- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਿਲ ਦੇ ਦੌਰੇ ਤੇ ਬ੍ਰੇਨ ਸਟਰੋਕ ਦੇ ਇਲਾਜ ਲਈ ਜ਼ਿਲ੍ਹਾ ਜਲੰਧਰ ਵਿਖੇ ਵਿਸ਼ੇਸ਼ ਟਰੇਨਿੰਗ ਕੈਂਪ ਲਗਾਇਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਰਕਾਰ ਦੇ ਮੁੱਖ ਫਲੈਗਸ਼ਿਪ ਪ੍ਰੋਗਰਾਮਾਂ ਪੰਜਾਬ ਮਿਸ਼ਨ ਅੰਮ੍ਰਿਤ ਤੇ ਪੰਜਾਬ ਸਟਰੋਕ ਪ੍ਰੋਗਰਾਮ ਨੂੰ ਜ਼ਿਲ੍ਹੇ ’ਚ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਸਿਵਲ ਸਰਜਨ ਡਾ. ਰਾਜੇਸ਼ ਗਰਗ ਦੀ ਯੋਗ ਅਗਵਾਈ ਹੇਠ ਸਿਵਲ ਹਸਪਤਾਲ ਵਿਖੇ ਟਰੇਨਿੰਗ ਸੈਸ਼ਨ ਕਰਵਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਮ ਜਨਤਾ ਦੀ ਸਹੂਲਤ ਲਈ ਦਿਲ ਦੇ ਦੌਰੇ ਤੇ ਬ੍ਰੇਨ ਸਟਰੋਕ ਵਰਗੀਆਂ ਗੰਭੀਰ ਬੀਮਾਰੀਆਂ ਦਾ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਜਾ ਰਹਾ ਹੈ। ਇਨ੍ਹਾ ਪ੍ਰੋਗਰਾਮਾਂ ਤਹਿਤ ਲਗਭਗ 40,000 ਰੁਪਏ ਦੀ ਕੀਮਤ ਵਾਲਾ ਜੀਵਨ-ਰੱਖਿਅਕ ਟੀਕਾ ’ਟੇਨੈਕਟੇਪਲੇਸ’ ਯੋਗ ਮਰੀਜ਼ਾਂ ਨੂੰ ਸਰਕਾਰੀ ਹਸਪਤਾਲਾਂ ’ਚ ਬਿਲਕੁਲ ਮੁਫ਼ਤ ਦਿੱਤਾ ਜਾ ਰਿਹਾ ਹੈ। ਜੇਕਰ ਮਰੀਜ਼ ਨੂੰ ਸਮੇਂ ਸਿਰ ਹਸਪਤਾਲ ਲਿਆਂਦਾ ਜਾਵੇ ਤੇ ਡਾਕਟਰੀ ਪ੍ਰੋਟੋਕੋਲ ਅਨੁਸਾਰ ਇਹ ਟੀਕਾ ਲਗਾਇਆ ਜਾਵੇ, ਤਾਂ ਮਰੀਜ਼ ਦੀ ਜਾਨ ਬਚਾਈ ਜਾ ਸਕਦੀ ਹੈ। ਇਸ ਸਿਖਲਾਈ ਸਮਾਗਮ ਦੌਰਾਨ ਕੰਸਲਟੈਂਟ ਫਿਜ਼ੀਸ਼ੀਅਨ ਡਾ. ਅਭਿਨਵ ਸ਼ੂਰ ਵੱਲੋਂ ਜ਼ਿਲ੍ਹਾ ਹਸਪਤਾਲ (48) ਜਲੰਧਰ, ਸਬ-ਡਿਵੀਜ਼ਨਲ ਹਸਪਤਾਲ ਫਿਲੌਰ, ਸਬ-ਡਿਵੀਜ਼ਨਲ ਹਸਪਤਾਲ ਨਕੋਦਰ ਦੇ ਸਮੂਹ ਐਮਰਜੈਂਸੀ ਮੈਡੀਕਲ ਅਫ਼ਸਰਾਂ ਤੇ ਰੈਜ਼ੀਡੈਂਟ ਡਾਕਟਰਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਗਈ।