ਮੇਰੇ ਪਾਪਾ ਕਵਿਤਾ ’ਚ ਜਿਉਂਦੇ ਰਹਿਣਗੇ : ਵਿੰਕਲ ਪਾਸ਼ ਦੀ ਜੀਵਨ ਸਾਥਣ, ਧੀ ਅਤੇ ਪਰਿਵਾਰ ਦਾ ਲੋਕਾਂ ਦੇ ਨਾਂਅ ਸੁਨੇਹਾ
Publish Date: Tue, 13 Oct 2026 07:03 PM (IST)
Updated Date: Tue, 13 Oct 2026 07:05 PM (IST)
ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਕਵੀ ਪਾਸ਼ ਤੇ ਪਾਸ਼ ਹੰਸ ਰਾਜ ਯਾਦਗਾਰੀ ਕੰਪਲੈਕਸ ਸਬੰਧੀ ਪਾਸ਼ ਦੀ ਜੀਵਨ ਸਾਥਣ ਰਾਜਵਿੰਦਰ ਰਾਣੀ, ਧੀ ਵਿੰਕਲ, ਭੈਣ ਪਰਮਿੰਦਰ ਗਿੱਲ, ਰਜਿੰਦਰ ਕੌਰ ਤੇ ਭਰਾ ਓਕਾਰ ਸਿੰਘ ਨੇ ਅਮਰੀਕਾ ਤੇ ਹਾਲੈਂਡ ਤੋਂ ਆਪਣੇ ਜਜ਼ਬਾਤ ਸਾਂਝੇ ਕਰਦਿਆਂ ਕੱਖਾਂ ਦੀ ਕੁੱਲੀ ਦੇ ਕਵੀ ਪਾਸ਼ ਦੀ ਕਵਿਤਾ ਤੇ ਵਿਰਾਸਤੀ ਯਾਦਗਾਰ ਦੀ ਸਲਾਮਤੀ ਲਈ ਉਠਾਈ ਆਵਾਜ਼ ਸੰਗ ਆਵਾਜ਼ ਮਿਲਾਈ ਹੈ। ਉਨ੍ਹਾਂ ਸਭਨਾਂ ਨੇ ਬਹੁਤ ਹੀ ਮਾਣ ਮੱਤੇ ਅੰਦਾਜ਼ ਕਿਹਾ ਹੈ ਕਿ ਕੁੱਲ ਦੁਨੀਆ ਅੰਦਰ ਤਲਵੰਡੀ ਸਲੇਮ, ਪਾਸ਼ ਤੇ ਹੰਸ ਰਾਜ ਨੂੰ ਬਹੁਤ ਹੀ ਅਦਬ ਨਾਲ ਯਾਦ ਕੀਤਾ ਜਾਂਦਾ ਹੈ। ਸਾਨੂੰ ਆਪਣੀ ਮਿੱਟੀ ਤੇ ਮਾਣ ਹੈ ਕਿ ਇਸ ਦੇ ਵਸਿੰਦੇ ਬਹੁਤ ਹੀ ਗਹਿਰਾਈ ਤੇ ਸੂਝ- ਬੂਝ ਨਾਲ ਸੋਚਦੇ ਵਿਚਾਰਦੇ ਹੋਏ ਉਸੇ ਤਰ੍ਹਾਂ ਹੀ ਆਪਣੇ ਨਗਰ ਦੇ ਜਾਏ ਸ਼ਹੀਦ ਸਬੂਤਾਂ ਨੂੰ ਅਦਬ ਦਿੰਦੇ ਰਹਿਣਗੇ। ਉਨ੍ਹਾਂ ਨੇ ਬਹੁਤ ਹੀ ਜਜ਼ਬਾਤੀ ਰੌਂਅ ਚ ਕਿਹਾ ਹੈ ਕਿ ਪਾਸ਼ ਤੇ ਹੰਸ ਰਾਜ ਦੀ ਸ਼ਹਾਦਤ ਦਾ ਨਾਸੂਰ ਪੂਰੇ ਨਗਰ ਤੇ ਨਗਰ ਨਾਲ਼ ਕਿਸੇ ਨਾ ਕਿਸੇ ਰੂਪ ’ਚ ਜੁੜੇ ਲੋਕਾਂ ਦੇ ਮਨਾਂ ਅੰਦਰ ਰਿਸਦਾ ਹੈ। ਪਾਸ਼ ਦੀ ਕਲਮ ਤੇ ਹਰ ਪੱਖੋਂ ਦਰੜੇ ਭਾਈ ਲਾਲੋਆਂ ਨੂੰ ਜਗਾਉਣ ਤੇ ਰਾਤਾਂ ਨੂੰ ਰੁਸ਼ਨਾਉਣ ਦਾ ਕੰਮ ਕਰਦੀ ਹੈ। ਇਸ ਲਈ ਅਸੀਂ ਗੌਰਵ ਨਾਲ ਕਹਿ ਸਕਦੇ ਹਾਂ ਕਿ ਸਾਡਾ ਨਗਰ ਆਪਣੇ ਸਪੂਤਾਂ ਨੂੰ ਤੇ ਆਪਣੇ ਮਹਿਬੂਬ ਕਵੀ ਦੇ ਹਰਫ਼ਾਂ ਦੀ ਲੋਅ ਨੂੰ ਕਦੇ ਵੀ ਮੱਧਮ ਨਹੀਂ ਪੈਣ ਦੇਵੇਗਾ। ਸਾਰਾ ਨਗਰ ਇਕ ਜੁੱਟ ਹੋ ਕੇ ਪਾਸ਼ ਹੰਸ ਰਾਜ ਦੀ ਵਿਰਾਸਤ ਦੇ ਇਤਿਹਾਸਕਤਾ ਨੂੰ ਬੁਲੰਦ ਰੱਖੇਗਾ। ਪਾਸ਼ ਦੀ ਧੀ ਵਿੰਕਲ ਨੇ ਉਚੇਚੇ ਤੌਰ ’ਤੇ ਕਿਹਾ ਕਿ, ਮੇਰੇ ਪਾਪਾ ਕਵਿਤਾ ’ਚ ਜਿਉਂਦੇ ਰਹਿਣਗੇ ਸਾਨੂੰ ਸਾਡੇ ਪਰਿਵਾਰ ਆਪਣੇ ਨਗਰ ਤਲਵੰਡੀ ਸਲੇਮ ਤੇ ਪਾਸ਼ ਦੇ ਹਮ ਖਿਆਲ ਬੁੱਧੀਜੀਵੀ, ਸਾਹਿਤ ਤੇ ਕਲਾ ਜਗਤ ਨਾਲ਼ ਜੁੜੇ ਵਡੇਰੇ ਪਰਿਵਾਰ ਤੇ ਬੇਹੱਦ ਮਾਣ ਹੈ ਕਿ ਉਹ ਬਹੁਤ ਹੀ ਦੂਰ-ਅੰਦੇਸ਼ੀ, ਸਿਹਤਮੰਦ ਤੇ ਇਨਸਾਫ਼ ਦੀ ਦ੍ਰਿਸ਼ਟੀ ਅਨੁਸਾਰ ਹਨੇਰੇ ਦੀਆਂ ਬਾਤਾਂ ਪਾਉਣ ਵਾਲਿਆਂ ਤੋਂ ਸੁਚੇਤ ਰਹਿੰਦਿਆਂ, ਰੌਸ਼ਨ ਮਾਰਗ ’ਤੇ ਤੁਰਦੇ ਰਹਿਣਗੇ। ਪ੍ਰੈੱਸ ਨਾਲ਼ ਇਹ ਜਾਣਕਾਰੀ ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਦੇ ਪ੍ਰਧਾਨ ਅਮੋਲਕ ਸਿੰਘ ਨੇ ਸਾਂਝੀ ਕਰਦਿਆਂ ਦੱਸਿਆ ਕਿ ਉਹਨਾਂ ਨੂੰ ਆਪਣੇ ਪਿੰਡ ਤਲਵੰਡੀ ਸਲੇਮ ਅਤੇ ਦੇਸ਼ ਬਦੇਸ਼ ਵਸਦੇ ਪਾਸ਼ ਦੇ ਹਮ ਖਿਆਲਾਂ ਉਪਰ ਬਹੁਤ ਮਾਣ ਹੈ।