- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਾਇਲਪੁਰ ਖ਼ਾਲਸਾ ਕਾਲਜ ਫਾਰ ਵਿਮੈਨ ਦੀ ਪ੍ਰਿੰਸੀਪਲ ਡਾ਼ ਸਰਬਜੀਤ ਕੌਰ ਰਾਏ ਦਾ ਕਹਿਣਾ ਹੈ ਕਿ ਅਧਿਆਪਕ ਨੂੰ ਸਮਾਜ ਦਾ ਸਿਰਜਣਹਾਰ ਮੰਨਿਆ ਜਾਂਦਾ ਹੈ। ਇਸ ਗੱਲ ਵਿੱਚ ਕੋਈ ਅਤਿਕਥਨੀ ਨਹੀਂ ਹੈ ਕਿ ਅਧਿਆਪਕ ਗਿਆਨ ਦੀ ਅਜਿਹੀ ਜੋਤ ਹੈ ਜੋ ਵਿਦਿਆਰਥੀਆਂ ਦੇ ਜੀਵਨ ‘ਚੋਂ ਅੰਧਕਾਰ ਹਟਾਉਂਦੇ ਹੋਏ ਚਾਨਣ ਖਿੰਡਾਉਂਦੀ ਹੈ।

ਅਮਰਜੀਤ ਸਿੰਘ ਵੇਹਗਲ, ਜਲੰਧਰ : ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ ਅਤੇ ਦੂਸਰੇ ਰਾਸ਼ਟਰਪਤੀ ਸਰਵਪੱਲੀ ਰਾਧਾਕ੍ਰਿਸ਼ਨਨ ਜੋ ਪ੍ਰਸਿੱਧ ਅਧਿਆਪਕ ਦੇ ਨਾਲ ਇਕ ਮਹਾਨ ਫਿਲਾਸਫਰ ਸਨ। ਉਨ੍ਹਾਂ ਨੇ ਪੱਛਮੀ ਫਿਲਾਸਫਰਾਂ ਦੀ ਸੋਚ ਨੂੰ ਭਾਰਤੀ ਸੋਚ ਵਿਚ ਦਾਖਲ ਕੀਤਾ। ਹਰ ਸਾਲ ਉਨ੍ਹਾਂ ਦਾ ਜਨਮ ਦਿਨ ਅਧਿਆਪਕ ਦਿਵਸ ਵਜੋਂ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ।
ਲਾਇਲਪੁਰ ਖ਼ਾਲਸਾ ਕਾਲਜ ਫਾਰ ਵਿਮੈਨ ਦੀ ਪ੍ਰਿੰਸੀਪਲ ਡਾ਼ ਸਰਬਜੀਤ ਕੌਰ ਰਾਏ ਦਾ ਕਹਿਣਾ ਹੈ ਕਿ ਅਧਿਆਪਕ ਨੂੰ ਸਮਾਜ ਦਾ ਸਿਰਜਣਹਾਰ ਮੰਨਿਆ ਜਾਂਦਾ ਹੈ। ਇਸ ਗੱਲ ਵਿੱਚ ਕੋਈ ਅਤਿਕਥਨੀ ਨਹੀਂ ਹੈ ਕਿ ਅਧਿਆਪਕ ਗਿਆਨ ਦੀ ਅਜਿਹੀ ਜੋਤ ਹੈ ਜੋ ਵਿਦਿਆਰਥੀਆਂ ਦੇ ਜੀਵਨ ‘ਚੋਂ ਅੰਧਕਾਰ ਹਟਾਉਂਦੇ ਹੋਏ ਚਾਨਣ ਖਿੰਡਾਉਂਦੀ ਹੈ। ਸੁਚੱਜੇ ਸਮਾਜ ਦੀ ਸਿਰਜਣਾ ਦੀ ਨੀਂਹ ਇੱਕ ਅਧਿਆਪਕ ਦੁਆਰਾ ਹੀ ਰੱਖੀ ਜਾਂਦੀ ਹੈ। ਗਿਆਨ ਦਾ ਇਹ ਚਾਨਣ ਵਿਦਿਆਰਥੀਆਂ ਨੂੰ ਆਪਣੀਆਂ ਮੰਜ਼ਿਲਾਂ ਸਰ ਕਰਨ ਵਿੱਚ ਸਹਾਈ ਹੁੰਦਾ ਹੈ।
ਐੱਚ ਐੱਮ ਵੀ ਕਾਲਜ ਦੀ ਪ੍ਰਿੰਸੀਪਲ ਡਾ. ਏਕਤਾ ਖੋਸਲਾ ਦਾ ਕਹਿਣਾ ਹੈ ਕਿ ਅਧਿਆਪਕ ਇਕ ਦੀਵੇ ਦੀ ਤਰ੍ਹਾਂ ਹੈ, ਜਿਹੜਾ ਆਪ ਜਲਦਾ ਹੈ ਤੇ ਹਰ ਪਾਸੇ ਰੌਸ਼ਨੀ ਫੈਲਾਉਂਦਾ ਹੈ। ਉਹ ਵਿਦਿਆਰਥੀਆਂ ‘ਚ ਨੈਤਿਕ ਗੁਣ ਭਰਨ ਦੀ ਹਮੇਸ਼ਾ ਕੋਸ਼ਿਸ਼ ਕਰਦਾ ਹੈ ਅਤੇ ਉਹ ਸਾਡੇ ਬੱਚਿਆਂ ਦੇ ਭਵਿੱਖ ਨੂੰ ਉਸਾਰਦਾ ਹੈ। ਉਨ੍ਹਾਂ ਦਾ ਹਮੇਸ਼ਾ ਸਤਿਕਾਰ ਅਤੇ ਧੰਨਵਾਦ ਕਰਦੇ ਰਹਿਣਾ ਚਾਹੀਦਾ ਹੈ। ਅਧਿਆਪਕਾ ਵੱਲੋਂ ਦਿਤੇ ਗਿਆਨ ਰੂਪੀ ਦੀਵੇ ਦੇ ਸਦਕਾ ਵਿਦਿਆਰਥੀ ਆਪਣੀ ਜ਼ਿੰਦਗੀ ‘ਚ ਮੰਜਿਲ ਪ੍ਰਾਪਤ ਕਰ ਲੈਂਦੇ ਹਨ।
ਸੁਆਮੀ ਸੰਤ ਦਾਸ ਪਬਲਿਕ ਸਕੂਲ ਦੇ ਪ੍ਰਬੰਧਕ ਮਹਾ ਮੰਡਲੇਸ਼ਵਰ ਸੁਆਮੀ ਸ਼ਾਂਤਾ ਨੰਦ ਦਾ ਕਹਿਣਾ ਹੈ ਕਿ ਗੁਰੂ ਗਿਆਨ ਦੇ ਚਾਨਣ ਨਾਲ ਅਗਿਆਨ ਦਾ ਹਨੇਰਾ ਮਿਟਾਉਦਾ ਹੈਪਰ ਅੱਜ ਕਿਤਾਬਾਂ, ਇਲੈਕਟ੍ਰਾਨਿਕ ਮੀਡੀਆ ਅਤੇ ਇੰਟਰਨੈੱਟ ਕਾਰਨ ‘ਗਿਆਨ ਦੇ ਧਮਾਕੇ' ਦੇ ਇਸ ਯੁੱਗ ਵਿੱਚ ਕੀ ਸਹੀ ਹੈ ਅਤੇ ਕੀ ਗ਼ਲਤ ਇਹ ਤੈਅ ਕਰਨਾ ਵੀ ਆਪਣੇ ਆਪ ਵਿੱਚ ਇੱਕ ਚੁਣੌਤੀ ਹੈ। ਇਸ ਚੁਣੌਤੀ ਦਾ ਸਾਹਮਣਾ ਸਿਰਫ਼ ਕਦਰਾਂ-ਕੀਮਤਾਂ ਨਾਲ ਭਰਪੂਰ ਸਿੱਖਿਆ ਪ੍ਰਣਾਲੀ ਦੁਆਰਾ ਹੀ ਕੀਤਾ ਜਾ ਸਕਦਾ ਹੈ। ਚੰਗੇ ਅਧਿਆਪਕ ਨੂੰ ਆਪਣੇ ਵਿਸ਼ੇ ਵਿੱਚ ਵਿਦਿਆਰਥੀਆਂ ਦੀ ਦਿਲਚਸਪੀ ਪੈਦਾ ਕਰਨ ਦੇ ਤਰੀਕਿਆਂ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ।ਅਜਿਹਾ ਕਰਨ ਲਈ ਉਸ ਦਾ ਆਪਣੇ ਵਿਸ਼ੇ ਦਾ ਮਾਹਿਰ ਹੋਣਾ ਅਤੇ ਵਿਸ਼ੇ ਸਬੰਧੀ ਹਰ ਨਵੀਨਤਮ ਗਿਆਨ ਤੋਂ ਜਾਣੂ ਹੋਣਾ ਬਹੁਤ ਜ਼ਰੂਰੀ ਹੈ।
ਇਤਿਹਾਸਿਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਦੀ ਪ੍ਰਬੰਧਕ ਕਮੇਟੀ ਵੱਲੋਂ ਚਲਾਏ ਜਾ ਰਹੇ ਸਕੂਲ ਦੇ ਪ੍ਰਬੰਧਕ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਕਿਰਪਾਲ ਸਿੰਘ ਕਾਲੜਾ ਦਾ ਕਹਿਣਾ ਹੈ ਕਿ ਅਧਿਆਪਕ ਜੇ ਝਿੜਕ ਵੀ ਦੇਵੇ ਤਾਂ ਉਸ ਦਾ ਗੁੱਸਾ ਨਾ ਕਰੋ, ਕਿਉਂਕਿ ਅਧਿਆਪਕ ਤੁਹਾਡੇ ਮਾਪਿਆਂ ਵਾਂਗ ਤੁਹਾਡਾ ਭਲਾ ਹੀ ਚਾਹੁੰਦਾ ਹੈ। ਗੁਰਬਾਣੀ ਵਿੱਚ ਵੀ ਵਾਰ ਵਾਰ-ਵਾਰ ਗੁਰੂ ਦਾ ਦਰਜ਼ਾ ਸਭ ਤੋਂ ਉੱਚਾ ਦੱਸਿਆ ਗਿਆ ਹੈ। ਜੇਕਰ ਵਿਦਿਆਰਥੀ ਨੇ ਗਿਆਨ ਪ੍ਰਾਪਤ ਕਰਨਾ ਹੈ ਤਾਂ ਨਿਮਰਤਾ ਧਾਰਨ ਕਰਨੀ ਪਵੇਗੀ ਕਿਉਂਕਿ ਜੇਕਰ ਬਰਤਨ ਵਿੱਚ ਵੀ ਕੁੱਝ ਪਵਾਉਣਾ ਹੁੰਦਾ ਹੈ ਤਾਂ ਉਸਨੂੰ ਨੀਵਾਂ ਕਰਨਾ ਪੈਂਦਾ ਹੈ ।ਪਰਮਾਤਮਾ ਨੇ ਅਧਿਆਪਕ ਨੂੰ ਵਿਦਿਆਰਥੀਆਂ ਦੇ ਭਵਿੱਖ ਬਣਾਉਣ ਦਾ ਸਭ ਤੋਂ ਸੋਹਣਾ ਕਿੱਤਾ ਬਖਸ਼ਿਸ਼ ਕੀਤਾ ਹੈ। ਵਿਦਿਆਰਥੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਅਧਿਆਪਕਾਂ ਨੂੰ ਮਾਪਿਆਂ ਵਾਂਗ ਪੂਰਾ ਮਾਣ ਸਤਿਕਾਰ ਦੇਣ।
ਕੇ ਐਮ ਵੀ ਕਾਲਜ ਦੀ ਡਾਇਰੈਕਟਰ ਪ੍ਰੋਫੈਸਰ ਡਾ.ਅਤਿਮਾ ਸ਼ਰਮਾ ਦਿਵੇਦੀ ਦਾ ਕਹਿਣਾ ਹੈ ਕਿ ਹਰ ਅਧਿਆਪਕ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਵੇਂ ਉਸ ਵੱਲੋਂ ਦਿੱਤੀ ਹੋਈ ਇੱਕ ਛੋਟੀ ਜਿਹੀ ਸਲਾਹ, ਅਗਵਾਈ ਅਤੇ ਹੌਸਲਾ-ਅਫ਼ਜ਼ਾਈ ਕਿਸੇ ਔਸਤ ਵਿਦਿਆਰਥੀ ਨੂੰ ਇੱਕ ਆਦਰਸ਼ ਡਾਕਟਰ, ਇੰਜਨੀਅਰ ਜਾਂ ਪ੍ਰਸ਼ਾਸਕ ਬਣਾਉਣ ਵਿੱਚ ਮਦਦ ਕਰ ਸਕਦੀ ਹੈ। ਇਸ ਲਈ ਅਧਿਆਪਕ ਬਹੁਮੁਖੀ ਪ੍ਰਤਿਭਾ ਦਾ ਮਾਲਕ ਹੋਣਾ ਚਾਹੀਦਾ ਹੈ। ਉਸ ਨੂੰ ਪੁਰਾਣੀ ਅਧਿਆਪਨ ਵਿਧੀ ਨੂੰ ਬਦਲ ਕੇ ਖ਼ੁਦ ਨੂੰ ਅਜੋਕੇ ਯੁੱਗ ਦੀਆਂ ਲੋੜਾਂ ਮੁਤਾਬਕ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਦੇ ਯੋਗ ਬਣਾਉਣਾ ਚਾਹੀਦਾ ਹੈ। ਗੁਰੂ ਉਸ ਨੂੰ ਕਿਹਾ ਜਾਂਦਾ ਹੈ ਜਿਹੜਾ ਗਿਆਨ ਦੇ ਚਾਨਣ ਨਾਲ ਅਗਿਆਨ ਦਾ ਹਨੇਰਾ ਮਿਟਾਵੇ।
ਡੀਏਵੀ ਕਾਲਜ ਦੇ ਪ੍ਰਿੰਸੀਪਲ ਡਾ.ਅਨੂਪ ਕੁਮਾਰ ਦਾ ਕਹਿਣਾ ਹੈ ਕਿ ਉੱਚੇ ਸਥਾਨ ਦੀ ਪ੍ਰਾਪਤੀ ਨਾਲ ਸਾਡੇ ਅਧਿਆਪਕਾਂ ਦੇ ਫਰਜ਼ ਹੋਰ ਵੀ ਵਧ ਜਾਂਦੇ ਹਨ ਕਿਉਂਕਿ ਛੋਟੇ ਬੱਚੇ ਆਪਣੇ ਅਧਿਆਪਕ ਤੋਂ ਸਭ ਨਾਲੋਂ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ। ਬੱਚੇ ਉਹ ਹੀ ਸਿੱਖਦੇ ਹਨ ਜੋ ਅਸੀਂ ਉਹਨਾਂ ਨੂੰ ਸਿਖਾਉਂਦੇ ਹਾਂ ਉਹ ਤਾਂ ਕੱਚੀ ਮਿੱਟੀ ਹਨ ਜਿਵੇਂ ਮਰਜ਼ੀ ਉਨ੍ਹਾਂ ਨੂੰ ਢਾਲ ਲਵੋ। ਬਚਪਨ ਵਿੱਚ ਸਿੱਖੀਆਂ ਗੱਲਾਂ ਬਚਪਨ ਵਿੱਚ ਸਿੱਖੀ ਸ਼ਬਦਾਵਲੀ ਸਾਰੀ ਉਮਰ ਉਨ੍ਹਾਂ ਦੇ ਨਾਲ ਰਹਿੰਦੀ ਹੈ। ਹੁਣ ਜਿੱਥੇ ਅਧਿਆਪਕ ਦਾ ਕਰਤੱਵ ਵਿਦਿਆਰਥੀਆਂ ਨੂੰ ਸਹੀ ਗਿਆਨ ਦੇਣਾ ਹੈ ਉੱਥੇ ਹੀ ਵਿਦਿਆਰਥੀਆਂ ਦਾ ਵੀ ਕਰਤੱਵ ਬਣਦਾ ਹੈ ਉਹ ਆਪਣੇ ਅਧਿਆਪਕ ਦਾ ਪੂਰਾ ਆਦਰ ਸਤਿਕਾਰ ਕਰੇ,ਅਨੁਸ਼ਾਸਨ ਵਿਚ ਰਹੇ ਨਿਮਰਤਾ ਧਾਰਨ ਕਰੇ।
ਜਲੰਧਰ ਸਕੂਲ ਦੀ ਪ੍ਰਿੰਸੀਪਲ ਰਾਜਪਾਲ ਕੌਰ ਨੇ ਕਿਹਾ ਕਿ ਅਧਿਆਪਕ ਇੱਕ ਦੀਵੇ ਵਾਂਗ ਹੈ ਅਤੇ ਕੋਈ ਵੀ ਦੀਵਾ ਆਪ ਬਲੇ ਬਿਨਾਂ ਦੂਜੇ ਦੀਵੇ ਨੂੰ ਰੋਸ਼ਨ ਨਹੀਂ ਕਰ ਸਕਦਾ। ਸਹੀ ਅਤੇ ਸੱਚੀ ਵਿੱਦਿਆ ਦੇਣਾ ਸਿਰਫ਼ ਤੱਥਾਂ ਦੀ ਜਾਣਕਾਰੀ ਦੇਣਾ ਹੀ ਨਹੀਂ ਹੈ। ਤੱਥਾਂ ਬਾਰੇ ਜਾਣੂ ਕਰਵਾਕੇ ਅਤੇ ਉਨ੍ਹਾਂ ਨੂੰ ਵਿਦਿਆਰਥੀਆਂ ਦੀ ਸੋਚ ਦਾ ਹਿੱਸਾ ਬਣਾ ਕੇ ਸਹੀ ਤਰੀਕੇ ਨਾਲ ਰੋਜ਼ਾਨਾ ਜ਼ਿੰਦਗੀ ਵਿੱਚ ਇਸਤੇਮਾਲ ਕਰਨ ਲਈ ਪ੍ਰੇਰਿਤ ਕਰਨ ਨੂੰ ਹੀ ਅਸਲੀ ਵਿੱਦਿਆ ਦਾ ਦੇਣਾ ਕਿਹਾ ਜਾਂਦਾ ਹੈ। ਅਜਿਹੀ ਵਿੱਦਿਆ ਪ੍ਰਦਾਨ ਕਰਕੇ ਹੀ ਅਧਿਆਪਕ ਸਮਾਜ ਅਤੇ ਦੇਸ਼ ਨੂੰ ਤਰੱਕੀ ਦੇ ਰਾਹ 'ਤੇ ਤੋਰ ਸਕਦੇ ਹਨ।
ਕੰਪਿਊਟਰ ਟੀਚਰ ਯੂਨੀਅਨ ਦੇ ਆਗੂ ਕਰਨਜੀਤ ਸਿੰਘ ਦਾ ਕਹਿਣਾ ਹੈ ਕਿ ਅਧਿਆਪਕ ਦਿਵਸ ਨੂੰ ਕੇਵਲ ਫੁੱਲਾਂ, ਸ਼ੁਭਕਾਮਨਾਵਾਂ ਅਤੇ ਸਨਮਾਨ-ਪੱਤਰਾਂ ਤੱਕ ਸੀਮਿਤ ਨਹੀਂ ਰਹਿਣਾ ਚਾਹੀਦਾ। ਇਸ ਦਿਨ ਨੂੰ 'ਅਧਿਆਪਕਾਂ ਦੀ ਗੱਲ ਸੁਣਨ ਵਾਲੇ ਦਿਨ' ਵਜੋਂ ਵੀ ਮਨਾਇਆ ਜਾ ਸਕਦਾ ਹੈ। ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਨਾਲ ਗੱਲਬਾਤ ਕਰਕੇ ਉਹਨਾਂ ਦੇ ਪੈਂਡਿੰਗ ਕੰਮਾਂ ਦਾ ਸਮਾਧਾਨ ਕੀਤਾ ਜਾਵੇ। ਉਨ੍ਹਾਂ ਤੋਂ ਪੁੱਛਿਆ ਜਾਵੇ ਕਿ ਉਨ੍ਹਾਂ ਨੂੰ ਆਪਣੇ ਕੰਮ ਵਿੱਚ ਕਿਹੜੀਆਂ ਮੁਸ਼ਕਿਲਾਂ ਆ ਰਹੀਆਂ ਹਨ, ਕਿਹੜੀਆਂ ਸੁਵਿਧਾਵਾਂ ਦੀ ਲੋੜ ਹੈ ਅਤੇ ਸਿੱਖਿਆ ਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਉਨ੍ਹਾਂ ਦੇ ਕੀ ਸੁਝਾਅ ਹਨ। ਅਧਿਆਪਕਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਇੱਕ ਪ੍ਰਭਾਵਸ਼ਾਲੀ ਅਤੇ ਪਾਰਦਰਸ਼ੀ ਪ੍ਰਣਾਲੀ ਹੋਣੀ ਵੀ ਜ਼ਰੂਰੀ ਹੈ। ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਉਸ ਦੀ ਗਤੀ ਬਾਰੇ ਅਧਿਆਪਕ ਨੂੰ ਜਾਣਕਾਰੀ ਮਿਲੇ ਅਤੇ ਜਾਇਜ਼ ਮਾਮਲਿਆਂ ਦਾ ਨਿਰਧਾਰਤ ਸਮੇਂ ਵਿੱਚ ਹੱਲ ਵੀ ਕੀਤਾ ਜਾਵੇ। ਇਸ ਨਾਲ ਅਧਿਆਪਕਾਂ ਵਿੱਚ ਇਹ ਵਿਸ਼ਵਾਸ ਪੈਦਾ ਹੋਵੇਗਾ ਕਿ ਉਨ੍ਹਾਂ ਦੀ ਆਵਾਜ਼ ਨੂੰ ਮਹੱਤਵ ਦਿੱਤਾ ਜਾਂਦਾ ਹੈ।
ਗੁਰਦੁਆਰਾ ਡੇਰਾ ਸੰਤਗੜ੍ਹ ਹਰਖੋਵਾਲੀਏ ਦੇ ਮੌਜੂਦਾ ਮੁਖੀ ਸੰਤ ਬਾਬਾ ਭਗਵਾਨ ਸਿੰਘ ਹਰਖੋਵਾਲੀਏ ਨੇ ਕਿਹਾ ਕਿ ਸਮਾਨਤਾ, ਪਿਆਰ ਅਤੇ ਸੇਵਾ ਨੂੰ ਬੱਚਿਆਂ ਦੇ ਦਿਲਾਂ ਤੱਕ ਪਹੁੰਚਾਉਣ ਦਾ ਕੰਮ ਅਧਿਆਪਕ ਹੀ ਕਰਦਾ ਹੈ। ਇੱਕ ਚੰਗਾ ਅਧਿਆਪਕ ਬੱਚੇ ਦੇ ਮਨ ਵਿੱਚ ਦੇਸ਼ ਭਗਤੀ ਦੀ ਭਾਵਨਾ ਭਰਦਾ ਹੈ। ਅੱਜ ਜੋ ਬੱਚਾ ਕਲਾਸ ਵਿੱਚ ਤਿਰੰਗੇ ਨੂੰ ਸਲਾਮ ਕਰਨਾ ਸਿੱਖ ਰਿਹਾ ਹੈ, ਕੱਲ੍ਹ ਉਹੀ ਸਰਹੱਦ 'ਤੇ ਦੇਸ਼ ਦੀ ਰਾਖੀ ਕਰੇਗਾ। ਗ੍ਰੰਥਾਂ ਵਿੱਚ ਕਿਹਾ ਗਿਆ ਹੈ ਕਿ ਗੁਰੂ ਬਿਨਾ ਗਿਆਨ ਨਹੀਂ। ਉਨ੍ਹਾਂ ਕਿਹਾ ਕਿ ਭਾਵੇਂ ਮਾਤਾ-ਪਿਤਾ ਬੱਚੇ ਨੂੰ ਜਨਮ ਦਿੰਦੇ ਹਨ, ਪਰ ਅਧਿਆਪਕ ਉਸਨੂੰ ਜੀਵਨ ਜਿਉਣ ਦੀ ਜਾਚ ਸਿਖਾਉਂਦਾ ਹੈ। ਇਸ ਲਈ ਅਧਿਆਪਕ ਦਾ ਦਰਜਾ ਮਾਤਾ-ਪਿਤਾ ਤੋਂ ਵੀ ਉੱਚਾ ਮੰਨਿਆ ਗਿਆ ਹੈ। ਜੇ ਕਿਸੇ ਦੇਸ਼ ਨੇ ਤਰੱਕੀ ਕਰਨੀ ਹੈ ਤਾਂ ਉਸਨੂੰ ਆਪਣੇ ਅਧਿਆਪਕਾਂ ਦਾ ਸਤਿਕਾਰ ਕਰਨਾ ਪਵੇਗਾ। ਇੱਕ ਚੰਗੀ ਇਮਾਰਤ ਲਈ ਮਜ਼ਬੂਤ ਨੀਂਹ ਜ਼ਰੂਰੀ ਹੈ, ਅਤੇ ਉਹ ਨੀਂਹ ਅਧਿਆਪਕ ਹੀ ਹੈ। ਜਿਸ ਦੇਸ਼ ਦੇ ਅਧਿਆਪਕ ਇਮਾਨਦਾਰ, ਮਿਹਨਤੀ ਅਤੇ ਗਿਆਨਵਾਨ ਹੋਣਗੇ, ਉਸ ਦੇਸ਼ ਦੀ ਕੌਮ ਆਪਣੇ ਆਪ ਮਜ਼ਬੂਤ ਅਤੇ ਮਹਾਨ ਬਣ ਜਾਵੇਗੀ।