- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਦੇਸ਼ ’ਚ ਜਨਮੀ ਹਰਜੋਤ ਕੌਰ ਲੋਟੀਆ ਨੂੰ 'ਆਪ' ਨੇ ਫਿਲੌਰ ਤੋਂ ਦਿੱਤੀ ਟਿਕਟ

-ਪਹਿਲਾਂ ਬੰਗਾ ਹਲਕੇ ਤੋਂ ਵੀ ਅਜ਼ਮਾ ਚੁੱਕੀ ਹੈ ਚੋਣੀ ਕਿਸਮਤ, ਪ੍ਰਿੰਸੀਪਲ ਪ੍ਰੇਮ ਕੁਮਾਰ ਦੀ ਥਾਂ ਕੁਝ ਸਮਾਂ ਪਹਿਲਾਂ ਸੰਭਾਲੀ ਸੀ ਫਿਲੌਰ ਹਲਕੇ ਦੀ ਕਮਾਨ
ਅਜੇ ਸਿੰਘ ਨਾਗੀ/ਨਵਦੀਪ ਸਿੰਘ ਪਟਵਾਲੀਆ, ਪੰਜਾਬੀ ਜਾਗਰਣ, ਫਿਲੌਰ :
‘ਆਪ’ ਵੱਲੋਂ ਵਿਧਾਨ ਸਭਾ ਹਲਕਾ ਫਿਲੌਰ ਤੋਂ ਹਰਜੋਤ ਕੌਰ ਲੋਹਟੀਆ ਨੂੰ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਹਲਕੇ ਦੀ ਸਿਆਸਤ ’ਚ ਨਵੀਂ ਚਰਚਾ ਸ਼ੁਰੂ ਹੋ ਗਈ ਹੈ। ਪਾਰਟੀ ਨੇ ਕੁਝ ਸਮਾਂ ਪਹਿਲਾਂ ਹੀ ਪ੍ਰਿੰਸੀਪਲ ਪ੍ਰੇਮ ਕੁਮਾਰ ਨੂੰ ਹਲਕਾ ਇੰਚਾਰਜ ਦੀ ਜ਼ਿੰਮੇਵਾਰੀ ਤੋਂ ਹਟਾ ਕੇ ਹਰਜੋਤ ਕੌਰ ਲੋਹਟੀਆ ਨੂੰ ਫਿਲੌਰ ਹਲਕੇ ਦੀ ਕਮਾਨ ਸੌਂਪੀ ਸੀ। ਇਸ ਤੋਂ ਬਾਅਦ ਉਹ ਲਗਾਤਾਰ ਹਲਕੇ ਦੇ ਪਿੰਡਾਂ ਤੇ ਸ਼ਹਿਰਾਂ ’ਚ ਸਿਆਸੀ ਤੇ ਸਮਾਜਿਕ ਸਰਗਰਮੀਆਂ ’ਚ ਹਿੱਸਾ ਲੈਂਦੇ ਹੋਏ ਨਜ਼ਰ ਆ ਰਹੇ ਸਨ। ਹਰਜੋਤ ਕੌਰ ਲੋਹਟੀਆ ਦਾ ਸਿਆਸੀ ਸਫ਼ਰ ਵੀ ਚਰਚਾ ਦਾ ਵਿਸ਼ਾ ਹੈ। ਉਹ ਵਿਦੇਸ਼ ’ਚ ਜਨਮੀ ਦੱਸੀ ਜਾਂਦੀ ਹੈ ਤੇ ਇਸ ਤੋਂ ਪਹਿਲਾਂ ਬੰਗਾ ਵਿਧਾਨ ਸਭਾ ਹਲਕੇ ਤੋਂ ਵੀ ਚੋਣ ਲੜ ਕੇ ਕਿਸਮਤ ਅਜ਼ਮਾ ਚੁੱਕੀ ਹੈ ਪਰ ਉੱਥੇ ਉਨ੍ਹਾਂ ਨੂੰ ਜਿੱਤ ਹਾਸਲ ਨਹੀਂ ਹੋਈ ਸੀ। ਬੰਗਾ ਹਲਕੇ ’ਚ ਵੀ ਉਹ ਕੁਝ ਸਮਾਂ ਸਿਆਸੀ ਤੌਰ 'ਤੇ ਸਰਗਰਮ ਰਹੇ ਸਨ।
ਦੂਜੇ ਪਾਸੇ ਪ੍ਰਿੰਸੀਪਲ ਪ੍ਰੇਮ ਕੁਮਾਰ ਲੰਬੇ ਸਮੇਂ ਤੋਂ ਫਿਲੌਰ ਹਲਕੇ ’ਚ ‘ਆਪ’ ਦੇ ਹਲਕਾ ਇੰਚਾਰਜ ਵਜੋਂ ਸਰਗਰਮ ਸਨ। ਉਹ ਵੀ ਇਸ ਤੋਂ ਪਹਿਲਾਂ ਪਾਰਟੀ ਦੀ ਟਿਕਟ 'ਤੇ ਫਿਲੌਰ ਤੋਂ ਵਿਧਾਨ ਸਭਾ ਚੋਣ ਲੜ ਚੁੱਕੇ ਹਨ ਪਰ ਉਨ੍ਹਾਂ ਨੂੰ ਵੀ ਜਿੱਤ ਨਸੀਬ ਨਹੀਂ ਹੋਈ ਸੀ। ਹਲਕੇ ’ਚ ਪਾਰਟੀ ਦੀਆਂ ਪਿਛਲੀਆਂ ਚੋਣਾਂ ਦੇ ਨਤੀਜੇ ਵੀ ਆਮ ਆਦਮੀ ਪਾਰਟੀ ਲਈ ਇਕ ਵੱਡੀ ਚੁਣੌਤੀ ਰਹੇ ਹਨ। ਹੁਣ ਪਾਰਟੀ ਹਾਈਕਮਾਂਡ ਨੇ ਪ੍ਰਿੰਸੀਪਲ ਪ੍ਰੇਮ ਕੁਮਾਰ ਦੀ ਥਾਂ ਹਰਜੋਤ ਕੌਰ ਲੋਹਟੀਆ 'ਤੇ ਭਰੋਸਾ ਜਤਾਉਂਦਿਆਂ ਉਨ੍ਹਾਂ ਨੂੰ ਚੋਣ ਮੈਦਾਨ ’ਚ ਉਤਾਰਿਆ ਹੈ। ਕੁਝ ਹੀ ਸਮੇਂ ’ਚ ਹਲਕੇ ਅੰਦਰ ਸਿਆਸੀ ਸਰਗਰਮੀਆਂ ਵਧਾਉਣ ਤੋਂ ਬਾਅਦ ਉਨ੍ਹਾਂ ਨੂੰ ਟਿਕਟ ਮਿਲਣਾ ਪਾਰਟੀ ਦੀ ਨਵੀਂ ਰਣਨੀਤੀ ਵਜੋਂ ਦੇਖਿਆ ਜਾ ਰਿਹਾ ਹੈ। ਹੁਣ ਸਿਆਸੀ ਹਲਕਿਆਂ ’ਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਬੰਗਾ ਹਲਕੇ ਤੋਂ ਚੋਣ ਲੜ ਚੁੱਕੀ ਹਰਜੋਤ ਕੌਰ ਲੋਹਟੀਆ ਫਿਲੌਰ ਹਲਕੇ ਦੇ ਵੋਟਰਾਂ ’ਚ ਆਪਣੀ ਕਿੰਨੀ ਪਛਾਣ ਬਣਾ ਸਕਣਗੇ ਤੇ ਆਮ ਆਦਮੀ ਪਾਰਟੀ ਨੂੰ ਇੱਥੇ ਚੋਣਾਂ ’ਚ ਕਿਹੋ ਜਿਹਾ ਨਤੀਜਾ ਮਿਲਦਾ ਹੈ। ਇਸ ਦਾ ਫੈਸਲਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਹੀ ਕਰਨਗੇ।