- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਆਪ’ ਨੇ ਸ਼ਾਹਕੋਟ ਤੋਂ ਪਾਲਾ ਜਲਾਲਪੁਰ ’ਤੇ ਖੇਡਿਆ ਦਾਅ

-ਅਪ੍ਰੈਲ ’ਚ ਪਾਰਟੀ ’ਚ ਹੋਏ ਸਨ ਸ਼ਾਮਲ, ਸਤੰਬਰ ’ਚ ਮਿਲੀ ਸੀ ਹਲਕਾ ਇੰਚਾਰਜ ਦੀ ਜ਼ਿੰਮੇਵਾਰੀ
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਆਗਾਮੀ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਸਿਆਸੀ ਪਿੜ ਭੱਖਣਾ ਸ਼ੁਰੂ ਹੋ ਗਿਆ ਹੈ। ‘ਆਪ’ ਵੱਲੋਂ ਵੀਰਵਾਰ ਨੂੰ ਆਪਣੇ ਉਮੀਦਵਾਰਾਂ ਦੀ ਐਲਾਨੀ ਗਈ ਸੂਚੀ ’ਚ ਵਿਧਾਨ ਸਭਾ ਹਲਕਾ ਸ਼ਾਹਕੋਟ ਤੋਂ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਬੱਡੀ ਖਿਡਾਰੀ ਬਲਵੀਰ ਸਿੰਘ ‘ਪਾਲਾ ਜਲਾਲਪੁਰ’ ਨੂੰ ਉਮੀਦਵਾਰ ਐਲਾਨ ਕੇ ਚੋਣ ਮੈਦਾਨ ਵਿਚ ਉਤਾਰ ਦਿੱਤਾ ਗਿਆ ਹੈ। ਪਾਰਟੀ ਹਾਈਕਮਾਨ ਦੇ ਇਸ ਫੈਸਲੇ ਨਾਲ ਹਲਕਾ ਸ਼ਾਹਕੋਟ ਦੀ ਸਿਆਸਤ ਵਿਚ ਨਵੀਂ ਹਲਚਲ ਪੈਦਾ ਹੋ ਗਈ ਹੈ ਤੇ ਜਲਾਲਪੁਰ ਦੇ ਸਮਰਥਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਬੀਤੇ ਸਤੰਬਰ ਮਹੀਨੇ ਵਿਚ ਉਨ੍ਹਾਂ ਨੂੰ ਹਲਕਾ ਸ਼ਾਹਕੋਟ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਸੀ। ਹੁਣ ਨਵੰਬਰ ਮਹੀਨੇ ਵਿਚ ਪਾਰਟੀ ਨੇ ਉਨ੍ਹਾਂ ’ਤੇ ਮੁੜ ਵੱਡਾ ਭਰੋਸਾ ਜਤਾਉਂਦਿਆਂ ਵਿਧਾਨ ਸਭਾ ਚੋਣਾਂ ਲਈ ਟਿਕਟ ਦੇ ਕੇ ਨਿਵਾਜਿਆ ਹੈ।
-----
ਟਿਕਟ ਦੀ ਦੌੜ ਵਿਚ ਪਿੰਦਰ ਪੰਡੋਰੀ ਤੇ ਬੀਬੀ ਕਾਕੜ ਨੂੰ ਪਛਾੜਿਆ
ਹਲਕਾ ਸ਼ਾਹਕੋਟ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਹਾਸਲ ਕਰਨ ਲਈ ਪਾਰਟੀ ਦੇ ਅੰਦਰ ਕਾਫੀ ਜ਼ੋਰ-ਅਜ਼ਮਾਈ ਚੱਲ ਰਹੀ ਸੀ। ਪਾਲਾ ਜਲਾਲਪੁਰ ਤੋਂ ਇਲਾਵਾ ਸਾਬਕਾ ਹਲਕਾ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਤੇ ਪੰਜਾਬ ਇਨਫੋਟੈਕ ਦੇ ਡਾਇਰੈਕਟਰ ਬੀਬੀ ਰਣਜੀਤ ਕੌਰ ਕਾਕੜ ਵੱਲੋਂ ਵੀ ਟਿਕਟ ਲਈ ਪੂਰੀ ਚਾਰਾਜੋਈ ਕੀਤੀ ਜਾ ਰਹੀ ਸੀ। ਦੋਵਾਂ ਆਗੂਆਂ ਵੱਲੋਂ ਹਾਈਕਮਾਨ ਤੱਕ ਆਪਣੀ ਦਾਅਵੇਦਾਰੀ ਮਜ਼ਬੂਤੀ ਨਾਲ ਪੇਸ਼ ਕੀਤੀ ਗਈ ਸੀ ਪਰ ਅੰਤ ਵਿਚ ਪਾਰਟੀ ਹਾਈਕਮਾਨ ਨੇ ਪਾਲਾ ਜਲਾਲਪੁਰ ਨੂੰ ਤਰਜੀਹ ਦਿੰਦਿਆਂ ਉਨ੍ਹਾਂ ਦੇ ਨਾਂ ’ਤੇ ਮੋਹਰ ਲਗਾ ਦਿੱਤੀ। ਹੁਣ ਪਾਲਾ ਜਲਾਲਪੁਰ ਲਈ ਪਾਰਟੀ ਦੇ ਦੂਜੇ ਦਾਅਵੇਦਾਰਾਂ ਅਤੇ ਉਨ੍ਹਾਂ ਦੇ ਧੜਿਆਂ ਨੂੰ ਨਾਲ ਲੈ ਕੇ ਚੱਲਣਾ ਵੀ ਇਕ ਅਹਿਮ ਸਿਆਸੀ ਜ਼ਿੰਮੇਵਾਰੀ ਹੋਵੇਗੀ।
-----
2027 ਵਿਚ ਲਾਡੀ ਸ਼ੇਰੋਵਾਲੀਆ ਤੇ ਪਾਲਾ ਜਲਾਲਪੁਰ ਵਿਚਾਲੇ ਹੋਵੇਗਾ ਮੁੱਖ ਮੁਕਾਬਲਾ
ਆਮ ਆਦਮੀ ਪਾਰਟੀ ਵੱਲੋਂ ਪਾਲਾ ਜਲਾਲਪੁਰ ਨੂੰ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਹਲਕਾ ਸ਼ਾਹਕੋਟ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਸਵੀਰ ਕਾਫੀ ਹੱਦ ਤੱਕ ਸਪੱਸ਼ਟ ਹੋ ਗਈ ਹੈ। ਦੂਜੇ ਪਾਸੇ ਕਾਂਗਰਸ ਪਾਰਟੀ ਵੱਲੋਂ ਮੌਜੂਦਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਟਿਕਟ ਲਗਭਗ ਪੱਕੀ ਮੰਨੀ ਜਾ ਰਹੀ ਹੈ। ਲਾਡੀ ਸ਼ੇਰੋਵਾਲੀਆ ਹਲਕੇ ਦੇ ਤਜਰਬੇਕਾਰ ਅਤੇ ਮਜ਼ਬੂਤ ਸਿਆਸੀ ਆਗੂ ਹਨ, ਜਦਕਿ ਪਾਲਾ ਜਲਾਲਪੁਰ ਨੌਜਵਾਨ ਚਿਹਰੇ ਅਤੇ ਸੱਤਾਧਾਰੀ ਧਿਰ ਦੇ ਉਮੀਦਵਾਰ ਵਜੋਂ ਮੈਦਾਨ ਵਿਚ ਹਨ। ਆਉਣ ਵਾਲੀਆਂ ਚੋਣਾਂ ਵਿਚ ਇਨ੍ਹਾਂ ਦੋਵਾਂ ਦਿੱਗਜਾਂ ਵਿਚਾਲੇ ਹੀ ਮੁੱਖ ਮੁਕਾਬਲਾ ਹੋਣ ਦੀ ਸੰਭਾਵਨਾ ਹੈ।