ਪੰਜਾਬ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਪੰਜਾਬ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ
Publish Date: Sun, 01 Nov 2026 08:38 PM (IST)
Updated Date: Mon, 02 Nov 2026 04:05 AM (IST)
ਨੰਬਰਦਾਰ ਕੁਲਵਿੰਦਰ ਸਿੰਘ ਵੱਲੋਂ ਨਵੀਂ ਇਮਾਰਤ ਲਈ 1 ਲੱਖ ਰੁਪਏ ਭੇਟਾ ਕੀਤੇ ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਪੰਜਾਬ ਦਿਵਸ ਮਨਾਇਆ ਗਿਆ। ਇਸ ਸਬੰਧੀ ਮਹੀਨਾਵਾਰ ਕਵੀ ਦਰਬਾਰ ਵੀ ਸਜਾਇਆ ਗਿਆ। ਜਿਸ ਵਿੱਚ ਬੇਅੰਤ ਸਿੰਘ ਸਰਹੱਦੀ, ਕਵੀ ਉਰਮਿਲਜੀਤ ਸਿੰਘ ਵਾਲੀਆ, ਨਗੀਨਾ ਸਿੰਘ ਬਲੱਗਣ, ਮਾਸਟਰ ਮਹਿੰਦਰ ਸਿੰਘ ਅਨੇਜਾ, ਅਮਰ ਸਿੰਘ ਅਮਰ, ਕੁਲਵਿੰਦਰ ਸਿੰਘ ਗਾਖ਼ਲ, ਹਰਬੰਸ ਸਿੰਘ ਕਲਸੀ ਅਤੇ ਸਾਹਿਬ ਸਿੰਘ ਲੱਖਣਾ ਵਲੋਂ ਪੰਜਾਬ ਅਤੇ ਪੰਜਾਬੀ ਬੋਲੀ ਨੂੰ ਸਮਰਪਿਤ ਕਵਿਤਾਵਾਂ ਸੁਣਾਈਆਂ ਗਈਆਂ। ਬੇਅੰਤ ਸਿੰਘ ਸਰਹੱਦੀ ਨੇ ਦੇਸ਼ ਦੀ ਵੰਡ ਤੋਂ ਬਾਅਦ ਪੰਜਾਬੀ ਸੂਬੇ ਲਈ ਕੀਤੇ ਗਏ ਸੰਘਰਸ਼ ਬਾਰੇ ਵਿਸਥਾਰ ਸਹਿਤ ਜਾਣਕਾਰੀ ਸੰਗਤਾਂ ਨਾਲ ਸਾਂਝੀ ਕਰਦਿਆਂ ਕਿਹਾ ਕਿ ਪੰਜਾਬੀਆਂ ਨੇ ਬੜੀ ਘਾਲਣਾ ਨਾਲ 1 ਨਵੰਬਰ 1966 ਨੂੰ ਪੰਜਾਬੀ ਸੂਬੇ ਦੀ ਪ੍ਰਾਪਤੀ ਕੀਤੀ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਕ੍ਰਿਪਾਲ ਸਿੰਘ ਨੇ ਵੀ ਇਸ ਦਿਨ ਦੀ ਸਮੂਹ ਪੰਜਾਬੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਭਾਵੇਂ ਸਮੇਂ ਦੀਆਂ ਸਰਕਾਰਾਂ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਹਮੇਸ਼ਾਂ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ ਪਰ ਫਿਰ ਵੀ ਪੰਜਾਬ ਦੇ ਲੋਕ ਅਣਖ ਨਾਲ ਜੀਣਾ ਪਸੰਦ ਕਰਦੇ ਹਨ ਅਤੇ ਆਪਣੀ ਮਿਹਨਤ ਸਦਕਾ ਹੀ ਹਰ ਖੇਤਰ ਵਿਚ ਨਵੇਂ ਕੀਰਤੀਮਾਨ ਸਥਾਪਤ ਕਰਨ ਦਾ ਯਤਨ ਕਰਦੇ ਹਨ। ਕਵੀ ਦਰਬਾਰ ਉਪਰੰਤ ਚੱਲ ਰਹੀ ਸਹਿਜ ਪਾਠਾਂ ਦੀ ਲੜੀ ਦੇ ਤਹਿਤ ਸ੍ਰੀ ਸਹਿਜ ਪਾਠ ਦੀ ਸੰਪੂਰਨਤਾ ਹੋਈ। ਇਸ ਮੌਕੇ ਤੇ ਬਸਤੀ ਇਬਰਾਹੀਮ ਤੋਂ ਨੰਬਰਦਾਰ ਕੁਲਵਿੰਦਰ ਸਿੰਘ ਨੇ ਆਪਣੇ ਸਵਰਗੀ ਪਿਤਾ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਲਈ ਇਕ ਲੱਖ ਰੁਪਏ ਭੇਟਾ ਕੀਤੇ। ਗੁਰਦੁਆਰਾ ਸਾਹਿਬ ਵਲੋਂ ਪ੍ਰਧਾਨ ਗੁਰਕ੍ਰਿਪਾਲ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਰਹੇਜਾ ਨੇ ਨੰਬਰਦਾਰ ਸਾਹਿਬ ਨੂੰ ਸਿਰੋਪਾਓ ਦੀ ਬਖਸ਼ਿਸ਼ ਨਾਲ ਨਿਵਾਜਿਆ। ਵੱਡੀ ਗਿਣਤੀ ਵਿੱਚ ਸੰਗਤਾਂ ਨੇ ਦੀਵਾਨ ਦਾ ਅਨੰਦ ਮਾਣਿਆ। ਸਮਾਪਤੀ ਉਪਰੰਤ ਸਮੂਹ ਸੰਗਤਾਂ ਨੂੰ ਗੁਰੂ ਕਾ ਅਤੁੱਟ ਲੰਗਰ ਛਕਾਇਆ ਗਿਆ।