- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਰਟੀਓ ’ਚ ਪੈਂਡੈਂਸੀ ਦਾ ਪਹਾੜ, ਸਟਾਫ਼ ਦੀ ਘਾਟ ਨੇ ਰੋਕੀ ਰਫ਼ਤਾਰ

-4 ਸਰਕਾਰੀ ਕਲਰਕਾਂ ਅਤੇ 3 ਡਾਟਾ ਐਂਟਰੀ ਆਪਰੇਟਰਾਂ ਦੇ ਸਹਾਰੇ ਚੱਲ ਰਿਹਾ ਦਫ਼ਤਰ
-35 ਹਜ਼ਾਰ ਤੋਂ ਵੱਧ ਮਾਮਲੇ ਲਟਕੇ, ਡੀਲਰ ਰਜਿਸਟ੍ਰੇਸ਼ਨ ਦੇ ਇਕੱਲੇ 17,752 ਕੇਸ ਪੈਂਡਿੰਗ
ਲਖਬੀਰ, ਪੰਜਾਬੀ ਜਾਗਰਣ, ਜਲੰਧਰ
ਆਰਟੀਓ ਦਫ਼ਤਰ ਜਲੰਧਰ ਵਿੱਚ ਸਟਾਫ਼ ਦੀ ਘਾਟ ਕਾਰਨ ਵਾਹਨ ਰਜਿਸਟ੍ਰੇਸ਼ਨ ਤੇ ਆਰਸੀ ਨਾਲ ਜੁੜੇ ਕੰਮਾਂ ਦਾ ਬੈਕਲਾਗ ਲਗਾਤਾਰ ਵਧ ਰਿਹਾ ਹੈ। ਹਾਲਾਤ ਇਹ ਹਨ ਕਿ 35 ਹਜ਼ਾਰ ਤੋਂ ਵੱਧ ਮਾਮਲੇ ਨਿਪਟਾਰੇ ਦੀ ਉਡੀਕ ਕਰ ਰਹੇ ਹਨ। ਲੋਕ ਆਨਲਾਈਨ ਅਰਜ਼ੀਆਂ ਅਤੇ ਸਰਕਾਰੀ ਫੀਸ ਜਮ੍ਹਾਂ ਕਰਵਾਉਣ ਦੇ ਬਾਵਜੂਦ ਆਪਣੇ ਦਸਤਾਵੇਜ਼ਾਂ ਲਈ ਉਡੀਕ ਕਰ ਰਹੇ ਹਨ। ਦਫ਼ਤਰ ਵਿੱਚ ਸਿਰਫ਼ ਚਾਰ ਸਰਕਾਰੀ ਕਲਰਕ ਅਤੇ ਤਿੰਨ ਡਾਟਾ ਐਂਟਰੀ ਆਪਰੇਟਰ ਕੰਮ ਕਰ ਰਹੇ ਹਨ। ਇੰਨੇ ਘੱਟ ਸਟਾਫ਼ ਦੇ ਸਿਰ ’ਤੇ ਵੱਡੀ ਗਿਣਤੀ ਵਿੱਚ ਅਰਜ਼ੀਆਂ ਦਾ ਨਿਪਟਾਰਾ ਕਰਨ ਦੀ ਜ਼ਿੰਮੇਵਾਰੀ ਹੈ। ਇਸ ਕਾਰਨ ਕੰਮ ਦੀ ਰਫ਼ਤਾਰ ਪ੍ਰਭਾਵਿਤ ਹੋ ਰਹੀ ਹੈ ਅਤੇ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਸਭ ਤੋਂ ਵੱਧ 17,752 ਮਾਮਲੇ ਡੀਲਰ ਰਜਿਸਟ੍ਰੇਸ਼ਨ ਦੇ ਪੈਂਡਿੰਗ ਹਨ। ਨਵੇਂ ਵਾਹਨਾਂ ਦੀ ਰਜਿਸਟ੍ਰੇਸ਼ਨ ਦੇ 3,940 ਅਤੇ ਰਜਿਸਟ੍ਰੇਸ਼ਨ ਰੀਨਿਊ ਕਰਵਾਉਣ ਦੇ 3,203 ਕੇਸ ਲਟਕੇ ਹੋਏ ਹਨ। ਇਸ ਤੋਂ ਇਲਾਵਾ ਮੋਬਾਈਲ ਨੰਬਰ ਅਪਡੇਟ ਕਰਨ ਦੇ 3,174, ਬੈਂਕ ਦਾ ਨਾਂ ਆਰਸੀ ਵਿੱਚੋਂ ਹਟਾਉਣ ਦੇ 2,752 ਅਤੇ ਵਾਹਨ ਦੀ ਮਾਲਕੀ ਤਬਦੀਲ ਕਰਨ ਦੇ 1,539 ਮਾਮਲੇ ਨਿਪਟਾਰੇ ਦੀ ਉਡੀਕ ਕਰ ਰਹੇ ਹਨ। ਇਸ ਦਾ ਸਿੱਧਾ ਅਸਰ ਵਾਹਨ ਮਾਲਕਾਂ ’ਤੇ ਪੈ ਰਿਹਾ ਹੈ। ਵਾਹਨ ਵੇਚਣ ਤੋਂ ਬਾਅਦ ਨਵੇਂ ਖਰੀਦਦਾਰ ਦੇ ਨਾਂ ’ਤੇ ਮਾਲਕੀ ਤਬਦੀਲ ਨਾ ਹੋਣ ਕਾਰਨ ਪੁਰਾਣੇ ਮਾਲਕ ਲਈ ਵੀ ਮੁਸ਼ਕਲ ਖੜ੍ਹੀ ਹੋ ਸਕਦੀ ਹੈ।
------------------------------
ਕਾਗਜ਼ੀ ਕਾਰਵਾਈ ਅਧੂਰੀ ਛੱਡ ਰਹੇ ਲੋਕ
ਵਿਭਾਗੀ ਪੱਧਰ ’ਤੇ ਸਟਾਫ਼ ਦੀ ਘਾਟ ਦੇ ਨਾਲ ਕੁਝ ਵਾਹਨ ਮਾਲਕਾਂ ਅਤੇ ਡੀਲਰਾਂ ਵੱਲੋਂ ਲੋੜੀਂਦੇ ਦਸਤਾਵੇਜ਼ ਸਮੇਂ ਸਿਰ ਜਮ੍ਹਾਂ ਨਾ ਕਰਵਾਉਣਾ ਵੀ ਅਰਜ਼ੀਆਂ ਰੁਕਣ ਦਾ ਕਾਰਨ ਦੱਸਿਆ ਜਾ ਰਿਹਾ ਹੈ। ਕਈ ਲੋਕ ਵਾਹਨ ਵੇਚਣ ਤੋਂ ਬਾਅਦ ਮਾਲਕੀ ਤਬਦੀਲ ਕਰਨ ਦੀ ਕਾਰਵਾਈ ਪੂਰੀ ਨਹੀਂ ਕਰਦੇ। ਈ-ਰਿਕਸ਼ਾ ਚਾਲਕਾਂ ਦੇ ਮਾਮਲਿਆਂ ਵਿੱਚ ਵੀ ਅਜਿਹੀ ਸਮੱਸਿਆ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕਈ ਚਾਲਕ ਰਜਿਸਟ੍ਰੇਸ਼ਨ ਤੋਂ ਬਾਅਦ ਲੋੜੀਂਦੇ ਕਾਗਜ਼ਾਤ ਜਮ੍ਹਾਂ ਨਹੀਂ ਕਰਵਾਉਂਦੇ। ਵਿਭਾਗ ਨੂੰ ਅਜਿਹੇ ਮਾਮਲਿਆਂ ਦੀ ਪਛਾਣ ਕਰਕੇ ਸਬੰਧਤ ਲੋਕਾਂ ਨੂੰ ਸੂਚਿਤ ਕਰਨਾ ਚਾਹੀਦਾ ਹੈ, ਤਾਂ ਜੋ ਅਧੂਰੀ ਕਾਰਵਾਈ ਪੂਰੀ ਹੋ ਸਕੇ।
---------------------------
ਆਨਲਾਈਨ ਸੇਵਾਵਾਂ ਦੇ ਦਾਅਵੇ ਪਰ...
ਸਰਕਾਰ ਵੱਲੋਂ ਵੱਧ ਤੋਂ ਵੱਧ ਸੇਵਾਵਾਂ ਆਨਲਾਈਨ ਕਰਨ ਦਾ ਮਕਸਦ ਲੋਕਾਂ ਨੂੰ ਦਫ਼ਤਰਾਂ ਦੇ ਚੱਕਰਾਂ ਤੋਂ ਬਚਾਉਣਾ ਹੈ ਪਰ ਜਦੋਂ ਅਰਜ਼ੀ ਦੇਣ ਤੋਂ ਬਾਅਦ ਵੀ ਲੋਕਾਂ ਨੂੰ ਦਸਤਾਵੇਜ਼ਾਂ ਲਈ ਲੰਮੀ ਉਡੀਕ ਕਰਨੀ ਪਵੇ ਤਾਂ ਇਸ ਪ੍ਰਣਾਲੀ ਦਾ ਅਸਲ ਲਾਭ ਕਿੱਥੇ ਰਹਿ ਜਾਂਦਾ ਹੈ? ਹੁਣ ਆਰਟੀਓ ਪ੍ਰਸ਼ਾਸਨ ਸਾਹਮਣੇ ਦੋ ਵੱਡੀਆਂ ਚੁਣੌਤੀਆਂ ਹਨ। ਪਹਿਲੀ, ਸਟਾਫ਼ ਦੀ ਘਾਟ ਪੂਰੀ ਕਰਨਾ ਤੇ ਦੂਜੀ, ਪੁਰਾਣੀਆਂ ਅਰਜ਼ੀਆਂ ਦਾ ਜਲਦੀ ਨਿਪਟਾਰਾ ਕਰਨਾ। ਜੇ ਇਸ ਪਾਸੇ ਠੋਸ ਕਦਮ ਨਾ ਚੁੱਕੇ ਗਏ ਤਾਂ ਪੈਂਡੈਂਸੀ ਦਾ ਬੋਝ ਹੋਰ ਵਧ ਸਕਦਾ ਹੈ। ਆਖ਼ਰਕਾਰ ਇਸ ਦਾ ਖਮਿਆਜ਼ਾ ਆਮ ਵਾਹਨ ਮਾਲਕਾਂ ਨੂੰ ਹੀ ਭੁਗਤਣਾ ਪਵੇਗਾ।
--------------------------
ਸਟਾਫ਼ ਦੀ ਘਾਟ ਕਾਰਨ ਵਧੀ ਪੈਂਡੈਂਸੀ : ਐੱਸਓ
ਸੈਕਸ਼ਨ ਅਫ਼ਸਰ (ਐੱਸਓ) ਮਨੀਸ਼ ਮਲਹੋਤਰਾ ਨੇ ਕਿਹਾ ਕਿ ਵਿਭਾਗ ’ਚ ਸਟਾਫ਼ ਦੀ ਕਮੀ ਲੰਬੇ ਸਮੇਂ ਤੋਂ ਚੱਲ ਰਹੀ ਹੈ। ਇਸ ਸਮੱਸਿਆ ਬਾਰੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਜਾ ਚੁੱਕਾ ਹੈ। ਸਟਾਫ਼ ਦੀ ਗਿਣਤੀ ਵਧਾਉਣ ਲਈ ਸੀਨੀਅਰ ਅਧਿਕਾਰੀਆਂ ਨੂੰ ਲਿਖਤੀ ਤੌਰ ’ਤੇ ਵੀ ਕਿਹਾ ਗਿਆ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਜਲਦੀ ਹੀ ਪੈਂਡਿੰਗ ਮਾਮਲਿਆਂ ਦਾ ਨਿਪਟਾਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।