ਹੁਣ ਸਿਹਤ ਕਾਮੇ ਹੜਤਾਲ ’ਤੇ 5000 ਤੋਂ ਵੱਧ ਮਰੀਜ਼ ਆਮ ਆਦਮੀ ਕਲੀਨਿਕਾਂ ਦੀਆਂ ਸੇਵਾਵਾਂ ਤੋਂ ਰਹੇ ਵਾਂਝੇ ਹੁਣ ਸਿਹਤ ਕਾਮੇ ਹੜਤਾਲ ਤੇ 5000 ਤੋੰ ਵੱਧ ਮਰੀਜ਼ ਆਮ ਆਦਮੀ ਕਲੀਨਿਕਾਂ ਦੀਆਂ ਸੇਵਾਵਾਂ ਤੋਂ ਰਹੇ ਵਾਂਝੇ
Publish Date: Mon, 27 Jul 2026 08:42 PM (IST)
Updated Date: Mon, 27 Jul 2026 08:45 PM (IST)
ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਆਪਣੀਆਂ ਮੰਗਾਂ ਨੂੰ ਲੈ ਕੇ ਮੁਲਾਜ਼ਮ ਆਏ ਦਿਨ ਹੜਤਾਲ ਕਰ ਰਹੇ ਹਨ। ਹੁਣ ਆਮ ਲੋਕਾਂ ਨੂੰ ਸਿਹਤ ਸਹੁਲਤਾਂ ਦੇਣ ਵਾਲੇ ਆਮ ਆਦਮੀ ਕਲੀਨਿਕ ਦੇ ਡਾਕਟਰਾਂ, ਫਾਰਮਾਸਿਸਟਾਂ ਤੇ ਕਲੀਨਿਕ ਸਹਾਇਕਾਂ ਨੇ ਵੀ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕਰ ਦਿੱਤਾ ਹੈ। ਜ਼ਿਲ੍ਹੇ ਦੇ 85 ’ਚੋਂ 75 ਆਮ ਆਦਮੀ ਕਲੀਨਿਕਾਂ ਦਾ ਕੰਮਕਾਜ ਪੂਰੀ ਤਰ੍ਹਾਂ ਠੱਪ ਹੋਇਆ। ਜ਼ਿਕਰਯੋਗ ਹੈ ਕਿ ਜਿਹੜੇ 10 ਆਮ ਆਦਮੀ ਕਲੀਨਿਕਾਂ ਦਾ ਸ਼ਨਿੱਚਰਵਾਰ ਨੂੰ ਉਦਘਾਟਨ ਹੋਇਆ ਸੀ, ਸੋਮਵਾਰ ਨੂੰ ਹੜਤਾਲ ਦੌਰਾਨ ਸਿਰਫ਼ ਉੱਥੇ ਹੀ ਮਰੀਜ਼ਾਂ ਨੂੰ ਸੇਵਾਵਾਂ ਦਿੱਤੀਆਂ ਗਈਆਂ। ਇਸ ਦੌਰਾਨ ਲਗਭਗ 5 ਹਜ਼ਾਰ ਮਰੀਜ਼ ਇਲਾਜ ਤੋਂ ਤੇ 2000 ਤੋ ਵੱਧ ਮਰੀਜ਼ ਲੈਬ ਟੈਸਟਾਂ ਦੀ ਸਹੂਲਤ ਤੋਂ ਵਾਂਝੇ ਰਹੇ। ਇਸ ਲਈ ਮਰੀਜ਼ਾਂ ਨੂੰ ਇਲਾਜ ਲਈ ਪ੍ਰਾਈਵੇਟ ਕਲੀਨਿਕਾਂ ਜਾਂ ਨੇੜਲੇ ਸਰਕਾਰੀ ਹਸਪਤਾਲਾਂ ਦਾ ਰੁਖ਼ ਕਰਨਾ ਪਿਆ। ਆਪਣੀਆਂ ਮੰਗਾਂ ਦੇ ਸਮਰਥਨ ’ਚ ਸਟਾਫ਼ ਨੇ ਸਿਵਲ ਸਰਜਨ ਦਫ਼ਤਰ ’ਚ ਰੋਸ ਪ੍ਰਦਰਸ਼ਨ ਕੀਤਾ। ਹੜਤਾਲ ਦੇ ਪਹਿਲੇ ਹੀ ਦਿਨ ਸਮੂਹ ਕਰਮਚਾਰੀ ਇਕੱਠੇ ਹੋ ਕੇ ਮੰਗ ਪੱਤਰ ਸੌਂਪਣ ਲਈ ਸਿਵਲ ਸਰਜਨ ਦਫ਼ਤਰ ਪਹੁੰਚੇ, ਜਿੱਥੇ ਉਨ੍ਹਾਂ ਧਰਨਾ ਦੇ ਕੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਸੰਘਰਸ਼ ਜਾਰੀ ਰਹੇਗਾ। ਦੂਜੇ ਪਾਸੇ, ‘ਆਮ ਆਦਮੀ ਕਲੀਨਿਕ ਸਾਂਝਾ ਮੋਰਚਾ’ ਦੀ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਤੇ ਵਿੱਤ ਮੰਤਰੀ ਨਾਲ ਮੀਟਿੰਗ ਜਾਰੀ ਹੈ। ‘ਆਮ ਆਦਮੀ ਕਲੀਨਿਕ ਸਾਂਝਾ ਮੋਰਚਾ’ ਦੀ ਜਲੰਧਰ ਤੋਂ ਪ੍ਰਧਾਨ ਪ੍ਰੀਤੀ ਵਾਲੀਆ ਨੇ ਦੱਸਿਆ ਕਿ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਸਿਹਤ ਮੰਤਰੀ ਨੂੰ ਵੀ ਮਿਲੇ ਸਨ ਤੇ ਉਨ੍ਹਾਂ ਨੇ ਮੰਗਾਂ ਨੂੰ ਜਲਦੀ ਪੂਰਾ ਕਰਨ ਦਾ ਭਰੋਸਾ ਦਿੱਤਾ ਸੀ ਪਰ ਸਾਰਥਕ ਨਤੀਜਾ ਕੁਝ ਨਹੀਂ ਨਿਕਲਿਆ। -------- ਇਨ੍ਹਾਂ ਸਰਕਾਰੀ ਹਸਪਤਾਲਾਂ ’ਚ ਪਹੁੰਚੇ ਮਰੀਜ਼ ਕਲੀਨਿਕ ਬੰਦ ਹੋਣ ਕਾਰਨ ਮਰੀਜ਼ਾਂ ਨੇ ਦਾਦਾ ਕਾਲੋਨੀ ਸਰਕਾਰੀ ਕਮਿਊਨਿਟੀ ਹੈਲਥ ਸੈਂਟਰ, ਸੋਢਲ ਏਰੀਏ ਦਾ ਸਰਕਾਰੀ ਕਮਿਊਨਿਟੀ ਹੈਲਥ ਸੈਂਟਰ, ਕੈਂਟ ਤੇ ਪੀ.ਏ.ਪੀ. ਕੈਂਪਸ ਦਾ ਸਰਕਾਰੀ ਕਮਿਊਨਿਟੀ ਹੈਲਥ ਸੈਂਟਰ, ਜਮਸ਼ੇਰ ਦਾ ਪ੍ਰਾਇਮਰੀ ਹੈਲਥ ਸੈਂਟਰ, ਬਸਤੀ ਗੁਜਾਂ ਦਾ ਸੀਐੱਚਸੀ, ਕੈਂਟ ਦੇ ਖੁਸਰੋਪੁਰ ਦਾ ਸੀਐੱਚਸੀ, ਸੀਐੱਚਸੀ ਕਾਲਾ ਬੱਕਰਾ, ਕਮਿਊਨਿਟੀ ਹੈਲਥ ਸੈਂਟਰ ਕਰਤਾਰਪੁਰ, ਸੀਐੱਚਸੀ ਆਦਮਪੁਰ, ਸੀਐੱਚਸੀ ਸ਼ਾਹਕੋਟ, ਐੱਸਡੀਐੱਚ ਨਕੋਦਰ ਤੇ ਫਿਲੌਰ ਦੇ ਸਰਕਾਰੀ ਹਸਪਤਾਲਾਂ ਦਾ ਰੁਖ਼ ਕੀਤਾ। -------- ਇਹ ਹਨ ਮੁੱਖ ਮੰਗਾਂ ਫਾਰਮਾਸਿਸਟਾਂ ਲਈ 29,200 ਰੁਪਏ ਤੇ ਅਸਿਸਟੈਂਟਾਂ ਲਈ 21,700 ਰੁਪਏ ਘੱਟੋ-ਘੱਟ ਤਨਖ਼ਾਹ ਤੈਅ ਕੀਤੀ ਜਾਵੇ। ਪੱਕੀ/ਨਿਯਮਤ ਨਿਯੁਕਤੀ ਪੱਤਰ ਤੇ ਸਲਾਨਾ ਤਨਖ਼ਾਹ ਵਾਧੇ ਦਾ ਲਾਭ ਦਿੱਤਾ ਜਾਵੇ। ਕਲੀਨਿਕਲ ਅਸਿਸਟੈਂਟ ਦੇ ਅਹੁਦੇ ਦਾ ਨਾਂ ਬਦਲ ਕੇ ‘ਸੀਐੱਮਓ’ ਕੀਤਾ ਜਾਵੇ।