- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਮਨ ਦੀ ਸਿਆਸੀ ਪਾਰੀ ’ਤੇ ‘ਵਿਰਾਮ’!, ਭਗਤ ਅਜੇ ਵੀ ਵੇਟਿੰਗ ’ਚ

-‘ਆਪ’ ਦੀ ਦੂਜੀ ਸੂਚੀ ਨੇ ਜਲੰਧਰ ਦੀ ਸਿਆਸਤ ’ਚ ਬਦਲੇ ਸਮੀਕਰਨ
-ਵਿਜੀਲੈਂਸ ਕੇਸ ਤੋਂ ਬਾਅਦ ਪਾਰਟੀ ’ਚ ਹਾਸ਼ੀਏ ’ਤੇ ਚਲੇ ਗਏ ਸਨ ਰਮਨ
ਲਖਬੀਰ, ਪੰਜਾਬੀ ਜਾਗਰਣ, ਜਲੰਧਰ
ਆਮ ਆਦਮੀ ਪਾਰਟੀ ਦੀ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਜਾਰੀ ਦੂਜੀ ਉਮੀਦਵਾਰ ਸੂਚੀ ਨੇ ਜਲੰਧਰ ਦੀ ਸਿਆਸਤ ਵਿੱਚ ਕਈ ਚਰਚਾਵਾਂ ਨੂੰ ਵਿਰਾਮ ਦੇ ਦਿੱਤਾ ਹੈ। ਜਲੰਧਰ ਸੈਂਟਰਲ ਤੋਂ ਸਾਬਕਾ ਵਿਧਾਇਕ ਰਮਨ ਅਰੋੜਾ ਦੀ ਥਾਂ ਪਾਰਟੀ ਨੇ ਨਿਤਿਨ ਕੋਹਲੀ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਇਸ ਫ਼ੈਸਲੇ ਨਾਲ ਪਾਰਟੀ ਨੇ ਸੈਂਟਰਲ ਹਲਕੇ ਦੀ ਚੋਣੀ ਕਮਾਨ ਹੁਣ ਕੋਹਲੀ ਦੇ ਹੱਥਾਂ ਵਿੱਚ ਸੌਂਪ ਦਿੱਤੀ ਹੈ। ਦੂਜੇ ਪਾਸੇ ਜਲੰਧਰ ਵੈਸਟ ਤੋਂ ਕੈਬਨਿਟ ਮੰਤਰੀ ਮਹਿੰਦਰ ਭਗਤ ਦਾ ਨਾਮ ਦੋਵੇਂ ਸੂਚੀਆਂ ਵਿੱਚ ਨਾ ਆਉਣ ਕਾਰਨ ਉਨ੍ਹਾਂ ਦੀ ਉਮੀਦਵਾਰੀ ਅਜੇ ਵੀ ਉਡੀਕ ਵਿੱਚ ਹੈ।
----------------------------------
ਕੋਹਲੀ ਨੂੰ ਟਿਕਟ, ਅਰੋੜਾ ਦਾ ਪੱਤਾ ਸਾਫ਼
ਜਲੰਧਰ ਸੈਂਟਰਲ ਵਿੱਚ ਪਿਛਲੇ ਕਾਫ਼ੀ ਸਮੇਂ ਤੋਂ ਰਮਨ ਅਰੋੜਾ ਦੀ ਥਾਂ ਨਿਤਿਨ ਕੋਹਲੀ ਦੀਆਂ ਸਿਆਸੀ ਸਰਗਰਮੀਆਂ ਵਧਦੀਆਂ ਦਿਖਾਈ ਦੇ ਰਹੀਆਂ ਸਨ। ਮਈ 2025 ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਕੋਹਲੀ ਨੂੰ ਸੈਂਟਰਲ ਦਾ ਹਲਕਾ ਇੰਚਾਰਜ ਬਣਾਇਆ ਗਿਆ ਸੀ। ਇਸ ਤੋਂ ਬਾਅਦ ਉਹ ਲਗਾਤਾਰ ਹਲਕੇ ਵਿੱਚ ਪਾਰਟੀ ਦੇ ਸਮਾਗਮਾਂ, ਵਿਕਾਸ ਕਾਰਜਾਂ ਅਤੇ ਲੋਕ ਸੰਪਰਕ ਮੁਹਿੰਮਾਂ ਵਿੱਚ ਸਰਗਰਮ ਰਹੇ। ਹੁਣ 12 ਨਵੰਬਰ ਨੂੰ ਜਾਰੀ ਦੂਜੀ ਸੂਚੀ ਵਿੱਚ ਉਨ੍ਹਾਂ ਨੂੰ ਅਧਿਕਾਰਤ ਉਮੀਦਵਾਰ ਐਲਾਨ ਕੇ ਪਾਰਟੀ ਨੇ ਸਾਰੇ ਸਿਆਸੀ ਕਿਆਸਾਂ ’ਤੇ ਵਿਰਾਮ ਲਗਾ ਦਿੱਤਾ ਹੈ। ਨਿਤਿਨ ਕੋਹਲੀ ਕਾਰੋਬਾਰੀ ਹੋਣ ਦੇ ਨਾਲ ਹਾਕੀ ਪ੍ਰਸ਼ਾਸਨ ਨਾਲ ਵੀ ਜੁੜੇ ਹੋਏ ਹਨ। ਉਹ ਹਾਕੀ ਪੰਜਾਬ ਦੇ ਪ੍ਰਧਾਨ ਅਤੇ ਹਾਕੀ ਇੰਡੀਆ ਦੇ ਉਪ ਪ੍ਰਧਾਨ ਵਜੋਂ ਸੇਵਾਵਾਂ ਨਿਭਾਅ ਰਹੇ ਹਨ।
------------------------------
ਵਿਜੀਲੈਂਸ ਕੇਸ ਨੇ ਬਦਲੀ ਰਮਨ ਦੀ ਸਿਆਸੀ ਸਥਿਤੀ
ਰਮਨ ਅਰੋੜਾ ਲਈ ਮੁਸ਼ਕਲਾਂ 23 ਮਈ 2025 ਨੂੰ ਉਸ ਸਮੇਂ ਵਧੀਆਂ, ਜਦੋਂ ਪੰਜਾਬ ਵਿਜੀਲੈਂਸ ਬਿਊਰੋ ਨੇ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ। ਇਹ ਮਾਮਲਾ ਨਗਰ ਨਿਗਮ ਦੇ ਤਤਕਾਲੀ ਸਹਾਇਕ ਟਾਊਨ ਪਲਾਨਰ ਸੁਖਦੇਵ ਵਸ਼ਿਸ਼ਟ ਨਾਲ ਜੁੜਿਆ ਹੋਇਆ ਸੀ। ਜਾਂਚ ਏਜੰਸੀ ਨੇ ਦੋਸ਼ ਲਾਇਆ ਸੀ ਕਿ ਇਮਾਰਤਾਂ ਨਾਲ ਸਬੰਧਤ ਕਥਿਤ ਗੈਰ-ਕਾਨੂੰਨੀ ਨੋਟਿਸਾਂ ਰਾਹੀਂ ਵਪਾਰੀਆਂ ਅਤੇ ਜਾਇਦਾਦ ਮਾਲਕਾਂ ਤੋਂ ਪੈਸੇ ਵਸੂਲਣ ਦਾ ਕੰਮ ਕੀਤਾ ਜਾਂਦਾ ਸੀ। ਵਿਜੀਲੈਂਸ ਨੇ ਇਸ ਮਾਮਲੇ ਵਿੱਚ ਰਮਨ ਅਰੋੜਾ ਸਮੇਤ ਹੋਰ ਮੁਲਜ਼ਮਾਂ ਖ਼ਿਲਾਫ਼ ਕਰੀਬ 900 ਪੰਨਿਆਂ ਦੀ ਚਾਰਜਸ਼ੀਟ ਅਦਾਲਤ ਵਿੱਚ ਦਾਖ਼ਲ ਕੀਤੀ ਸੀ। ਜਾਂਚ ਦੌਰਾਨ ਉਨ੍ਹਾਂ ਦੀ ਰਿਹਾਇਸ਼ ਤੋਂ ਨਕਦੀ, ਸੋਨੇ ਦੇ ਗਹਿਣੇ ਅਤੇ ਇਮਾਰਤਾਂ ਨਾਲ ਸਬੰਧਤ ਦਸਤਾਵੇਜ਼ ਮਿਲਣ ਦਾ ਵੀ ਦਾਅਵਾ ਕੀਤਾ ਗਿਆ ਸੀ। 3 ਸਤੰਬਰ 2025 ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਨ੍ਹਾਂ ਨੂੰ ਵਿਜੀਲੈਂਸ ਮਾਮਲੇ ਵਿੱਚ ਜ਼ਮਾਨਤ ਦਿੱਤੀ ਸੀ। ਪਰ ਰਿਹਾਈ ਤੋਂ ਪਹਿਲਾਂ ਹੀ ਜਲੰਧਰ ਪੁਲਿਸ ਨੇ ਪਾਰਕਿੰਗ ਠੇਕੇਦਾਰ ਤੋਂ ਕਥਿਤ ਵਸੂਲੀ ਦੇ ਇੱਕ ਹੋਰ ਮਾਮਲੇ ਵਿੱਚ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਕੇਸ ਵਿੱਚ ਵੀ 22 ਸਤੰਬਰ 2025 ਨੂੰ ਜ਼ਮਾਨਤ ਮਿਲ ਗਈ ਸੀ। ਇਸ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵੀ ਕਥਿਤ ਵਸੂਲੀ ਨਾਲ ਜੁੜੇ ਪੈਸਿਆਂ ਦੇ ਲੈਣ-ਦੇਣ ਦੀ ਜਾਂਚ ਸ਼ੁਰੂ ਕੀਤੀ। 2 ਜੂਨ 2026 ਨੂੰ ਰਮਨ ਅਰੋੜਾ ਈਡੀ ਸਾਹਮਣੇ ਪੇਸ਼ ਹੋਏ ਸਨ। ਇਨ੍ਹਾਂ ਮਾਮਲਿਆਂ ਨੇ ਉਨ੍ਹਾਂ ਦੀ ਸਿਆਸੀ ਸਰਗਰਮੀ ਨੂੰ ਪ੍ਰਭਾਵਿਤ ਕੀਤਾ। ਹਾਲਾਂਕਿ ਇਨ੍ਹਾਂ ਦੋਸ਼ਾਂ ਬਾਰੇ ਅੰਤਿਮ ਫ਼ੈਸਲਾ ਅਦਾਲਤ ਨੇ ਕਰਨਾ ਹੈ।
-----------------------
ਕੀ ਅਰੋੜਾ ‘ਆਪ’ ’ਚ ਰਹਿਣਗੇ ਜਾਂ...
ਨਿਤਿਨ ਕੋਹਲੀ ਨੂੰ ਟਿਕਟ ਮਿਲਣ ਤੋਂ ਬਾਅਦ ਹੁਣ ਰਮਨ ਅਰੋੜਾ ਦੇ ਅਗਲੇ ਸਿਆਸੀ ਕਦਮਾਂ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ। ਕੀ ਉਹ ਆਮ ਆਦਮੀ ਪਾਰਟੀ ਵਿੱਚ ਹੀ ਰਹਿਣਗੇ ਜਾਂ ਕੋਈ ਹੋਰ ਸਿਆਸੀ ਰਾਹ ਚੁਣਨਗੇ? ਫਿਲਹਾਲ ਉਨ੍ਹਾਂ ਵੱਲੋਂ ਪਾਰਟੀ ਛੱਡਣ ਸਬੰਧੀ ਕੋਈ ਅਧਿਕਾਰਤ ਐਲਾਨ ਸਾਹਮਣੇ ਨਹੀਂ ਆਇਆ। ਪਾਰਟੀ ਨੇ ਪਹਿਲਾਂ ਹੀ ਉਨ੍ਹਾਂ ਦੀ ਥਾਂ ਨਿਤਿਨ ਕੋਹਲੀ ਨੂੰ ਹਲਕਾ ਇੰਚਾਰਜ ਬਣਾਇਆ ਸੀ ਅਤੇ ਹੁਣ ਟਿਕਟ ਵੀ ਉਨ੍ਹਾਂ ਨੂੰ ਦੇ ਦਿੱਤੀ ਹੈ।
------------------------------
ਕੈਬਨਿਟ ਮੰਤਰੀ ਵੀ ਹਾਲੇ ਉਡੀਕ ਸੂਚੀ ’ਚ
ਜਲੰਧਰ ਵੈਸਟ ਤੋਂ ਕੈਬਨਿਟ ਮੰਤਰੀ ਮਹਿੰਦਰ ਭਗਤ ਦੀ ਸਥਿਤੀ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। 2024 ਦੀ ਜ਼ਿਮਨੀ ਚੋਣ ਜਿੱਤ ਕੇ ਵਿਧਾਇਕ ਬਣੇ ਭਗਤ ਨੂੰ ਮੰਤਰੀ ਮੰਡਲ ਵਿੱਚ ਜਗ੍ਹਾ ਮਿਲੀ ਸੀ। ਇਸ ਦੇ ਬਾਵਜੂਦ ਪਾਰਟੀ ਨੇ 2027 ਦੀ ਪਹਿਲੀ ਅਤੇ ਦੂਜੀ ਸੂਚੀ ਵਿੱਚ ਉਨ੍ਹਾਂ ਦਾ ਨਾਮ ਸ਼ਾਮਲ ਨਹੀਂ ਕੀਤਾ। ਦੋਵਾਂ ਸੂਚੀਆਂ ਵਿੱਚ ਨਾਮ ਨਾ ਆਉਣ ਕਾਰਨ ਹੁਣ ਉਨ੍ਹਾਂ ਦੀ ਉਮੀਦਵਾਰੀ ਬਾਰੇ ਸਵਾਲ ਉੱਠ ਰਹੇ ਹਨ। ਹਾਲਾਂਕਿ ਪਾਰਟੀ ਨੇ ਅਜੇ ਸਾਰੀਆਂ ਸੀਟਾਂ ’ਤੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ, ਇਸ ਲਈ ਉਨ੍ਹਾਂ ਦੀ ਟਿਕਟ ਬਾਰੇ ਅੰਤਿਮ ਨਤੀਜਾ ਕੱਢਣਾ ਜਲਦਬਾਜ਼ੀ ਹੋਵੇਗੀ।
------------------------
‘ਆਪ’ ਨੇ ਖੇਡਿਆ ਨਵੇਂ ਚਿਹਰਿਆਂ ’ਤੇ ਦਾਅ
ਦੂਜੀ ਸੂਚੀ ਵਿੱਚ ਨਿਤਿਨ ਕੋਹਲੀ ਨੂੰ ਜਲੰਧਰ ਸੈਂਟਰਲ, ਦੀਪਕ ਬਾਲੀ ਨੂੰ ਜਲੰਧਰ ਕੈਂਟ ਅਤੇ ਵਨੀਤ ਧੀਰ ਨੂੰ ਜਲੰਧਰ ਨਾਰਥ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਇਸ ਤੋਂ ਇਲਾਵਾ ਪਵਨ ਕੁਮਾਰ ਟੀਨੂੰ ਨੂੰ ਆਦਮਪੁਰ ਤੋਂ ਟਿਕਟ ਦਿੱਤੀ ਗਈ ਹੈ। ਜਲੰਧਰ ਦੀਆਂ ਤਿੰਨ ਅਹਿਮ ਸੀਟਾਂ ’ਤੇ ਨਵੇਂ ਚਿਹਰਿਆਂ ਨੂੰ ਮੈਦਾਨ ਵਿੱਚ ਉਤਾਰ ਕੇ ਪਾਰਟੀ ਨੇ ਆਪਣੀ ਚੋਣ ਰਣਨੀਤੀ ਸਪੱਸ਼ਟ ਕਰ ਦਿੱਤੀ ਹੈ। ਹੁਣ ਸਭ ਦੀਆਂ ਨਜ਼ਰਾਂ ਰਮਨ ਅਰੋੜਾ ਦੇ ਅਗਲੇ ਸਿਆਸੀ ਕਦਮ ਅਤੇ ਜਲੰਧਰ ਵੈਸਟ ਤੋਂ ਮਹਿੰਦਰ ਭਗਤ ਦੀ ਉਮੀਦਵਾਰੀ ’ਤੇ ਟਿਕੀਆਂ ਹੋਈਆਂ ਹਨ।