- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਕੋਦਰ ਕਾਂਗਰਸ ਹਲਕਾ ਇੰਚਾਰਜ ਡਾ.ਨਵਜੋਤ ਦਹੀਆ ਵੱਲੋਂ ਦਿੱਤੀ ਗਈ ਅਹਿਮ ਜਾਣਕਾਰੀ

ਧੀਰਜ ਮਰਵਾਹਾ, ਪੰਜਾਬੀ ਜਾਗਰਣ, ਨਕੋਦਰ : ਕਾਂਗਰਸ ਦੇ ਹਲਕਾ ਇੰਚਾਰਜ ਡਾ. ਨਵਜੋਤ ਸਿੰਘ ਦਾਹੀਆ ਨੇ ਨਕੋਦਰ ਵਿਖੇ ਪ੍ਰੈੱਸ ਕਾਨਫਰੰਸ ਕਰਕੇ ‘ਆਪ’ ਸਰਕਾਰ ਤੇ ਵਿਧਾਇਕਾ ’ਤੇ ਸਿਆਸੀ ਨਿਸ਼ਾਨੇ ਸਾਧੇ। ਉਨ੍ਹਾਂ ਦੋਸ਼ ਲਾਇਆ ਕਿ ਸ਼ਹਿਰ ਵਿੱਚ ਜਿਨ੍ਹਾਂ ਵਿਕਾਸ ਕਾਰਜਾਂ ਦੇ ਉਦਘਾਟਨ ਕਰਕੇ ਮੌਜੂਦਾ ਸਰਕਾਰ ਵੱਲੋਂ ਸਿਹਰਾ ਲਿਆ ਜਾ ਰਿਹਾ ਹੈ, ਉਨ੍ਹਾਂ ਵਿੱਚੋਂ ਕਈ ਕੰਮ ਪਿਛਲੀ ਕਾਂਗਰਸ ਦੀ ਨਗਰ ਕੌਂਸਲ ਦੇ ਸਮੇਂ ਹੀ ਪਾਸ ਹੋ ਚੁੱਕੇ ਸਨ। ਡਾ. ਦਾਹੀਆ ਨੇ ਮੰਗ ਕੀਤੀ ਕਿ ਮੌਜੂਦਾ ਨਗਰ ਕੌਂਸਲ ਵੱਲੋਂ ਪਾਸ ਕੀਤੇ ਨਵੇਂ ਵਿਕਾਸ ਕਾਰਜਾਂ ਦੇ ਮਤੇ, ਬਜਟ ਅਤੇ ਟੈਂਡਰਾਂ ਦਾ ਵੇਰਵਾ ਜਨਤਕ ਕੀਤਾ ਜਾਵੇ। ਪੰਜਾਬ ਸਰਕਾਰ ਵੱਲੋਂ ਕਰੀਬ 80 ਹਜ਼ਾਰ ਨੌਕਰੀਆਂ ਦੇਣ ਦੇ ਦਾਅਵੇ ’ਤੇ ਸਵਾਲ ਉਠਾਉਂਦਿਆਂ ਉਨ੍ਹਾਂ ਕਿਹਾ ਕਿ ਆਬਾਦੀ ਦੇ ਅਨੁਪਾਤ ਮੁਤਾਬਕ ਨਕੋਦਰ ਹਲਕੇ ਦੇ ਹਿੱਸੇ ਲਗਭਗ 650 ਤੋਂ 700 ਨੌਕਰੀਆਂ ਆਉਣੀਆਂ ਚਾਹੀਦੀਆਂ ਹਨ। ਉਨ੍ਹਾਂ ਵਿਧਾਇਕਾ ਤੋਂ ਪੁੱਛਿਆ ਕਿ ਨਕੋਦਰ, ਨੂਰਮਹਿਲ ਅਤੇ ਬਿਲਗਾ ਦੇ ਕਿੰਨੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਮਿਲੀਆਂ ਹਨ। ਉਨ੍ਹਾਂ ਨੌਕਰੀ ਪ੍ਰਾਪਤ ਨੌਜਵਾਨਾਂ ਦੀ ਵਿਭਾਗਵਾਰ ਸੂਚੀ ਅਤੇ ਨਿਯੁਕਤੀ ਦੀਆਂ ਤਰੀਕਾਂ ਜਨਤਕ ਕਰਨ ਦੀ ਮੰਗ ਵੀ ਕੀਤੀ। ਡਾ. ਦਾਹੀਆ ਨੇ ਕਿਹਾ ਕਿ ਵਿਕਾਸ ਦਾ ਸਿਹਰਾ ਲੈਣ ਲਈ ਪ੍ਰਚਾਰ ਕਰਨ ਦੀ ਬਜਾਏ ਸਰਕਾਰ ਨੂੰ ਆਪਣੇ ਕਾਰਜਕਾਲ ਦੌਰਾਨ ਕੀਤੇ ਨਵੇਂ ਕੰਮਾਂ ਤੇ ਦਿੱਤੇ ਰੁਜ਼ਗਾਰ ਦਾ ਪੂਰਾ ਹਿਸਾਬ ਲੋਕਾਂ ਸਾਹਮਣੇ ਰੱਖਣਾ ਚਾਹੀਦਾ ਹੈ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਨਵਨੀਤ ਐਰੀ, ਸ਼ਹਿਰ ਕਾਂਗਰਸ ਪ੍ਰਧਾਨ ਗੌਰਵ ਜੈਨ, ਸਾਬਕਾ ਸੀਨੀਅਰ ਵਾਈਸ ਪ੍ਰਧਾਨ ਗੋਪੀ ਸੰਧੂ, ਕੌਂਸਲਰ ਵਿਜੇ ਪੋਪਲੀ ਸਮੇਤ ਕਾਂਗਰਸੀ ਆਗੂ ਅਤੇ ਸ਼ਹਿਰ ਦੇ ਪਤਵੰਤੇ ਮੌਜੂਦ ਸਨ।