ਸਾਫ਼ ਇਸ਼ਾਰਾ ਕਰ ਰਹੇ ਹਨ ਕਿ ‘ਆਪ’ ਦੀ ਅੰਦਰੂਨੀ ਫੁੱਟ ਸਿਖਰਾਂ ’ਤੇ ਪਹੁੰਚ ਚੁੱਕੀ ਹੈ। ਇਸ ਸਿਆਸੀ ਖਿੱਚੋਤਾਣ, ਟਿਕਟ ਦੀ ਖਹਿਬਾਜ਼ੀ ਅਤੇ ਆਗੂਆਂ ਦੇ ਵੱਖੋ-ਵੱਖਰੇ ਰਾਹਾਂ ਦਾ ਸਿੱਧਾ ਫ਼ਾਇਦਾ ਕਾਂਗਰਸ ਦੇ ਮੌਜੂਦਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੂੰ ਮਿਲਦਾ ਦਿਖਾਈ ਦੇ ਰਿਹਾ ਹੈ। ਜੇਕਰ ‘ਆਪ’ ਦੀ ਇਹ ਅੰਦਰੂਨੀ ਲੜਾਈ ਇਸੇ ਤਰ੍ਹਾਂ ਜਾਰੀ ਰਹੀ, ਤਾਂ 2027 ਦੀਆਂ ਚੋਣਾਂ ਵਿੱਚ ਵਿਧਾਇਕ ਲਾਡੀ ਸ਼ੇਰੋਵਾਲੀਆ ਲਈ ਸੀਟ ਬਚਾਉਣਾ ਤੇ ਜਿੱਤ ਦਰਜ ਕਰਨਾ ਬੇਹੱਦ ਸੁਖਾਲਾ ਹੋ ਜਾਵੇਗਾ।