ਏਆਈ ਰਾਹੀਂ ਸਿੱਖਿਆ ਨੂੰ ਮਜ਼ਬੂਤ ਕਰਨ ’ਤੇ ਚਰਚਾ
ਅਕਾਲ ਅਕੈਡਮੀ ਧਨਾਲ ਕਲਾਂ ਵਿਖੇ ਪ੍ਰਾਇਮਰੀ ਸਾਲ ਪ੍ਰੋਗਰਾਮ ’ਤੇ ਇਕ ਰੋਜ਼ਾ ਵਰਕਸ਼ਾਪ ਕਰਵਾਈ
Publish Date: Wed, 01 Apr 2026 09:24 PM (IST)
Updated Date: Wed, 01 Apr 2026 09:28 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕਲਗੀਧਰ ਟਰੱਸਟ ਬੜੂ ਸਾਹਿਬ ਦੇ ਅਧੀਨ ਚੱਲ ਰਹੀ ਅਕਾਲ ਅਕੈਡਮੀ ਧਨਾਲ ਕਲਾਂ ’ਚ ਪ੍ਰਾਇਮਰੀ ਸਾਲ ਪ੍ਰੋਗਰਾਮ ਸਬੰਧੀ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ’ਚ ਕੁੱਲ 25 ਭਾਈਵਾਲਾਂ ਨੇ ਹਿੱਸਾ ਲਿਆ। ਸਮਾਗਮ ਦੀ ਅਗਵਾਈ ਪ੍ਰਿੰਸੀਪਲ ਬਲਜੀਤ ਕੌਰ ਨੇ ਕੀਤੀ, ਜਦਕਿ ਮੁੱਖ ਪਤਵੰਤਿਆਂ ’ਚ ਰਿਸੋਰਸ ਪਰਸਨ ਦਵਿੰਦਰਜੀਤ ਸਿੰਘ ਛਾਬੜਾ, ਸੰਤੋਖ ਸਿੰਘ ਤੇ ਦਵਿੰਦਰ ਸਿੰਘ ਆਨੰਦ ਸ਼ਾਮਲ ਸਨ। ਇਸ ਮੌਕੇ ਆਰਓ ਜਲੰਧਰ ਦੇ ਫੈਸੀਲੀਟੇਟਰ, ਵੱਖ-ਵੱਖ ਅਕਾਲ ਅਕੈਡਮੀਆਂ ਦੇ ਅਧਿਆਪਕ ਤੇ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ। ਵਰਕਸ਼ਾਪ ਦੌਰਾਨ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਰਾਹੀਂ ਸਿੱਖਿਆ ਨੂੰ ਮਜ਼ਬੂਤ ਕਰਨ, ਪ੍ਰਾਇਮਰੀ ਪੱਧਰ ’ਤੇ ਮਜ਼ਬੂਤ ਨੀਂਹ ਰੱਖਣ, ਅਧਿਆਪਕਾਂ ਦੀਆਂ ਸਿੱਖਣ-ਸਿਖਾਉਣ ਵਿਧੀਆਂ ਨੂੰ ਅਪਡੇਟ ਕਰਨ ਤੇ ਵਿਦਿਆਰਥੀ-ਕੇਂਦਰਿਤ ਸਿੱਖਿਆ ਨੂੰ ਉਤਸ਼ਾਹਿਤ ਕਰਨ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਦੇ ਨਾਲ ਹੀ ਅਕਾਦਮਿਕ, ਨੈਤਿਕ ਤੇ ਅਧਿਆਤਮਿਕ ਵਿਕਾਸ ਨੂੰ ਇਕੱਠੇ ਲੈ ਕੇ ਚੱਲਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ ਗਿਆ। ਪ੍ਰੋਗਰਾਮ ’ਚ ਕਲਗੀਧਰ ਟਰੱਸਟ ਦੀ ਜਾਣ-ਪਛਾਣ, ਨਵੀਨਤਾਕਾਰੀ ਸਿੱਖਿਆ ਵਿਧੀਆਂ ਤੇ ਏਆਈ ਦੀ ਭੂਮਿਕਾ ’ਤੇ ਵਿਸ਼ੇਸ਼ ਸੈਸ਼ਨ, ਅਧਿਆਤਮਿਕ ਵਿਕਾਸ ਸਬੰਧੀ ਵਿਚਾਰ-ਵਟਾਂਦਰਾ ਤੇ ਅਧਿਆਪਕ-ਵਿਦਿਆਰਥੀ ਇੰਟਰਐਕਟਿਵ ਗਤੀਵਿਧੀਆਂ ਸ਼ਾਮਲ ਰਹੀਆਂ। ਵਰਕਸ਼ਾਪ ਦੇ ਅੰਤ ’ਚ ਭਾਗੀਦਾਰਾਂ ਦੀ ਸਮਝ ਤੇ ਪ੍ਰੇਰਣਾ ’ਚ ਵਾਧਾ ਦੇਖਣ ਨੂੰ ਮਿਲਿਆ। ਪ੍ਰਾਇਮਰੀ ਸਿੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ਤੇ ਨਵੀਂ ਤਕਨਾਲੋਜੀ ਦੇ ਪ੍ਰਯੋਗ ਵੱਲ ਵੀ ਸਕਾਰਾਤਮਕ ਰੁਝਾਨ ਦਰਜ ਕੀਤਾ ਗਿਆ। ਇਸ ਮੌਕੇ ਦਵਿੰਦਰਜੀਤ ਸਿੰਘ ਛਾਬੜਾ, ਸੰਤੋਖ ਸਿੰਘ ਤੇ ਦਵਿੰਦਰ ਸਿੰਘ ਆਨੰਦ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਆਖ਼ਿਰ ’ਚ ਪ੍ਰਬੰਧਕਾਂ ਵੱਲੋਂ ਸਾਰੇ ਪਤਵੰਤਿਆਂ, ਫੈਸੀਲੀਟੇਟਰਾਂ, ਅਧਿਆਪਕਾਂ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ।