ਅੰਬੇਡਕਰ ਚੌਕ ਤੋਂ ਸਬਜ਼ੀ ਮੰਡੀ ਤੱਕ ਪਵੇਗੀ ਨਵੀਂ ਪਾਈਪਲਾਈਨ, ਜਲਦ ਬਣੇਗੀ ਮਜ਼ਬੂਤ ਸੜਕ : ਵਿਧਾਇਕ ਮਾਨ ਅੰਬੇਡਕਰ ਚੌਂਕ ਤੋਂ ਸਬਜ਼ੀ ਮੰਡੀ ਤੱਕ ਪਵੇਗੀ ਨਵੀਂ ਪਾਈਪਲਾਈਨ, ਜਲਦ ਬਣੇਗੀ ਮਜ਼ਬੂਤ ਸੜਕ: ਵਿਧਾਇਕ ਇੰਦਰਜੀਤ ਕੌਰ ਮਾਨ
Publish Date: Sun, 26 Jul 2026 07:16 PM (IST)
Updated Date: Mon, 27 Jul 2026 04:04 AM (IST)
- ਪੋਸਟ ਆਫ਼ਿਸ ਰੋਡ/ਸਬਜ਼ੀ ਮੰਡੀ ਮਾਰਗ ਤੇ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਬੰਦ ਧੀਰਜ ਮਰਵਾਹਾ, ਪੰਜਾਬੀ ਜਾਗਰਣ ਨਕੋਦਰ : ਨਕੋਦਰ ਦੇ ਅੰਬੇਡਕਰ ਚੌਕ ਤੋਂ ਲੈ ਕੇ ਪੋਸਟ ਆਫ਼ਿਸ ਰੋਡ ਸਬਜ਼ੀ ਮੰਡੀ (ਹਿੰਦੂ ਬੈਂਕ) ਤੱਕ ਨਵੀਂ ਸੜਕ ਬਣਾਉਣ ਤੇ ਪੀਣ ਵਾਲੇ ਪਾਣੀ ਦੀ ਨਵੀਂ ਪਾਈਪਲਾਈਨ ਪਾਉਣ ਦਾ ਕੰਮ ਸ਼ਨਿਚਰਵਾਰ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ। ਕੰਮ ਕਾਰਨ ਆਉਣ ਵਾਲੇ ਕੁੱਝ ਦਿਨਾਂ ਲਈ ਇਹ ਰਸਤਾ ਵਾਹਨਾਂ ਲਈ ਪੂਰੀ ਤਰ੍ਹਾਂ ਬੰਦ ਰਹੇਗਾ ਤੇ ਸਿਰਫ਼ ਪੈਦਲ ਜਾਣ ਵਾਲੇ ਲੋਕ ਹੀ ਇਸ ਰਸਤੇ ਦੀ ਵਰਤੋਂ ਕਰ ਸਕਣਗੇ। ਇਸ ਦੌਰਾਨ ਮੌਕੇ ਤੇ ਪਹੁੰਚ ਕੇ ਹਲਕਾ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਕੰਮ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਕੌਂਸਲ ਦੇ ਪ੍ਰਧਾਨ ਪ੍ਰਦੀਪ ਸ਼ੇਰਪੁਰ, ਆਪ ਯੂਥ ਵਿੰਗ ਦੇ ਪ੍ਰਧਾਨ ਤੇ ਕੌਂਸਲਰ ਮਨੀ ਮਹਿੰਦਰੂ, ਅਸ਼ਵਨੀ ਕੋਹਲੀ (ਸੀਨੀਅਰ ਵਾਈਸ ਪ੍ਰੈਜ਼ੀਡੈਂਟ), ਕੌਂਸਲਰ ਰਮੇਸ਼ ਸੋਂਧੀ ਤੋਂ ਇਲਾਵਾ ਸੀਵਰੇਜ ਬੋਰਡ ਤੇ ਨਗਰ ਕੌਂਸਲ ਦੇ ਉੱਚ ਅਧਿਕਾਰੀ ਵੀ ਮੌਜੂਦ ਸਨ। ਮੇਲੇ ’ਤੇ ਬਾਈਪਾਸ ਕਰ ਕੇ ਰੁੱਕਿਆ ਸੀ ਕੰਮ ਜਾਣਕਾਰੀ ਦਿੰਦਿਆਂ ਹਲਕਾ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਦੱਸਿਆ ਕਿ ਇਸ ਮਾਰਗ ਦੀ ਹਾਲਤ ਕਾਫ਼ੀ ਸਮੇਂ ਤੋਂ ਖ਼ਰਾਬ ਸੀ ਤੇ ਥਾਂ-ਥਾਂ ਡੂੰਘੇ ਟੋਏ ਪਏ ਹੋਏ ਸਨ। ਉਨ੍ਹਾਂ ਦੱਸਿਆ ਕਿ ਪਹਿਲਾਂ ਮਹਿਤਪੁਰ-ਜਗਰਾਓਂ ਰੋਡ ਬਾਈਪਾਸ ਦਾ ਕੰਮ ਚੱਲ ਰਿਹਾ ਸੀ, ਜਿਸ ਕਰਕੇ ਇਹ ਸੜਕ ਨਹੀਂ ਬਣਾਈ ਗਈ। ਇਸ ਤੋਂ ਬਾਅਦ ਬਾਬਾ ਲਾਲ ਬਾਦਸ਼ਾਹ ਜੀ ਦੇ ਮੇਲੇ ਕਰਕੇ ਕੰਮ ਰੋਕਿਆ ਗਿਆ ਸੀ ਤਾਂ ਜੋ ਸ਼ਰਧਾਲੂਆਂ ਨੂੰ ਕੋਈ ਪਰੇਸ਼ਾਨੀ ਨਾ ਆਵੇ। ਹੁਣ ਬਾਈਪਾਸ ਸ਼ੁਰੂ ਹੋ ਚੁੱਕਾ ਹੈ ਤੇ ਮੇਲਾ ਵੀ ਸੰਪੰਨ ਹੋ ਗਿਆ ਹੈ, ਜਿਸ ਤੋਂ ਬਾਅਦ ਹੁਣ ਇਹ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹੱਲ ਤੇ ਡ੍ਰੇਨੇਜ ਸਿਸਟਮ ਉਨ੍ਹਾਂ ਦੱਸਿਆ ਕਿ ਇਲਾਕੇ ’ਚ ਪਾਈਪਲਾਈਨ ਖ਼ਰਾਬ ਹੋਣ ਕਰਕੇ ਗੰਦਾ ਪਾਣੀ ਆ ਰਿਹਾ ਸੀ। ਇਸ ਲਈ ਪਹਿਲਾਂ ਨਵੀਂ ਪਾਈਪਲਾਈਨ ਪਾਈ ਜਾ ਰਹੀ ਹੈ, ਜੋ ਦੋ-ਤਿੰਨ ਦਿਨਾਂ ’ਚ ਪੂਰੀ ਹੋ ਜਾਵੇਗੀ। ਪਾਈਪਲਾਈਨ ਪਾਉਣ ਤੋਂ ਤੁਰੰਤ ਬਾਅਦ ਟੌਪ ਕੁਆਲਿਟੀ ਦੀ ਲੁੱਕ-ਬਜਰੀ ਵਾਲੀ ਸੜਕ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਸੜਕ ਦੇ ਨਾਲ-ਨਾਲ ਪਾਣੀ ਦੀ ਨਿਕਾਸੀ ਲਈ ਪੂਰਾ ਡ੍ਰੇਨੇਜ ਸਿਸਟਮ ਵੀ ਤਿਆਰ ਕੀਤਾ ਜਾਵੇਗਾ। ਬਾਜ਼ਾਰ ਦੀ ਮੰਗ ਅਨੁਸਾਰ ਸੜਕ ਨੂੰ ਪੁਰਾਣੇ ਲੈਵਲ ਤੋਂ 6 ਤੋਂ 7 ਇੰਚ ਨੀਵੀਂ ਕੀਤਾ ਜਾ ਰਿਹਾ ਹੈ ਤਾਂ ਜੋ ਬਾਰਿਸ਼ ਦਾ ਪਾਣੀ ਗਲੀਆਂ ’ਚ ਭਰਨ ਦੀ ਬਜਾਏ ਸੜਕ ਵੱਲ ਆਵੇ। ਵਿਧਾਇਕ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਨਿਰਮਾਣ ਕਾਰਜ ਦੌਰਾਨ ਵਾਹਨ ਚਾਲਕ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ। ਵਿਚਕਾਰ ਪੁੱਟਾਈ ਤੇ ਸਾਈਡਾਂ ਤੇ ਨਾਜਾਇਜ਼ ਕਬਜ਼ਿਆਂ ਕਰਕੇ ਹਾਦਸੇ ਦਾ ਡਰ ਇਸੇ ਦੌਰਾਨ ਵੇਖਣ ’ਚ ਆਇਆ ਹੈ ਕਿ ਪ੍ਰਸ਼ਾਸਨ ਵੱਲੋਂ ਟ੍ਰੈਫਿਕ ਤਾਂ ਬੰਦ ਕਰ ਦਿੱਤੀ ਗਈ ਹੈ, ਪਰ ਇਸ ਦੇ ਬਾਵਜੂਦ ਸੜਕ ਦੇ ਦੋਵਾਂ ਕਿਨਾਰਿਆਂ ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਵਿਚਕਾਰ ਸੜਕ ਦੀ ਪੁੱਟਾਈ ਦਾ ਕੰਮ ਚੱਲ ਰਿਹਾ ਹੈ ਤੇ ਸਾਈਡਾਂ ਤੇ ਫਲ-ਸਬਜ਼ੀ ਦੀਆਂ ਰੇਹੜੀਆਂ ਲੱਗੀਆਂ ਹੋਈਆਂ ਹਨ। ਕੁੱਝ ਦੁਕਾਨਦਾਰਾਂ ਨੇ ਵੀ ਬਾਹਰ ਤੱਕ ਸਮਾਨ ਲਗਾ ਕੇ ਕਬਜ਼ੇ ਕੀਤੇ ਹਨ, ਜਿਸ ਕਰਕੇ ਪੈਦਲ ਲੰਘਣ ਵਾਲੇ ਲੋਕਾਂ ਲਈ ਵੀ ਹਾਦਸਾ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ। ਸਥਾਨਕ ਲੋਕਾਂ ਨੇ ਇਸ ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਮੰਗ ਕੀਤੀ ਹੈ ਕਿ ਜਦੋਂ ਤੱਕ ਸੜਕ ਦਾ ਨਿਰਮਾਣ ਚੱਲ ਰਿਹਾ ਹੈ, ਸੜਕ ਤੇ ਫੁੱਟਪਾਥ ਦਾ ਹਿੱਸਾ ਪੂਰੀ ਤਰ੍ਹਾਂ ਖ਼ਾਲੀ ਕਰਵਾਇਆ ਜਾਵੇ। ਸ਼ਹਿਰ ਵਾਸੀਆਂ ਨੇ ਹਲਕਾ ਵਿਧਾਇਕ, ਪੁਲਿਸ ਪ੍ਰਸ਼ਾਸਨ ਤੇ ਨਗਰ ਕੌਂਸਲ ਤੋਂ ਮੰਗ ਕੀਤੀ ਹੈ ਕਿ ਸੜਕ ਦੇ ਕਿਨਾਰਿਆਂ ਤੋਂ ਸਾਰੇ ਨਾਜਾਇਜ਼ ਕਬਜ਼ੇ ਤੁਰੰਤ ਹਟਾਏ ਜਾਣ।