ਸੋਢਲ ਮੇਲੇ ’ਚ ਆਸਥਾ ਦਾ ਸੈਲਾਬ, ਲੱਖਾਂ ਦੀ ਗਿਣਤੀ ’ਚ ਪੁੱਜੀ ਸੰਗਤ ਸੋਢਲ ਮੇਲੇ ’ਚ ਆਸਥਾ ਦਾ ਸੈਲਾਬ, ਲੱਖਾਂ ਦੀ ਗਿਣਤੀ ’ਚ ਪਹੁੰਚੀ ਸੰਗਤ
Publish Date: Fri, 25 Sep 2026 09:09 PM (IST)
Updated Date: Fri, 25 Sep 2026 09:12 PM (IST)
-ਪਿਛਲੀ ਵਾਰ ਨਾਲੋਂ ਵੀ ਜ਼ਿਆਦਾ ਭਰਿਆ ਮੇਲਾ, ਛੋਟੇ-ਮੋਟੇ ਝਗੜੇ ਵੀ ਬਣੇ ਚਰਚਾ ਦਾ ਵਿਸ਼ਾ ਲਖਬੀਰ, ਪੰਜਾਬੀ ਜਾਗਰਣ, ਜਲੰਧਰ ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ’ਚ ਇਸ ਵਾਰ ਆਸਥਾ ਦਾ ਅਜਿਹਾ ਸੈਲਾਬ ਦੇਖਣ ਨੂੰ ਮਿਲਿਆ ਕਿ ਸ਼ਾਮ ਢੱਲਦੇ ਹੀ ਸੋਢਲ ਦੀਆਂ ਸੜਕਾਂ ਸ਼ਰਧਾਲੂਆਂ ਨਾਲ ਭਰ ਗਈਆਂ। ਸਵੇਰ ਤੋਂ ਸ਼ੁਰੂ ਹੋਇਆ ਸੰਗਤਾਂ ਦਾ ਆਉਣਾ ਸ਼ਾਮ ਤੱਕ ਵੱਡੇ ਜਨਸਮੂਹ ਵਿੱਚ ਬਦਲ ਗਿਆ। ਪਿਛਲੀ ਵਾਰ ਦੇ ਮੁਕਾਬਲੇ ਇਸ ਵਾਰ ਮੇਲਾ ਹੋਰ ਵੀ ਵੱਧ ਭਰਿਆ ਨਜ਼ਰ ਆਇਆ ਤੇ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਬਾਬਾ ਜੀ ਦੇ ਦਰ ’ਤੇ ਨਤਮਸਤਕ ਹੋਣ ਪਹੁੰਚੇ। ਸੋਢਲ ਮੰਦਿਰ ਵੱਲ ਜਾਣ ਵਾਲੇ ਰਸਤਿਆਂ ’ਤੇ ਸਵੇਰ ਤੋਂ ਹੀ ਸ਼ਰਧਾਲੂਆਂ ਦੀ ਆਵਾਜਾਈ ਸ਼ੁਰੂ ਹੋ ਗਈ ਸੀ। ਦੁਪਹਿਰ ਬਾਅਦ ਭੀੜ ਦਾ ਦਬਾਅ ਤੇਜ਼ੀ ਨਾਲ ਵਧਿਆ ਤੇ ਸ਼ਾਮ ਢਲਦੇ-ਢਲਦੇ ਸਥਿਤੀ ਇਹ ਬਣ ਗਈ ਕਿ ਸੋਢਲ ਦੀਆਂ ਕਈ ਸੜਕਾਂ ’ਤੇ ਪੈਦਲ ਚੱਲਣ ਵਾਲੇ ਲੋਕਾਂ ਦੀ ਗਿਣਤੀ ਵਾਹਨਾਂ ਨਾਲੋਂ ਕਿਤੇ ਵੱਧ ਨਜ਼ਰ ਆਈ। ਪਰਿਵਾਰਾਂ ਸਮੇਤ ਪਹੁੰਚੇ ਸ਼ਰਧਾਲੂਆਂ ਵਿੱਚ ਖਾਸਾ ਉਤਸ਼ਾਹ ਸੀ ਅਤੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਵਰਗ ਦੇ ਲੋਕ ਮੇਲੇ ਦੀ ਰੌਣਕ ਵਿੱਚ ਸ਼ਾਮਲ ਹੋਏ। ---------------------------------- ਪੈਦਲ ਆਵਾਜਾਈ ਦਾ ਵਧਿਆ ਦਬਾਅ ਸ਼ਾਮ ਢਲਦਿਆਂ ਹੀ ਸੋਢਲ ਇਲਾਕੇ ਦੀ ਤਸਵੀਰ ਪੂਰੀ ਤਰ੍ਹਾਂ ਬਦਲ ਗਈ। ਦੂਰ-ਦੂਰ ਤੋਂ ਆਈਆਂ ਸੰਗਤਾਂ ਦਾ ਰੇਲਾ ਲਗਾਤਾਰ ਮੰਦਿਰ ਵੱਲ ਵਧਦਾ ਰਿਹਾ। ਮੱਥਾ ਟੇਕਣ ਤੋਂ ਬਾਅਦ ਸ਼ਰਧਾਲੂ ਮੇਲੇ ਦੇ ਬਾਜ਼ਾਰਾਂ ਵੱਲ ਜਾਂਦੇ ਰਹੇ, ਜਿਸ ਕਾਰਨ ਇਲਾਕੇ ਵਿੱਚ ਪੈਦਲ ਆਵਾਜਾਈ ਦਾ ਦਬਾਅ ਹੋਰ ਵਧ ਗਿਆ। ਮੇਲੇ ’ਚ ਪ੍ਰਸਾਦ, ਖਾਣ-ਪੀਣ ਦੀਆਂ ਦੁਕਾਨਾਂ, ਖਿਡੌਣਿਆਂ ਅਤੇ ਹੋਰ ਸਟਾਲਾਂ ’ਤੇ ਵੀ ਭੀੜ ਦਿਖਾਈ ਦਿੱਤੀ। ਕਈ ਥਾਵਾਂ ’ਤੇ ਲੋਕਾਂ ਨੂੰ ਅੱਗੇ ਵਧਣ ਲਈ ਇਕ-ਦੂਜੇ ਨੂੰ ਰਸਤਾ ਦੇਣਾ ਪਿਆ। ਇਸ ਦੌਰਾਨ ਮੇਲੇ ਦੀ ਰੌਣਕ ਦੇ ਨਾਲ-ਨਾਲ ਭੀੜ ਨੂੰ ਕਾਬੂ ਵਿੱਚ ਰੱਖਣਾ ਵੀ ਪ੍ਰਸ਼ਾਸਨ ਲਈ ਵੱਡੀ ਚੁਣੌਤੀ ਬਣਿਆ ਰਿਹਾ। ------------------------ ਭੀੜ ਦਰਮਿਆਨ ਛੋਟੇ-ਮੋਟੇ ਝਗੜੇ ਵੀ ਵੱਡੀ ਭੀੜ ਦਰਮਿਆਨ ਕੁਝ ਥਾਵਾਂ ’ਤੇ ਛੋਟੇ-ਮੋਟੇ ਝਗੜੇ ਹੋਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ। ਭੀੜ ਵਾਲੀਆਂ ਥਾਵਾਂ ’ਤੇ ਧੱਕਾ-ਮੁੱਕੀ, ਰਸਤਾ ਦੇਣ ਜਾਂ ਹੋਰ ਛੋਟੀਆਂ ਗੱਲਾਂ ਨੂੰ ਲੈ ਕੇ ਤਕਰਾਰ ਦੀ ਸੰਭਾਵਨਾ ਵਧ ਜਾਂਦੀ ਹੈ। ਅਜਿਹੇ ਮੌਕਿਆਂ ’ਤੇ ਪੁਲਿਸ ਦੀ ਤੁਰੰਤ ਦਖਲਅੰਦਾਜ਼ੀ ਤੇ ਭੀੜ ਨੂੰ ਤੁਰੰਤ ਵੱਖ ਕਰਨਾ ਬੇਹੱਦ ਜ਼ਰੂਰੀ ਬਣ ਜਾਂਦਾ ਹੈ। ਹਾਲਾਂਕਿ ਮੇਲੇ ਵਿੱਚ ਆਸਥਾ ਅਤੇ ਉਤਸ਼ਾਹ ਦਾ ਮਾਹੌਲ ਕਾਇਮ ਰਿਹਾ ਪਰ ਇਨ੍ਹਾਂ ਛੋਟੀਆਂ ਘਟਨਾਵਾਂ ਨੇ ਭੀੜ ਪ੍ਰਬੰਧਨ ਦੀ ਤਿਆਰੀ ’ਤੇ ਸਵਾਲ ਜ਼ਰੂਰ ਖੜ੍ਹੇ ਕੀਤੇ। --------------------- ਲੱਖਾਂ ਦੀ ਸੰਗਤ ਲਈ ਕਿੰਨੇ ਪੁਖ਼ਤਾ ਸਨ ਪ੍ਰਬੰਧ ਸੋਢਲ ਮੇਲਾ ਹਰ ਸਾਲ ਲੱਖਾਂ ਲੋਕਾਂ ਨੂੰ ਆਪਣੇ ਵੱਲ ਖਿੱਚਦਾ ਹੈ। ਇਸ ਵਾਰ ਜੇ ਭੀੜ ਪਿਛਲੀ ਵਾਰ ਨਾਲੋਂ ਵੀ ਵੱਧ ਰਹੀ ਤਾਂ ਕਰਾਊਡ ਮੈਨੇਜਮੈਂਟ ਦੀ ਜ਼ਿੰਮੇਵਾਰੀ ਵੀ ਉਸੇ ਅਨੁਪਾਤ ਵਿੱਚ ਵਧ ਰਹੀ। ਇੱਥੇ ਸਭ ਤੋਂ ਅਹਿਮ ਸਵਾਲ ਇਹ ਹੈ ਕਿ ਕੀ ਭੀੜ ਦੀ ਸੰਭਾਵਿਤ ਗਿਣਤੀ ਦੇ ਮੁਕਾਬਲੇ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਤਿਆਰ ਕੀਤਾ ਗਿਆ ਕਰਾਊਡ-ਮੈਨੇਜਮੈਂਟ ਪਲਾਨ ਜ਼ਮੀਨੀ ਪੱਧਰ ’ਤੇ ਪੂਰੀ ਤਰ੍ਹਾਂ ਲਾਗੂ ਰਿਹਾ। ਭੀੜ ਨੂੰ ਵੱਖ-ਵੱਖ ਰਸਤਿਆਂ ਰਾਹੀਂ ਮੋੜਨਾ, ਪੈਦਲ ਆਵਾਜਾਈ ਲਈ ਵੱਖਰਾ ਰਸਤਾ, ਵਾਹਨਾਂ ਲਈ ਡਾਇਵਰਜ਼ਨ, ਬੈਰੀਕੇਡਿੰਗ, ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ, ਐਮਰਜੈਂਸੀ ਰੂਟ ਅਤੇ ਭੀੜ ਵਧਣ ਦੀ ਸਥਿਤੀ ਵਿੱਚ ਵਿਕਲਪਿਕ ਯੋਜਨਾ ਇਹ ਸਾਰੇ ਪ੍ਰਬੰਧ ਕਿਸੇ ਵੀ ਵੱਡੇ ਧਾਰਮਿਕ ਇਕੱਠ ਦੀ ਸੁਰੱਖਿਆ ਲਈ ਅਹਿਮ ਹੁੰਦੇ ਹਨ। ------------------------- ਭੀੜ ਨੂੰ ਕੰਟਰੋਲ ਕਰਨਾ ਅਸਲ ਪਰਖ ਮੇਲੇ ਦੌਰਾਨ ਸਭ ਤੋਂ ਵੱਡੀ ਚਿੰਤਾ ਐਮਰਜੈਂਸੀ ਸੇਵਾਵਾਂ ਲਈ ਰਸਤੇ ਨੂੰ ਲੈ ਕੇ ਰਹਿੰਦੀ ਹੈ। ਜੇਕਰ ਕਿਸੇ ਸ਼ਰਧਾਲੂ ਦੀ ਸਿਹਤ ਅਚਾਨਕ ਵਿਗੜ ਜਾਵੇ ਜਾਂ ਕਿਸੇ ਥਾਂ ਕੋਈ ਹਾਦਸਾ ਵਾਪਰ ਜਾਵੇ ਤਾਂ ਐਂਬੂਲੈਂਸ, ਫਾਇਰ ਬ੍ਰਿਗੇਡ ਜਾਂ ਪੁਲਿਸ ਦੀ ਗੱਡੀ ਕਿੰਨੀ ਤੇਜ਼ੀ ਨਾਲ ਮੌਕੇ ਤੱਕ ਪਹੁੰਚ ਸਕਦੀ ਹੈ, ਇਹ ਭੀੜ ਪ੍ਰਬੰਧਨ ਦੀ ਅਸਲ ਪਰਖ ਹੁੰਦੀ ਹੈ। ਇਸ ਦੇ ਨਾਲ ਮੈਡੀਕਲ ਸਹਾਇਤਾ ਕੇਂਦਰਾਂ, ਪੀਣ ਵਾਲੇ ਪਾਣੀ, ਜਨਤਕ ਸਹੂਲਤਾਂ ਅਤੇ ਗੁੰਮ ਹੋਏ ਬੱਚਿਆਂ ਜਾਂ ਬਜ਼ੁਰਗਾਂ ਨੂੰ ਪਰਿਵਾਰਾਂ ਨਾਲ ਮਿਲਾਉਣ ਲਈ ਬਣਾਏ ਪ੍ਰਬੰਧ ਵੀ ਤਕਰੀਬਨ ਕਾਮਯਾਬ ਦਿਸੇ। ------------------------ ਆਸਥਾ ਦੇ ਨਾਲ-ਨਾਲ ਸੁਰੱਖਿਆ ਲੱਖਾਂ ਲੋਕਾਂ ਦੀ ਆਮਦ ਨੇ ਮੇਲੇ ਦੀ ਧਾਰਮਿਕ ਮਹੱਤਤਾ ਅਤੇ ਲੋਕਾਂ ਦੀ ਆਸਥਾ ਨੂੰ ਮੁੜ ਉਜਾਗਰ ਕੀਤਾ ਪਰ ਇੰਨੀ ਵੱਡੀ ਗਿਣਤੀ ’ਚ ਸੰਗਤ ਦੇ ਇਕੱਠ ਨਾਲ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਵੀ ਕਈ ਗੁਣਾ ਵਧ ਜਾਂਦੀ ਹੈ। ਮੇਲਾ ਸਿਰਫ਼ ਭੀੜ ਇਕੱਠੀ ਕਰਨ ਦਾ ਨਾਂ ਨਹੀਂ, ਸਗੋਂ ਹਰ ਸ਼ਰਧਾਲੂ ਨੂੰ ਸੁਰੱਖਿਅਤ ਤਰੀਕੇ ਨਾਲ ਦਰਸ਼ਨ ਕਰਵਾ ਕੇ ਘਰ ਤੱਕ ਪਹੁੰਚਾਉਣਾ ਹੀ ਅਸਲ ਪ੍ਰਬੰਧ ਦੀ ਕਸੌਟੀ ਸੀ। --------------------------- 1500 ਜਵਾਨਾਂ ਨੇ ਸੰਭਾਲਿਆ ‘ਮੇਲਾ’ ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ਦੌਰਾਨ ਵੱਡੀ ਗਿਣਤੀ ਵਿੱਚ ਪਹੁੰਚੀ ਸੰਗਤ ਦੀ ਸੁਰੱਖਿਆ ਅਤੇ ਭੀੜ ਪ੍ਰਬੰਧਨ ਲਈ ਪੁਲਿਸ ਵੱਲੋਂ ਕਰੀਬ 1500 ਜਵਾਨ ਤਾਇਨਾਤ ਕੀਤੇ ਗਏ। ਸਵੇਰ ਤੋਂ ਹੀ ਮੰਦਿਰ ਵੱਲ ਆਉਣ ਵਾਲੇ ਰਸਤਿਆਂ ’ਤੇ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਰਹੀ। ਪੁਲਿਸ ਵੱਲੋਂ ਬੈਰੀਕੇਡਿੰਗ, ਟ੍ਰੈਫਿਕ ਪ੍ਰਬੰਧਨ, ਸੀਸੀਟੀਵੀ ਨਿਗਰਾਨੀ ਅਤੇ ਸੰਵੇਦਨਸ਼ੀਲ ਥਾਵਾਂ ’ਤੇ ਵਾਧੂ ਫੋਰਸ ਰਾਹੀਂ ਹਾਲਾਤ ਸੰਭਾਲਣ ਦੀ ਕੋਸ਼ਿਸ਼ ਕੀਤੀ ਗਈ। ਇੰਨੀ ਵੱਡੀ ਗਿਣਤੀ ਵਿੱਚ ਸੰਗਤ ਦੇ ਪੁੱਜਣ ਦਰਮਿਆਨ 1500 ਜਵਾਨਾਂ ਲਈ ਮੇਲੇ ਨੂੰ ਸੁਰੱਖਿਅਤ ਅਤੇ ਸੁਚੱਜੇ ਢੰਗ ਨਾਲ ਚਲਾਉਣਾ ਵੀ ਵੱਡੀ ਜ਼ਿੰਮੇਵਾਰੀ ਰਿਹਾ।