ਸਰਪੰਚਾਂ ਦੀ ਸੁਰੱਖਿਆ ਯਕੀਨੀ ਬਣਾਏ ਸਰਕਾਰ : ਬਾਘਾ
ਸਰਪੰਚਾਂ ਦੀ ਸੁਰੱਖਿਆ ਸੁਨਿਸ਼ਚਤ ਕਰੇ ਆਮ ਆਦਮੀ ਪਾਰਟੀ ਦੀ ਸਰਕਾਰ - ਕੁਲਵਿੰਦਰ ਬਾਘਾ
Publish Date: Fri, 20 Feb 2026 07:37 PM (IST)
Updated Date: Fri, 20 Feb 2026 07:39 PM (IST)

ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਸੂਬੇ ਅੰਦਰ ਲਗਾਤਾਰ ਵਿਗੜਦੇ ਜਾ ਰਹੇ ਹਾਲਾਤ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਦਾ ਨਤੀਜਾ ਹੈ। ਹਾਲਾਤ ਇਹ ਹਨ ਕਿ ਆਏ ਦਿਨ ਕਿਸੇ ਨਾ ਕਿਸੇ ਪਿੰਡ ਦੇ ਸਰਪੰਚ ਦਾ ਦਿਨ ਦਿਹਾੜੇ ਗੋਲੀਆਂ ਮਾਰ ਕਤਲ ਹੋ ਜਾਣ ਦੀ ਖਬਰ ਸਾਹਮਣੇ ਆਉਣਾ ਆਮ ਜਿਹੀ ਗੱਲ ਹੁੰਦੀ ਜਾ ਰਹੀ ਹੈ, ਜੋ ਸੂਬੇ ਲਈ ਬਹੁਤ ਹੀ ਮੰਦਭਾਗਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਬੋਲੀਨਾ ਦੁਆਬਾ ਦੇ ਸਾਬਕਾ ਸਰਪੰਚ ਤੇ ਵਿਧਾਨ ਸਭਾ ਹਲਕਾ ਆਦਮਪੁਰ ਤੋਂ ਕਾਂਗਰਸ ਪਾਰਟੀ ਦੇ ਨੌਜਵਾਨ ਲੀਡਰ ਤੇ ਸਮਾਜ ਸੇਵਕ ਕੁਲਵਿੰਦਰ ਬਾਘਾ ਨੇ ‘ਪੰਜਾਬੀ ਜਾਗਰਣ’ ਨਾਲ ਗੱਲਬਾਤ ਕਰਦਿਆਂ ਕੀਤਾ। ਬਾਘਾ ਨੇ ਕਿਹਾ ਕਿ ਲੋਕਤੰਤਰ ਦੇ ਮੁੱਢਲੇ ਥੰਮ੍ਹ ਭਾਵ ਗ੍ਰਾਮ ਪੰਚਾਇਤਾਂ ਦੇ ਨੁਮਾਇੰਦੇ ਸਰਪੰਚਾਂ ਦੀ ਸੁਰੱਖਿਆ ਕਰਨ ਚ ਹੀ ਜੇ ਸਰਕਾਰ ਤੇ ਪ੍ਰਸ਼ਾਸਨ ਫੇਲ੍ਹ ਹੈ ਤਾਂ ਲੋਕਤੰਤਰ ਨੂੰ ਵੀ ਫੇਲ੍ਹ ਹੋਣ ਤੋਂ ਨਹੀਂ ਰੋਕਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਬਹੁਤ ਸੰਵੇਦਨਸੀਲ ਹਾਲਾਤ ’ਚੋਂ ਲੰਘ ਰਿਹਾ ਹੈ ਤੇ ਜੇਕਰ ਇਸ ਮਾਮਲੇ ਪ੍ਰਤੀ ਸੰਵੇਦਨਸ਼ੀਲਤਾ ਨਾ ਵਰਤੀ ਗਈ ਤਾਂ ਆਉਣ ਵਾਲੇ ਦਿਨਾਂ ’ਚ ਹਰ ਵਰਗ ਦੇ ਲੋਕਾਂ ਦਾ ਵਿਸ਼ਵਾਸ ਸਰਕਾਰ, ਪ੍ਰਸ਼ਾਸਨ ਤੇ ਸੱਤਾਧਾਰੀ ਪਾਰਟੀ ਤੋਂ ਉੱਠ ਜਾਵੇਗਾ। ਬਾਘਾ ਨੇ ਬੀਤੇ ਦਿਨਾਂ ’ਚ ਵੱਖ-ਵੱਖ ਥਾਵਾਂ ਤੇ ਸਮਾਜ ਵਿਰੋਧੀ ਅਨਸਰਾਂ ਵੱਲੋਂ ਗੋਲੀਆਂ ਨਾਲ ਭੁੰਨ ਦਿੱਤੇ ਗਏ ਸਰਪੰਚਾਂ ਤੇ ਹੋਰ ਲੋਕਾਂ ਦੀ ਮੌਤ ਤੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਆਏ ਦਿਨ ਪੰਜਾਬ ’ਚ ਹੋ ਰਹੀਆਂ ਲੁੱਟਾਂ ਖੋਹਾਂ ਤੇ ਕਤਲ ਦੀਆਂ ਵਾਰਦਾਤਾਂ ਕਾਰਨ ਲੋਕਾਂ ਸਹਿਮੇ ਹੋਏ ਦਿਖਾਈ ਦੇ ਰਹੇ ਹਨ ਤੇ ਬੜੇ ਅਫਸੋਸ ਵਾਲੀ ਗੱਲ ਹੈ ਕਿ ਨਾ ਮੁੱਖ ਮੰਤਰੀ ਪੰਜਾਬ ਤੇ ਨਾ ਹੀ ਪੰਜਾਬ ਪੁਲਿਸ ਦੇ ਕਿਸੇ ਵੀ ਸੀਨੀਅਰ ਅਧਿਕਾਰੀ ਵੱਲੋਂ ਇਸ ਪਾਸੇ ਕੋਈ ਠੋਸ ਕਾਰਵਾਈ ਅਮਲ ’ਚ ਨਹੀਂ ਲਿਆਂਦੀ ਜਾ ਰਹੀ ਹੈ। ਵਪਾਰਕ ਅਦਾਰਿਆਂ ਨਾਲ ਸਬੰਧਤ ਲੋਕਾਂ ਵੱਲੋਂ ਵੀ ਗੁਆਂਢੀ ਰਾਜਾਂ ’ਚ ਜਾ ਕੇ ਉਥੇ ਕਾਰੋਬਾਰ ਸ਼ੁਰੂ ਕੀਤੇ ਜਾ ਰਹੇ ਹਨ, ਜਿਸ ਕਾਰਨ ਪੰਜਾਬ ਆਰਥਿਕ ਪੱਖੋਂ ਕਮਜ਼ੋਰ ਹੋ ਰਿਹਾ ਹੈ।