- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੇਖਕ ਸਮੇਂ ਦੀ ਖ਼ਬਰ ਨਹੀਂ, ਸਮੇਂ ਦਾ ਚਿਹਰਾ ਪਛਾਣੇ: ਪ੍ਰੋ. ਜੈਪਾਲ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕੇਂਦਰੀ ਪੰਜਾਬੀ ਲੇਖਕ ਸਭਾ ਦੇ ਤਿੰਨ ਸਾਲਾ ਇਜਲਾਸ ਦੌਰਾਨ ਦੇਸ਼ ਭਗਤ ਯਾਦਗਾਰ ਹਾਲ ਵਿਖੇ 'ਸਮਕਾਲੀ ਸਮਾਜਿਕ, ਰਾਜਨੀਤਕ ਤੇ ਸੱਭਿਆਚਾਰਕ ਹਾਲਾਤ ਦੇ ਸੰਦਰਭ ’ਚ ਲੇਖਕਾਂ ਤੇ ਚਿੰਤਕਾਂ ਦੀ ਭੂਮਿਕਾ' ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ’ਚ ਪ੍ਰੋ. ਜੈਪਾਲ ਨੇ ਕਿਹਾ ਕਿ ਲੇਖਕ ਦਾ ਕੰਮ ਸਿਰਫ਼ ਆਪਣੇ ਸਮੇਂ ਦੀ ਖ਼ਬਰ ਦਰਜ ਕਰਨਾ ਨਹੀਂ, ਸਗੋਂ ਸਮੇਂ ਦਾ ਚਿਹਰਾ ਪਛਾਣਨਾ ਵੀ ਹੈ। ਉਨ੍ਹਾਂ ਕਿਹਾ ਕਿ ਝੂਠ ਤੇ ਅੱਧ-ਸੱਚ ਦੇ ਦੌਰ ’ਚ ਲੇਖਕ ਦੀ ਜ਼ਿੰਮੇਵਾਰੀ ਹੋਰ ਵਧ ਗਈ ਹੈ ਤੇ ਪੰਜਾਬੀ ਭਾਸ਼ਾ, ਕਿਸਾਨੀ, ਪਾਣੀਆਂ, ਪਰਵਾਸ, ਨੌਜਵਾਨੀ ਤੇ ਪੰਜਾਬ ਦੇ ਭਵਿੱਖ ਨਾਲ ਜੁੜੇ ਸਵਾਲ ਸਾਹਿਤਕ ਚਿੰਤਨ ਦਾ ਹਿੱਸਾ ਬਣਨੇ ਚਾਹੀਦੇ ਹਨ।
ਪ੍ਰਸਿੱਧ ਪੱਤਰਕਾਰ ਸਤਨਾਮ ਸਿੰਘ ਮਾਣਕ ਨੇ ਸੈਮੀਨਾਰ ’ਚ ਬੋਲਦਿਆਂ ਕਿਹਾ ਕਿ ਪੰਜਾਬ ਦੇ ਸੂਬਾਈ ਤੇ ਸੰਵਿਧਾਨਕ ਹੱਕ ਪੰਜਾਬ ਦੀ ਭਾਸ਼ਾ, ਸੱਭਿਆਚਾਰ, ਆਰਥਿਕਤਾ ਤੇ ਭਵਿੱਖ ਨਾਲ ਜੁੜੇ ਹਨ। ਚੰਡੀਗੜ੍ਹ, ਪੰਜਾਬੀ-ਬੋਲਦੇ ਇਲਾਕਿਆਂ ਤੇ ਦਰਿਆਈ ਪਾਣੀਆਂ ਸਮੇਤ ਇਨ੍ਹਾਂ ਮਸਲਿਆਂ ਦਾ ਹੱਲ ਸੰਵਿਧਾਨਕ ਹੱਕਾਂ ਤੇ ਜਮਹੂਰੀ ਸੰਵਾਦ ਰਾਹੀਂ ਲੱਭਿਆ ਜਾਣਾ ਚਾਹੀਦਾ ਹੈ। ਸੈਮੀਨਾਰ ਦੇ ਪ੍ਰਧਾਨਗੀ ਮੰਡਲ ’ਚ ਦੀਪਕ ਮਨਮੋਹਨ ਸਿੰਘ, ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਸਤਨਾਮ ਸਿੰਘ ਮਾਣਕ, ਸਤਨਾਮ ਚਾਨਾ, ਰਵਿੰਦਰ ਭੱਠਲ, ਗੁਲਜ਼ਾਰ ਪੰਧੇਰ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ ਤੇ ਹਰਮੀਤ ਵਿਦਿਆਰਥੀ ਸ਼ਾਮਲ ਸਨ। ਉਪਰੰਤ ਸਭਾ ਦੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ ਨੇ ਤਿੰਨ ਸਾਲਾਂ ਦੀ ਜਥੇਬੰਦਕ ਤੇ ਸਾਹਿਤਕ ਰਿਪੋਰਟ ਪੇਸ਼ ਕਰਦਿਆਂ ਕਿਹਾ ਕਿ ਸਭਾ ਨੇ ਪੰਜਾਬੀ ਭਾਸ਼ਾ, ਲਿਖਣ-ਬੋਲਣ ਦੀ ਆਜ਼ਾਦੀ, ਜਮਹੂਰੀ ਹੱਕਾਂ, ਪੰਜਾਬ ਦੇ ਸੂਬਾਈ ਹੱਕਾਂ ਤੇ ਲੋਕ-ਸਰੋਕਾਰਾਂ ਦੇ ਮਾਮਲਿਆਂ ’ਚ ਆਪਣੀ ਆਵਾਜ਼ ਬੁਲੰਦ ਕੀਤੀ।
ਰਿਪੋਰਟ ’ਚ ਪੰਜਾਬੀ ਯੂਨੀਵਰਸਿਟੀ ਦੇ ਬੀਬੀਏ ਦੇ ਤੀਜੇ ਸਾਲ ਦੇ ਪੰਜਵੇਂ ਸਮੈਸਟਰ ’ਚੋਂ ਪੰਜਾਬੀ ਹਟਾਉਣ ਦੇ ਫ਼ੈਸਲੇ ਦੇ ਵਿਰੋਧ, ਆਰਮੀ ਸਕੂਲਾਂ ’ਚ ਪੰਜਾਬੀ ਦੇ ਹੱਕ ’ਚ ਸੈਕਟਰ-17 ਚੰਡੀਗੜ੍ਹ ’ਚ ਕੀਤੇ ਧਰਨੇ, ਜਮਹੂਰੀ ਹੱਕਾਂ ਨਾਲ ਜੁੜੇ ਮਾਮਲਿਆਂ ਤੇ ਪਾਸ਼-ਹੰਸ ਰਾਜ ਯਾਦਗਾਰੀ ਕੰਪਲੈਕਸ ਦੀ ਰਾਖੀ ਲਈ ਕੀਤੇ ਦਖ਼ਲ ਦਾ ਜ਼ਿਕਰ ਕੀਤਾ ਗਿਆ। ਰਿਪੋਰਟ ’ਤੇ ਬਹਿਸ ’ਚ ਦੀਪ ਜਗਦੀਪ ਸਿੰਘ, ਹਰਮੀਤ ਵਿਦਿਆਰਥੀ ਤੇ ਕੁਝ ਹੋਰ ਲੇਖਕਾਂ ਨੇ ਹਿੱਸਾ ਲਿਆ। ਇਸ ਸੈਸ਼ਨ ਦੇ ਪ੍ਰਧਾਨਗੀ ਮੰਡਲ ’ਚ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ ਕੁਹਾੜ, ਮੀਤ ਪ੍ਰਧਾਨ ਸੁਰਿੰਦਰਪ੍ਰੀਤ ਘਣੀਆ, ਦਲਜੀਤ ਸਿੰਘ ਸ਼ਾਹੀ, ਸੁਰਿੰਦਰ ਗਿੱਲ ਜੈਪਾਲ, ਡਾ. ਗੁਰਇਕਬਾਲ ਸਿੰਘ, ਕੁਲਦੀਪ ਬੇਦੀ ਤੇ ਮੂਲ ਚੰਦ ਸ਼ਰਮਾ ਸ਼ਾਮਲ ਸਨ।
ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸਭਾ ਦੇ ਸਕੱਤਰ ਦੀਪ ਦੇਵਿੰਦਰ ਸਿੰਘ ਨੇ ਨਿਭਾਈ। ਵਿੱਤੀ ਰਿਪੋਰਟ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਨੇ ਪੇਸ਼ ਕੀਤੀ। ਜਨਰਲ ਸਕੱਤਰ ਦੀ ਰਿਪੋਰਟ ਤੇ ਵਿੱਤੀ ਰਿਪੋਰਟ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਇਸ ਮੌਕੇ 21 ਮਤੇ ਪੇਸ਼ ਕੀਤੇ ਗਏ। ਇਜਲਾਸ ਦੌਰਾਨ ਸਭਾ ਦੀ ਕਾਰਜਕਾਰਨੀ ਵੱਲੋਂ ਤਿੰਨ ਸਾਲਾ ਚੋਣ 25 ਅਕਤੂਬਰ 2026 ਨੂੰ ਦੇਸ਼ ਭਗਤ ਯਾਦਗਾਰ ਹਾਲ ਵਿਖੇ ਕਰਵਾਉਣ ਦਾ ਐਲਾਨ ਕੀਤਾ ਗਿਆ। ਡਾ. ਲਖਵਿੰਦਰ ਜੌਹਲ ਮੁੱਖ ਚੋਣ ਅਧਿਕਾਰੀ ਤੇ ਸਤਨਾਮ ਸਿੰਘ ਮਾਣਕ ਤੇ ਪ੍ਰੋ. ਤੇਜਿੰਦਰ ਵਿਰਲੀ ਸਹਾਇਕ ਚੋਣ ਅਧਿਕਾਰੀ ਹੋਣਗੇ।