- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਲਾਸਟਿਕ ਮੁਕਤ ਮੰਡੀ ਦਾ ਸੁਨੇਹਾ ਦੇਣ ਲਈ ਸਰਦਾਰ ਅਜੀਤ ਸਿੰਘ ਫਾਊਂਡੇਸ਼ਨ ਵੱਲੋਂ ਵਿਸ਼ੇਸ਼ ਮੁਹਿੰਮ

-ਮਕਸੂਦਾਂ ਸਬਜ਼ੀ ਮੰਡੀ ’ਚ 1200 ਦੇ ਕਰੀਬ ਕੱਪੜੇ ਦੇ ਥੈਲੇ ਮੁਫ਼ਤ ਵੰਡੇ
-ਵਿਦਿਆਰਥੀਆਂ ਨੇ ਪੰਜ ਬੋਰੀਆਂ ਸੁੱਕਾ ਕੂੜਾ ਇਕੱਠਾ ਕਰਕੇ ਸਹੀ ਨਿਪਟਾਰੇ ਲਈ ਸੌਂਪਿਆ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਵਾਤਾਵਰਨ ਦੀ ਸੰਭਾਲ ਦੇ ਉਦੇਸ਼ ਨਾਲ ਅਜੀਤ ਸਿੰਘ ਫਾਊਂਡੇਸ਼ਨ ਸੋਸਾਇਟੀ ਰਜਿਸਟਰਡ, ਜਲੰਧਰ ਵੱਲੋਂ 15 ਦਿਨਾਂ ਦੀ ਕਮਿਊਨਿਟੀ ਆਊਟਰੀਚ ਇੰਟਰਨਸ਼ਿਪ ਕਰਵਾਈ ਜਾ ਰਹੀ ਹੈ। ਇਸ ’ਚ ਹੰਸ ਰਾਜ ਮਹਿਲਾ ਮਹਾ ਵਿਦਿਆਲਿਆ ਦੀਆਂ ਵਿਦਿਆਰਥਣਾਂ ਵੱਲੋਂ ਹਿੱਸਾ ਲਿਆ ਜਾ ਰਿਹਾ ਹੈ। ਇਸੇ ਮੁਹਿੰਮ ਤਹਿਤ ਮਕਸੂਦਾਂ ਸਬਜ਼ੀ ਮੰਡੀ ਵਿਖੇ ਵਿਸ਼ੇਸ਼ ਜਾਗਰੂਕਤਾ ਤੇ ਸਫ਼ਾਈ ਮੁਹਿੰਮ ਚਲਾਈ ਗਈ। ਫਾਊਂਡੇਸ਼ਨ ਦੀ ਪ੍ਰਧਾਨ ਤੇ ਗਰੀਨ ਪੈਰੋਜ਼ ਪ੍ਰੋਜੈਕਟ ਦੀ ਸੰਸਥਾਪਕ ਰਮਨਪ੍ਰੀਤ ਕੌਰ ਦੀ ਅਗਵਾਈ ਹੇਠ ਵਿਦਿਆਰਥਣਾਂ ਦਾ ਇਕ ਸਮੂਹ ਸਬਜ਼ੀ ਮੰਡੀ ਮਕਸੂਦਾਂ ਪੁੱਜਾ। ਮੰਡੀ ਬੋਰਡ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਕਰਵਾਈ ਗਈ ਇਸ ਗਤੀਵਿਧੀ ਦੌਰਾਨ ਦੁਕਾਨਦਾਰਾਂ ਤੇ ਖਰੀਦਦਾਰੀ ਕਰਨ ਆਏ ਲੋਕਾਂ ਨੂੰ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਨਾ ਕਰਨ ਤੇ ਵਾਤਾਵਰਨ ਦੀ ਸੁਰੱਖਿਆ ’ਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ਗਿਆ। ਵਿਦਿਆਰਥਣਾਂ ਨੇ ਮੰਡੀ ਦੀਆਂ ਵੱਖ-ਵੱਖ ਦੁਕਾਨਾਂ ’ਤੇ ਜਾ ਕੇ ਦੁਕਾਨਦਾਰਾਂ ਤੇ ਗਾਹਕਾਂ ਨੂੰ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਬਜਾਏ ਕੱਪੜੇ ਦੇ ਥੈਲੇ ਵਰਤਣ ਦੀ ਅਪੀਲ ਕੀਤੀ। ਇਸ ਮੌਕੇ ਗਰੀਨ ਪੈਰੋਜ਼ ਪ੍ਰੋਜੈਕਟ ਤਹਿਤ ਤਿਆਰ ਕੀਤੇ ਗਏ ਲਗਭਗ 1200 ਕੱਪੜੇ ਦੇ ਥੈਲੇ ਮੁਫ਼ਤ ਵੰਡੇ ਗਏ। ਇਸ ਤੋਂ ਇਲਾਵਾ ਮੰਡੀ ਦੇ ਇਕ ਹਿੱਸੇ ’ਚ ਸਫ਼ਾਈ ਮੁਹਿੰਮ ਚਲਾਉਂਦਿਆਂ ਪਲਾਸਟਿਕ ਦੇ ਲਿਫ਼ਾਫ਼ੇ ਤੇ ਹੋਰ ਸੁੱਕਾ ਕੂੜਾ ਇਕੱਠਾ ਕੀਤਾ। ਇਸ ਦੌਰਾਨ ਕੂੜੇ ਦੀਆਂ ਪੰਜ ਬੋਰੀਆਂ ਭਰ ਕੇ ਮੰਡੀ ਬੋਰਡ ਦੇ ਦਫ਼ਤਰ ’ਚ ਜਮ੍ਹਾਂ ਕਰਵਾਈਆਂ ਗਈਆਂ, ਤਾਂ ਜੋ ਇਸ ਦਾ ਸਹੀ ਢੰਗ ਨਾਲ ਨਿਪਟਾਰਾ ਕੀਤਾ ਜਾ ਸਕੇ। ਇਸ ਮੁਹਿੰਮ ’ਚ ਹੰਸ ਰਾਜ ਮਹਿਲਾ ਮਹਾ ਵਿਦਿਆਲਿਆ ਤੋਂ ਪੰਜਾਬੀ ਵਿਭਾਗ ਦੀ ਮੁਖੀ ਕੁਲਜੀਤ ਕੌਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਮੰਡੀ ਬੋਰਡ ਦੇ ਅਧਿਕਾਰੀਆਂ ਨੇ ਵੀ ਵਿਦਿਆਰਥਣਾਂ ਨੂੰ ਸੰਬੋਧਨ ਕੀਤਾ ਤੇ ਅਜੀਤ ਸਿੰਘ ਫਾਊਂਡੇਸ਼ਨ ਸੋਸਾਇਟੀ ਵੱਲੋਂ ਵਾਤਾਵਰਨ ਦੀ ਸੰਭਾਲ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਮਾਰਕੀਟ ਕਮੇਟੀ ਦੇ ਸਕੱਤਰ ਦਲਬੀਰ ਸਿੰਘ ਨੇ ਵਿਦਿਆਰਥਣਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਇਸ ਮੌਕੇ ਰਿਕੀ ਸੋਂਧੀ ਤੇ ਪ੍ਰਦੀਪ ਕੁਮਾਰ ਨੇ ਸੁਪਰਵਾਈਜ਼ਰ ਵਜੋਂ ਮੁਹਿੰਮ ’ਚ ਸਹਿਯੋਗ ਦਿੱਤਾ।