PM ਨਰਿੰਦਰ ਮੋਦੀ ਦੀ ਆਮਦ ਤੋਂ ਪਹਿਲਾਂ ਕੈਂਟ ਰੇਲਵੇ ਸਟੇਸ਼ਨ 'ਤੇ ਵੱਡੀ ਗਿਣਤੀ 'ਚ ਪੁੱਜੇ ਸਮਰਥਕ, ਸਖ਼ਤ ਪ੍ਰਬੰਧਾਂ ਹੇਠ ਸਜਿਆ ਸ਼ਹਿਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਜਲੰਧਰ ਦੌਰੇ ਦੌਰਾਨ ਪੰਜਾਬ ਅਤੇ ਦੇਸ਼ ਨੂੰ ਵੱਡੀਆਂ ਸੌਗਾਤਾਂ ਦੇਣ ਜਾ ਰਹੇ ਹਨ। ਉਹ 125 ਕਰੋੜ ਰੁਪਏ ਦੀ ਲਾਗਤ ਨਾਲ ਆਧੁਨਿਕ ਸਹੂਲਤਾਂ ਨਾਲ ਲੈਸ ਨਵੇਂ ਬਣੇ ਜਲੰਧਰ ਕੈਂਟ ਸਟੇਸ਼ਨ ਦਾ ਉਦਘਾਟਨ ਕਰਨਗੇ। ਇਸ ਦੇ ਨਾਲ ਹੀ, ਉਹ ਦੇਸ਼ ਭਰ ’ਚ 'ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ' ਤਹਿਤ ਮੁਕੰਮਲ ਕੀਤੇ ਗਏ 75 ਰੇਲਵੇ ਸਟੇਸ਼ਨਾਂ ਦਾ ਉਦਘਾਟਨ ਵੀ ਇੱਥੋਂ ਹੀ ਵਰਚੁਅਲ ਤਰੀਕੇ ਨਾਲ ਕਰਨਗੇ। ਪੰਜਾਬ ਦੇ ਚਾਰ ਰੇਲਵੇ ਸਟੇਸ਼ਨਾਂ (ਜਲੰਧਰ ਕੈਂਟ, ਮੋਹਾਲੀ, ਮੁਕਤਸਰ ਅਤੇ ਸ੍ਰੀ ਅਨੰਦਪੁਰ ਸਾਹਿਬ) ਨੂੰ ਇਸ ਯੋਜਨਾ ਤਹਿਤ ਨਵਾਂ ਰੂਪ ਦਿੱਤਾ ਗਿਆ ਹੈ।
Publish Date: Fri, 17 Jul 2026 10:43 AM (IST)
Updated Date: Fri, 17 Jul 2026 10:47 AM (IST)
ਪੰਜਾਬੀ ਜਾਗਰਣ ਟੀਮ, ਜਲੰਧਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਜਲੰਧਰ ਦੌਰੇ ਦੌਰਾਨ ਪੰਜਾਬ ਅਤੇ ਦੇਸ਼ ਨੂੰ ਵੱਡੀਆਂ ਸੌਗਾਤਾਂ ਦੇਣ ਜਾ ਰਹੇ ਹਨ। ਉਹ 125 ਕਰੋੜ ਰੁਪਏ ਦੀ ਲਾਗਤ ਨਾਲ ਆਧੁਨਿਕ ਸਹੂਲਤਾਂ ਨਾਲ ਲੈਸ ਨਵੇਂ ਬਣੇ ਜਲੰਧਰ ਕੈਂਟ ਸਟੇਸ਼ਨ ਦਾ ਉਦਘਾਟਨ ਕਰਨਗੇ। ਇਸ ਦੇ ਨਾਲ ਹੀ, ਉਹ ਦੇਸ਼ ਭਰ ’ਚ 'ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ' ਤਹਿਤ ਮੁਕੰਮਲ ਕੀਤੇ ਗਏ 75 ਰੇਲਵੇ ਸਟੇਸ਼ਨਾਂ ਦਾ ਉਦਘਾਟਨ ਵੀ ਇੱਥੋਂ ਹੀ ਵਰਚੁਅਲ ਤਰੀਕੇ ਨਾਲ ਕਰਨਗੇ। ਪੰਜਾਬ ਦੇ ਚਾਰ ਰੇਲਵੇ ਸਟੇਸ਼ਨਾਂ (ਜਲੰਧਰ ਕੈਂਟ, ਮੋਹਾਲੀ, ਮੁਕਤਸਰ ਅਤੇ ਸ੍ਰੀ ਅਨੰਦਪੁਰ ਸਾਹਿਬ) ਨੂੰ ਇਸ ਯੋਜਨਾ ਤਹਿਤ ਨਵਾਂ ਰੂਪ ਦਿੱਤਾ ਗਿਆ ਹੈ।
ਪ੍ਰਧਾਨ ਮੰਤਰੀ ਦੀ ਆਮਦ ਨੂੰ ਲੈ ਕੇ ਸ਼ਹਿਰ ਦੇ ਚੌਂਕ ਚੌਰਾਹੇ ਝੰਡੀਆਂ ਦੇ ਨਾਲ ਸਜਾਏ ਗਏ ਹਨ ਹਰ ਪਾਸੇ ਭਾਜਪਾ ਦੇ ਅਤੇ ਪ੍ਰਧਾਨ ਮੰਤਰੀ ਮੋਦੀ ਦੇ ਫਲੈਕਸ ਬੋਰਡ ਲਗਾਏ ਗਏ ਹਨ। ਜਿਸ ਰੂਟ ਰਾਹੀਂ ਪ੍ਰਧਾਨ ਮੰਤਰੀ ਮੋਦੀ ਦਾ ਕਾਫਲਾ ਗੁਜ਼ਰਨਾ ਹੈ, ਉਸਨੂੰ 24 ਘੰਟਿਆਂ ’ਚ ਹੀ ਇੱਕਦਮ ਚਮਕਾ ਦਿੱਤਾ ਗਿਆ।
ਭਾਜਪਾ ਪੰਜਾਬ ਦੀ ਪੂਰੀ ਲੀਡਰਸ਼ਿਪ ਸ਼ਹਿਰ ’ਚ ਮੌਜੂਦ ਹੈ ਜਦਕਿ ਕੈਂਟ ’ਚ ਰੈਲੀ ਲਈ ਬਣਾਈ ਗਈ ਸਟੇਜ ਵੀ ਪੂਰੀ ਤਰ੍ਹਾਂ ਸੱਜ ਕੇ ਤਿਆਰ ਹੈ। ਵੱਡੀ ਗਿਣਤੀ ’ਚ ਸਮਰਥਕ ਸਵੇਰ ਤੋਂ ਇਥੇ ਪੁੱਜਣੇ ਸ਼ੁਰੂ ਹੋ ਗਏ ਹਨ। ਉਨ੍ਹਾਂ ’ਚ ਪੂਰੀ ਤਰ੍ਹਾਂ ਉਤਸਾਹ ਦੇਖਿਆ ਜਾ ਰਿਹਾ ਹੈ।
‘ਸੰਤ ਰਵਿਦਾਸ ਐਕਸਪ੍ਰੈਸ’ ਸਮੇਤ ਨਵੀਆਂ ਟ੍ਰੇਨਾਂ ਨੂੰ ਦਿਖਾਉਣਗੇ ਹਰੀ ਝੰਡੀ
ਪ੍ਰਧਾਨ ਮੰਤਰੀ ਵੱਲੋਂ ਇਸ ਮੌਕੇ ਸ੍ਰੀ ਅੰਮ੍ਰਿਤਸਰ ਸਾਹਿਬ (ਛੇਹਰਟਾ) ਤੋਂ ਵਾਰਾਣਸੀ (ਯੂ.ਪੀ.) ਵਿਚਕਾਰ ਚੱਲਣ ਵਾਲੀ 'ਸੰਤ ਰਵਿਦਾਸ ਐਕਸਪ੍ਰੈਸ' ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਜਾਵੇਗਾ। ਇਹ ਟ੍ਰੇਨ ਹਫ਼ਤੇ ਵਿੱਚ ਤਿੰਨ ਦਿਨ ਚੱਲੇਗੀ ਅਤੇ ਇਸ ਨਾਲ ਖਾਸ ਤੌਰ ’ਤੇ ਰਵਿਦਾਸੀਆ ਭਾਈਚਾਰੇ ਅਤੇ ਸ਼ਰਧਾਲੂਆਂ ਨੂੰ ਵਾਰਾਣਸੀ ਦੀ ਯਾਤਰਾ ਕਰਨ ’ਚ ਬਹੁਤ ਆਸਾਨੀ ਹੋਵੇਗੀ। ਇਸ ਤੋਂ ਇਲਾਵਾ, ਉਹ ਕਰਟੋਲੀ-ਅੰਬਾਲਾ ਟ੍ਰੇਨ ਸੇਵਾ ਨੂੰ ਵੀ ਰਵਾਨਾ ਕਰਨਗੇ।
ਕੈਂਟ ਸਟੇਸ਼ਨ ਨੂੰ ਮਿਲਿਆ ਵਿਸ਼ਵ ਪੱਧਰੀ ਰੂਪ
ਲਗਪਗ 110 ਸਾਲ ਪੁਰਾਣੇ ਇਸ ਇਤਿਹਾਸਕ ਸਟੇਸ਼ਨ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਗਿਆ ਹੈ । ਯਾਤਰੀਆਂ ਦੇ ਬੈਠਣ ਲਈ 1,770 ਵਰਗ ਮੀਟਰ ਦਾ ਵਿਸ਼ਾਲ ਏਅਰ ਕਨਕੋਰਸ ਬਣਾਇਆ ਗਿਆ ਹੈ। ਆਉਣ-ਜਾਣ ਨੂੰ ਸੌਖਾ ਬਣਾਉਣ ਲਈ 6 ਮੀਟਰ ਅਤੇ 9 ਮੀਟਰ ਚੌੜੇ ਦੋ ਨਵੇਂ ਪੁਲ ਬਣਾਏ ਗਏ ਹਨ। ਸ਼ਹਿਰ ਦੇ ਦੂਜੇ ਪਾਸੇ ਤੋਂ ਆਉਣ ਵਾਲੇ ਯਾਤਰੀਆਂ ਲਈ 300 ਵਰਗ ਮੀਟਰ ਦੀ ਨਵੀਂ ਬਿਲਡਿੰਗ ਅਤੇ ਵੱਡੀ ਪਾਰਕਿੰਗ ਤਿਆਰ ਕੀਤੀ ਗਈ ਹੈ। ਬਜ਼ੁਰਗਾਂ ਅਤੇ ਦਿਵਿਆਂਗਾਂ ਦੀ ਸਹੂਲਤ ਲਈ ਖਾਸ ਪ੍ਰਬੰਧ ਕੀਤੇ ਗਏ ਹਨ।
ਸੁਰੱਖਿਆ ਦੇ ਸਖ਼ਤ ਪ੍ਰਬੰਧ ਅਤੇ ਰੂਟ ਡਾਇਵਰਸ਼ਨ
ਪ੍ਰਧਾਨ ਮੰਤਰੀ ਦੀ ਸੁਰੱਖਿਆ ਲਈ 10 ਜ਼ਿਲ੍ਹਿਆਂ ਦੀ ਪੁਲਿਸ ਦੇ 10,000 ਤੋਂ ਵੱਧ ਪੁਲਿਸ ਮੁਲਾਜ਼ਮਾਂ ਨੂੰ ਜਲੰਧਰ ’ਚ ਤਾਇਨਾਤ ਕੀਤਾ ਗਿਆ ਹੈ। ਪੂਰੇ ਜਲੰਧਰ ਸ਼ਹਿਰ ਨੂੰ ਅਸਮਾਨੀ ਨਿਗਰਾਨੀ ਹੇਠ ਰੱਖਿਆ ਗਿਆ ਹੈ ਅਤੇ ਡਰੋਨ ਆਦਿ ਉਡਾਉਣ ’ਤੇ ਪਾਬੰਦੀ ਲਗਾਈ ਗਈ ਹੈ।
ਇਸਦੇ ਨਾਲ ਹੀ ਅੰਮ੍ਰਿਤਸਰ-ਦਿੱਲੀ ਅਤੇ ਪਠਾਨਕੋਟ-ਜਲੰਧਰ ਨੈਸ਼ਨਲ ਹਾਈਵੇਅ ’ਤੇ ਦੁਪਹਿਰ 2:30 ਵਜੇ ਤੋਂ ਰੂਟ ਬਦਲ ਦਿੱਤੇ ਗਏ ਹਨ। ਜਲੰਧਰ ਕੈਂਟ ਸਟੇਸ਼ਨ ’ਤੇ ਪ੍ਰਧਾਨ ਮੰਤਰੀ ਦੇ 80 ਮਿੰਟ ਰੁਕਣ ਦੌਰਾਨ ਕੋਈ ਵੀ ਟ੍ਰੇਨ ਉੱਥੋਂ ਨਹੀਂ ਲੰਘੇਗੀ, ਜਿਸ ਕਾਰਨ ਕਈ ਟ੍ਰੇਨਾਂ ਡੇਢ ਤੋਂ ਤਿੰਨ ਘੰਟੇ ਦੀ ਦੇਰੀ ਨਾਲ ਚੱਲਣਗੀਆਂ।
ਸਮਰਥਕਾਂ ਅਤੇ ਨੇਤਾਵਾਂ ’ਚ ਭਾਰੀ ਉਤਸਾਹ
ਸਮਾਗਮ ਨੂੰ ਸਫ਼ਲ ਬਣਾਉਣ ਲਈ ਭਾਜਪਾ ਆਗੂਆਂ ਵੱਲੋਂ ਪੰਜਾਬ ਦੇ ਹਰ ਜ਼ਿਲ੍ਹੇ ਵਿੱਚੋਂ ਵਰਕਰਾਂ ਅਤੇ ਸਮਰਥਕਾਂ ਦੀਆਂ ਗੱਡੀਆਂ ਦੇ ਕਾਫ਼ਲੇ ਲਿਆਂਦੇ ਜਾ ਰਹੇ ਹਨ। ਸਟੇਸ਼ਨ ਦੇ ਬਾਹਰ 5,000 ਤੋਂ ਵੱਧ ਲੋਕਾਂ ਦੇ ਬੈਠਣ ਲਈ ਇੱਕ ਵੱਡਾ ਵਾਟਰਪਰੂਫ਼ ਟੈਂਟ ਲਗਾਇਆ ਗਿਆ ਹੈ ਤਾਂ ਜੋ ਮੀਂਹ ਜਾਂ ਧੁੱਪ ਦੌਰਾਨ ਵੀ ਸਮਾਗਮ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਹਿ ਸਕੇ।