
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਹਰ ਪੱਖੋਂ ਬਰਬਾਦ ਕੀਤਾ: ਬੀਐਲ ਸੰਤੋਸ਼

ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ, ਜਲੰਧਰ
ਆਮ ਆਦਮੀ ਪਾਰਟੀ ਨੇ ਹਰ ਪੱਖ ਤੋਂ ਪੰਜਾਬ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਰਕਾਰ ਨੇ ਵਿਕਾਸ ਤਾਂ ਕੀ ਕਰਨਾ ਸੀ, ਬਲਕਿ ਇੱਥੇ ਨਸ਼ਿਆਂ, ਲਾਅ ਐਂਡ ਆਰਡਰ ਦੇ ਹਾਲਾਤ ਹੋਰ ਵੀ ਮਾੜੇ ਕਰ ਦਿੱਤੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਭਾਜਪਾ ਦੇ ਕੌਮੀ ਜਨਰਲ ਸਕੱਤਰ (ਸੰਗਠਨ) ਬੀਐੱਲ ਸੰਤੋਸ਼ ਵੱਲੋਂ ਪੰਜਾਬ ਦੇ ਦੋ ਰੋਜ਼ਾ ਦੌਰੇ ਦੌਰਾਨ ਜਲੰਧਰ ਜ਼ੋਨ ਦੀ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਦੌਰਾਨ ਕਹੇ। ਉਨ੍ਹਾਂ ਇਸ ਮੀਟਿੰਗ ’ਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਵਿਚਾਰ ਵਟਾਂਦਰਾ ਕੀਤਾ। ਅਜਿਹੇ ਹਾਲਾਤ ’ਚ ਕਾਂਗਰਸ ਪਾਰਟੀ ਵੀ ਵਿਰੋਧੀ ਧਿਰ ਦਾ ਰੋਲ ਅਦਾ ਨਹੀਂ ਕਰ ਸਕੀ, ਜਿਸ ਕਰ ਕੇ ਭਾਜਪਾ ਨੇ ਪੰਜਾਬ ਦੇ ਲੋਕਾਂ ਦਾ ਸਹਾਰਾ ਬਣਨਾ ਹੈ ਤੇ ਲੋਕਾਂ ਦੀ ਆਵਾਜ਼ ਉਠਾਉਣੀ ਹੈ। ਹਰ ਉਪਰਲੇ ਨੇਤਾ ਤੋਂ ਲੈ ਕੇ ਵਰਕਰ ਲਈ ਪਾਰਟੀ ਪਹਿਲਾਂ ਹੈ। ਇਸ ਕਰ ਕੇ ਉਨ੍ਹਾਂ ਸਮੁੱਚੀ ਲੀਡਰਸ਼ਿਪ ਦੇ ਨਾਲ-ਨਾਲ ਜ਼ਿਲ੍ਹਾ ਤੇ ਸਰਕਲ ਪ੍ਰਧਾਨਾਂ ਨੂੰ ਪੁਰਾਣੇ ਆਗੂਆਂ ਵਰਕਰਾਂ ਨੂੰ ਨਾਲ ਲੈ ਕੇ ਚੱਲਣ ਦਾ ਸੰਦੇਸ਼ ਦਿੱਤਾ। ਸਾਡੇ ਕੋਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਜ਼ਬੂਤ ਅਗਵਾਈ, ਭਾਜਪਾ ਦੀ ਵਿਚਾਰਧਾਰਾ ਤੇ ਵਰਕਰਾਂ ਦੀ ਮਜ਼ਬੂਤ ਤਾਕਤ ਹੈ, ਜਿਸ ਨਾਲ ਅਸੀਂ ਹਰ ਮੁਕਾਮ ਹਾਸਲ ਕਰਨਾ ਹੈ। ਉਨ੍ਹਾਂ ਸੰਤ ਸ਼੍ਰੋਮਣੀ ਗੁਰੂ ਰਵਿਦਾਸ ਜੀ ਦੀ 650ਵੀਂ ਜੈਅੰਤੀ ਦੇ 'ਸਮਰਸਤਾ ਸੰਕਲਪ ਅਭਿਆਨ ' ਦੇ ਸਮਾਗਮਾਂ ’ਚ ਵੱਧ ਤੋਂ ਵੱਧ ਸ਼ਮੂਲੀਅਤ ਕਰਕੇ ਗੁਰੂ ਜੀ ਦੀਆਂ ਸਿੱਖਿਆਵਾਂ ਘਰ ਘਰ ਪਹੁਚਾਉਣ ਦਾ ਸੱਦਾ ਵੀ ਦਿੱਤਾ। ਇਸ ਤੋਂ ਪਹਿਲਾਂ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਬੀਐੱਲ ਸੰਤੋਸ਼ ਦਾ ਸਵਾਗਤ ਕਰਦਿਆਂ ਕਿਹਾ ਕਿ ਸੰਤੋਸ਼ ਜੀ ਦਾ ਮਾਰਗਦਰਸ਼ਨ ਪਾਰਟੀ ਵਰਕਰਾਂ ’ਚ ਇਕ ਨਵੀਂ ਊਰਜਾ ਭਰ ਰਿਹਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਦਲਾਅ ਦੇ ਨਾਂ 'ਤੇ ਪੰਜਾਬ ਨੂੰ ਠੱਗ ਲਿਆ।