‘ਮੇਰੀ ਰਸੋਈ’ ਯੋਜਨਾ ਲੋਕਾਂ ਨਾਲ ਧੋਖਾ : ਸੰਘਾ
ਆਪ ਸਰਕਾਰ ਦੀ ਮੇਰੀ ਰਸੋਈ ਯੋਜਨਾ ਲੋਕਾਂ ਦੇ ਨਾਲ ਧੋਖਾ - ਸੰਘਾ
Publish Date: Wed, 25 Feb 2026 06:44 PM (IST)
Updated Date: Wed, 25 Feb 2026 06:46 PM (IST)

ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਐਲਾਨੀ ਗਈ ਮੇਰੀ ਰਸੋਈ ਯੋਜਨਾ ਨੂੰ ਪੰਜਾਬ ਦੀ ਆਮ ਆਵਾਮ ਨਾਲ ਸਰਕਾਰ ਵੱਲੋਂ ਕੀਤਾ ਗਿਆ ਧੋਖਾ ਦੱਸਦਿਆਂ ਜਲੰਧਰ ਕੈਂਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਜਾਪ ਸਿੰਘ ਸੰਘਾ ਨੇ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਯੋਜਨਾ ਚੋਣ ਸਾਲ ’ਚ ਮਹਿਜ਼ ਵੋਟਰਾਂ ਨੂੰ ਗੁੰਮਰਾਹ ਕਰਨ ਲਈ ਲਾਗੂ ਕੀਤੀ ਗਈ ਹੈ। ਸੰਘਾ ਨੇ ਕਿਹਾ, ਇਸ ਚੋਣ ਸਾਲ ’ਚ ਆਪ ਸਰਕਾਰ ਮੇਰੀ ਰਸੋਈ ਨਾਮਕ ਇਕ ਨਵੀਂ ਯੋਜਨਾ ਲੈ ਕੇ ਆਈ ਹੈ, ਜਿਸ ’ਚ 40 ਲੱਖ ਪਰਿਵਾਰਾਂ ਨੂੰ ਦਾਲਾਂ, ਖੰਡ, ਹਲਦੀ, ਨਮਕ ਤੇ ਤੇਲ ਮੁਹੱਈਆ ਕਰਵਾਉਣ ਦਾ ਦਾਅਵਾ ਕੀਤਾ ਗਿਆ ਹੈ, ਜਿਸ ’ਚ 133 ਕਰੋੜ ਲੋਕਾਂ ਨੂੰ ਕਵਰ ਕੀਤਾ ਜਾਵੇਗਾ। ਸਰਕਾਰ ਇਸ ਯੋਜਨਾ ਰਾਹੀਂ ਚੌਣਾਂ ਨੂੰ ਪ੍ਰਭਾਵਿਤ ਕਰਨ ਦੀ ਸਪੱਸ਼ਟ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਆਪ ਸਰਕਾਰ ਵੱਲੋਂ ਆਪਣੇ ਚੋਣ ਮੈਨੀਫੈਸਟੋ ’ਚ ਕੀਤੇ ਵਾਅਦਿਆਂ ਮੁਤਾਬਿਕ ਔਰਤਾਂ ਨੂੰ ਪ੍ਰਤੀ ਮਹੀਨਾ 1,000 ਰੁਪਏ ਦੇਣ ਦਾ ਵਾਅਦਾ, 25 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਵੀ ਪੂਰਾ ਨਹੀਂ ਕੀਤਾ ਗਿਆ ਹੈ। ਸਰਕਾਰ ਬਣਨ ਦੇ ਇਕ ਮਹੀਨੇ ਦੇ ਅੰਦਰ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦਾ ਦਾਅਵਾ ਵੀ ਖੋਖਲਾ ਸਾਬਤ ਹੋਇਆ ਹੈ। ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਹੁਣ ਜਿਵੇਂ-ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ, ਕਿਸ਼ਤਾਂ ’ਚ ਰਾਸ਼ਨ ਵੰਡ ਦਾ ਐਲਾਨ ਕਰਕੇ ਜਨਤਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪੰਜਾਬ ਦੇ ਲੋਕ ਸਮਝਦਾਰ ਹਨ ਤੇ ਝੂਠੇ ਵਾਅਦਿਆਂ ਤੇ ਸਰਕਾਰ ਵੱਲੋਂ ਦਿਖਾਏ ਜਾ ਰਹੇ ਝੂਠੇ ਸਬਜ਼ਬਾਗ ’ਤੇ ਯਕੀਨ ਨਹੀਂ ਕਰਨਗੇ।