- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਾਰਥ ’ਚ ਸਿਆਸੀ ਭੂਚਾਲ! ਭਾਜਪਾ ਦਾ ਵੱਡਾ ਚਿਹਰਾ ‘ਆਪ’ ਦੇ ਝਾੜੂ ਵੱਲ

-ਵਿਨੀਤ ਧੀਰ ਲਈ ਨਾਰਥ ਦੀ ਕਮਾਨ ਹੁਣ ਬਣੀ ਵੱਡੀ ਸਿਆਸੀ ਕਸੌਟੀ
-ਭਾਜਪਾ ਦੇ ਕਿਸ ਵੱਡੇ ਚਿਹਰੇ ’ਤੇ ਟਿਕੀਆਂ ‘ਆਪ’ ਦੀਆਂ ਨਜ਼ਰਾਂ
ਲਖਬੀਰ, ਪੰਜਾਬੀ ਜਾਗਰਣ, ਜਲੰਧਰ
ਜਲੰਧਰ ਨਾਰਥ ਦੀ ਸਿਆਸਤ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਬਦਲਦੇ ਸਿਆਸੀ ਸਮੀਕਰਨਾਂ ’ਚੋਂ ਲੰਘ ਰਹੀ ਹੈ। ਹੁਣ ਇੱਕ ਵਾਰ ਫਿਰ ਹਲਕੇ ਦੀ ਸਿਆਸਤ ’ਚ ਅੰਦਰੋਂ-ਅੰਦਰ ਹਲਚਲ ਤੇਜ਼ ਹੋਣ ਦੀ ਚਰਚਾ ਹੈ। ਸਿਆਸੀ ਗਲਿਆਰਿਆਂ ’ਚ ਗੱਲ ਚੱਲ ਰਹੀ ਹੈ ਕਿ ਆਉਣ ਵਾਲੇ ਦਿਨਾਂ ’ਚ ਭਾਜਪਾ ਨਾਲ ਜੁੜਿਆ ਕੋਈ ਵੱਡਾ ਚਿਹਰਾ ਆਮ ਆਦਮੀ ਪਾਰਟੀ ਦਾ ਪੱਲਾ ਫੜ ਸਕਦਾ ਹੈ। ਇਸ ਚਰਚਾ ਦੀ ਅਜੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਪਰ ਜੇਕਰ ਇਹ ਸਿਆਸੀ ਚਰਚਾ ਸੱਚਾਈ ’ਚ ਬਦਲਦੀ ਹੈ ਤਾਂ ਨਾਰਥ ਦੀ ਸਿਆਸਤ ’ਚ ਇਕ ਹੋਰ ਵੱਡੀ ਹਿਲਜੁਲ ਦੇਖਣ ਨੂੰ ਮਿਲ ਸਕਦੀ ਹੈ। ਇਸ ਪੂਰੇ ਘਟਨਾਕ੍ਰਮ ਨੂੰ ਦਿਨੇਸ਼ ਢੱਲ ਦੇ ਭਾਜਪਾ ’ਚ ਜਾਣ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ। ਢੱਲ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਜਲੰਧਰ ਨਾਰਥ ਦੀ ਸਿਆਸੀ ਜ਼ਿੰਮੇਵਾਰੀ ਸੰਭਾਲਦੇ ਰਹੇ ਹਨ। ਉਨ੍ਹਾਂ ਦੇ ਭਾਜਪਾ ’ਚ ਜਾਣ ਤੋਂ ਬਾਅਦ ਨਾਰਥ ਦੀ ਸਿਆਸਤ ’ਚ ‘ਚਿਹਰਾ ਬਨਾਮ ਚਿਹਰਾ’ ਵਾਲੀ ਚਰਚਾ ਨੇ ਹੋਰ ਜ਼ੋਰ ਫੜਿਆ ਹੈ।
----------------------------------
ਹੁਣ ਚੁਣੌਤੀ ਵਿਨੀਤ ਧੀਰ ਸਾਹਮਣੇ
ਦਿਨੇਸ਼ ਢੱਲ ਦੀ ਥਾਂ ਮੇਅਰ ਵਿਨੀਤ ਧੀਰ ਨੂੰ ਨਾਰਥ ਦੀ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਉਨ੍ਹਾਂ ਲਈ ਸਭ ਤੋਂ ਵੱਡੀ ਸਿਆਸੀ ਚੁਣੌਤੀ ਹਲਕੇ ’ਚ ਆਪਣੀ ਪਕੜ ਮਜ਼ਬੂਤ ਕਰਨਾ ਹੈ। ਮੇਅਰ ਹੋਣ ਦੇ ਨਾਲ-ਨਾਲ ਨਾਰਥ ਦੇ ਹਲਕਾ ਇੰਚਾਰਜ ਵਜੋਂ ਉਨ੍ਹਾਂ ਦੀ ਭੂਮਿਕਾ ਹੁਣ ਸਿਆਸੀ ਨਜ਼ਰੀਏ ਨਾਲ ਵੀ ਚਰਚਾ ’ਚ ਹੈ। ਅਜਿਹੇ ਸਮੇਂ ’ਚ ਜੇ ਭਾਜਪਾ ਦਾ ਕੋਈ ਵੱਡਾ ਚਿਹਰਾ ‘ਆਪ’ ’ਚ ਸ਼ਾਮਲ ਹੁੰਦਾ ਹੈ ਤਾਂ ਇਹ ਵਨੀਤ ਧੀਰ ਲਈ ਇਕ ਮਹੱਤਵਪੂਰਨ ਸਿਆਸੀ ਘਟਨਾਕ੍ਰਮ ਹੋਵੇਗਾ।
-------------------------
ਢੱਲ ਦੀ ਐਂਟਰੀ ਤੋਂ ਬਾਅਦ ਬਦਲੇ ਸਮੀਕਰਨ
ਦਿਨੇਸ਼ ਢੱਲ ਦੇ ਭਾਜਪਾ ’ਚ ਜਾਣ ਨੂੰ ਨਾਰਥ ਦੀ ਸਿਆਸਤ ’ਚ ਮਹੱਤਵਪੂਰਨ ਬਦਲਾਅ ਵਜੋਂ ਦੇਖਿਆ ਗਿਆ। ਹੁਣ ਜੇ ਇਸ ਦੇ ਉਲਟ ਭਾਜਪਾ ਦਾ ਕੋਈ ਵੱਡਾ ਚਿਹਰਾ ‘ਆਪ’ ’ਚ ਆਉਂਦਾ ਹੈ ਤਾਂ ਦੋਵਾਂ ਪਾਰਟੀਆਂ ਵਿਚਾਲੇ ਚੱਲ ਰਹੀ ਸਿਆਸੀ ਖਿੱਚਤਾਣ ਨੂੰ ਨਵਾਂ ਰੰਗ ਮਿਲ ਸਕਦਾ ਹੈ। ਇੱਥੇ ਇਹ ਦੇਖਣਾ ਵੀ ਦਿਲਚਸਪ ਹੋਵੇਗਾ ਕਿ ਜੇਕਰ ਅਜਿਹੀ ਐਂਟਰੀ ਹੁੰਦੀ ਹੈ ਤਾਂ ਇਸਦਾ ਸਿਆਸੀ ਲਾਭ ਕੌਣ ਤੇ ਕਿੰਨਾ ਲੈ ਸਕਦਾ ਹੈ।
-----------------------
ਹਰ ਪਾਸੇ ਸਵਾਲ ‘ਵੱਡਾ ਚਿਹਰਾ’ ਕੌਣ
ਇਸ ਵੇਲੇ ਸਿਆਸੀ ਗਲਿਆਰਿਆਂ ’ਚ ਸਭ ਤੋਂ ਵੱਧ ਚਰਚਾ ਇਸ ਗੱਲ ਦੀ ਹੈ ਕਿ ਆਖਿਰ ਉਹ ਭਾਜਪਾਈ ਚਿਹਰਾ ਕੌਣ ਹੈ, ਜਿਸਦੇ ‘ਆਪ’ ’ਚ ਜਾਣ ਦੀਆਂ ਗੱਲਾਂ ਚੱਲ ਰਹੀਆਂ ਹਨ। ਕੀ ਇਹ ਸਿਰਫ਼ ਸਿਆਸੀ ਚਰਚਾ ਹੈ ਜਾਂ ਇਸਦੇ ਪਿੱਛੇ ਕੋਈ ਗੰਭੀਰ ਸਿਆਸੀ ਗੱਲਬਾਤ ਵੀ ਚੱਲ ਰਹੀ ਹੈ? ਇਸਦਾ ਜਵਾਬ ਅਜੇ ਸਾਹਮਣੇ ਨਹੀਂ ਆਇਆ ਪਰ ਇੰਨਾ ਜ਼ਰੂਰ ਹੈ ਕਿ ਅਜਿਹੀ ਚਰਚਾ ਨੇ ਨਾਰਥ ਦੇ ਸਿਆਸੀ ਹਲਕਿਆਂ ’ਚ ਉਤਸੁਕਤਾ ਵਧਾ ਦਿੱਤੀ ਹੈ। ਜੇਕਰ ਇਹ ਚਰਚਾ ਸੱਚ ਸਾਬਤ ਹੁੰਦੀ ਹੈ ਤਾਂ ਵਿਨੀਤ ਧੀਰ ਲਈ ਵੀ ਇਹ ਸਿਰਫ਼ ਇਕ ਪਾਰਟੀ ਜੁਆਇਨਿੰਗ ਨਹੀਂ ਹੋਵੇਗੀ।