- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੇਐੱਮਵੀ ਹੋਸਟਲ ’ਚ ਮਨਾਇਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਪੁਰਬ

ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ
ਕੰਨਿਆ ਮਹਾਂ ਵਿਦਿਆਲਿਆ ਦੇ ਹੋਸਟਲ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਮੌਕੇ ਵਿਦਿਆਰਥਣਾਂ ਤੇ ਸਟਾਫ਼ ਮੈਂਬਰਾਂ ਨੇ ਇਕੱਠਿਆਂ ਮਨਾਇਆ। ਇਸ ਸਮਾਗਮ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਰਬਵਿਆਪੀ ਸਿੱਖਿਆਵਾਂ ਨੂੰ ਯਾਦ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਸਵੇਰੇ ਜਾਪੁਜੀ ਸਾਹਿਬ ਤੇ ਸੁਖਮਨੀ ਸਾਹਿਬ ਦੇ ਰਸਭਿੰਨੇ ਪਾਠ ਨਾਲ ਹੋਈ। ਉਪਰੰਤ ਹੋਸਟਲ ਦੀਆਂ ਵਿਦਿਆਰਥਣਾਂ ਵੱਲੋਂ ਸ਼ਬਦ ਕੀਰਤਨ ਦੀ ਹਾਜ਼ਰੀ ਭਰੀ। ਇਸ ਮੌਕੇ ਵਿਦਿਆਲਿਆ ਦੇ ਡਾਇਰੈਕਟਰ ਪ੍ਰੋ. ਡਾ. ਅਤਿਮਾ ਸ਼ਰਮਾ ਦਿਵੇਦੀ ਨੇ ਵਿਦਿਆਰਥਣਾਂ, ਅਧਿਆਪਕਾਂ ਤੇ ਸਟਾਫ਼ ਮੈਂਬਰਾਂ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਨ ਫ਼ਲਸਫ਼ੇ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦੀ ਅੱਜ ਦੇ ਸਮੇਂ ’ਚ ਪ੍ਰਸੰਗਿਕਤਾ ਬਾਰੇ ਚਾਨਣਾ ਪਾਇਆ। ਸਿੱਖ ਧਰਮ ਦੀ ਪਵਿੱਤਰ ਪਰੰਪਰਾ ਲੰਗਰ ਨੂੰ ਮੁੱਖ ਰੱਖਦਿਆਂ ਵਿਦਿਆਰਥਣਾਂ ਤੇ ਹੋਸਟਲ ਸਟਾਫ਼ ਵੱਲੋਂ ਸਾਂਝੇ ਤੌਰ ‘ਤੇ ਲੰਗਰ ਤਿਆਰ ਕਰਕੇ ਵਰਤਾਇਆ ਗਿਆ। ਸ਼ਾਮ ਸਮੇਂ ਹੋਸਟਲ ਦੀਆਂ ਇਮਾਰਤਾਂ ਤੇ ਵਿਹੜਿਆਂ ਨੂੰ ਮਿੱਟੀ ਦੇ ਦੀਵਿਆਂ ਤੇ ਸਜਾਵਟੀ ਲਾਈਟਾਂ ਨਾਲ ਰੌਸ਼ਨ ਕੀਤਾ ਗਿਆ। ਡਾ. ਦਿਵੇਦੀ ਨੇ ਇਸ ਧਾਰਮਿਕ ਸਮਾਗਮ ਨੂੰ ਸੁਚੱਜੇ ਢੰਗ ਨਾਲ ਆਯੋਜਿਤ ਕਰਨ ਤੇ ਕੇਐੱਮਵੀ ਦੀ ਸੱਭਿਆਚਾਰਕ ਤੇ ਅਧਿਆਤਮਿਕ ਵਿਰਾਸਤ ਨੂੰ ਕਾਇਮ ਰੱਖਣ ਲਈ ਹੋਸਟਲ ਵਾਰਡਨਾਂ, ਸਟਾਫ਼ ਮੈਂਬਰਾਂ ਤੇ ਵਿਦਿਆਰਥਣਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।