- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਕੋਦਰ ਦੇ ਮੁੱਖ ਮਾਰਗ ’ਤੇ ਡਿੱਗਿਆ ਵਿਸ਼ਾਲ ਰੁੱਖ ਬਣਿਆ ਮੌਤ ਦਾ ਜਾਲ, ਪ੍ਰਸ਼ਾਸਨ ਦੀ ਲਾਪਰਵਾਹੀ ਨਾਲ ਵੱਡੇ ਹਾਦਸੇ ਦਾ ਖ਼ਤਰਾ

-ਜੈਨ ਮੰਦਰ ਸਾਹਮਣੇ ਕਈ ਦਿਨਾਂ ਤੋਂ ਸੜਕ ’ਤੇ ਪਿਆ ਦਰੱਖਤ
ਧੀਰਜ ਮਰਵਾਹਾ, ਪੰਜਾਬੀ ਜਾਗਰਣ, ਨਕੋਦਰ : ਪੁਰਾਣੇ ਜਲੰਧਰ–ਮੋਗਾ ਨੈਸ਼ਨਲ ਹਾਈਵੇ ’ਤੇ ਦਾਣਾ ਮੰਡੀ ਨੇੜੇ ਪਿਛਲੇ ਕਈ ਦਿਨਾਂ ਤੋਂ ਰੁੱਖ ਮੁੱਖ ਸੜਕ ’ਤੇ ਡਿੱਗਿਆ ਪਿਆ ਹੈ, ਜੋ ਹੁਣ ਹਰ ਲੰਘਦੇ ਰਾਹਗੀਰ ਅਤੇ ਵਾਹਨ ਚਾਲਕ ਲਈ ਗੰਭੀਰ ਖ਼ਤਰਾ ਬਣ ਚੁੱਕਾ ਹੈ। ਸੜਕ ਵਿਚਾਲੇ ਤੱਕ ਫੈਲਿਆ ਇਹ ਦਰੱਖਤ ਆਵਾਜਾਈ ਵਿੱਚ ਰੁਕਾਵਟ ਪੈਦਾ ਕਰ ਰਿਹਾ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਇੰਨੇ ਦਿਨ ਬੀਤ ਜਾਣ ਦੇ ਬਾਵਜੂਦ ਵੀ ਸਬੰਧਤ ਵਿਭਾਗ ਵੱਲੋਂ ਇਸ ਨੂੰ ਹਟਾਉਣ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ। ਸ਼ਾਹਕੋਟ ਵੱਲੋਂ ਨਕੋਦਰ ਆਉਣ ਵਾਲੇ ਵਾਹਨ ਚਾਲਕਾਂ ਲਈ ਇਹ ਸਥਿਤੀ ਹੋਰ ਵੀ ਖ਼ਤਰਨਾਕ ਹੈ। ਰੁੱਖ ਤੋਂ ਕੁਝ ਹੀ ਦੂਰੀ ’ਤੇ ਸੜਕ ’ਤੇ ਮੋੜ ਹੋਣ ਕਰਕੇ ਡਿੱਗਿਆ ਹੋਇਆ ਦਰੱਖਤ ਦੂਰੋਂ ਦਿਖਾਈ ਨਹੀਂ ਦਿੰਦਾ। ਨਤੀਜੇ ਵਜੋਂ ਵਾਹਨ ਚਾਲਕਾਂ ਨੂੰ ਅਚਾਨਕ ਆਪਣਾ ਰਸਤਾ ਬਦਲਣਾ ਪੈਂਦਾ ਹੈ, ਜਿਸ ਕਾਰਨ ਹਰ ਸਮੇਂ ਕਿਸੇ ਵੱਡੇ ਅਤੇ ਦਰਦਨਾਕ ਹਾਦਸੇ ਦਾ ਖ਼ਤਰਾ ਬਣਿਆ ਰਹਿੰਦਾ ਹੈ। ਸਥਾਨਕ ਲੋਕਾਂ ਅਤੇ ਕਿਸਾਨਾਂ ਮੁਤਾਬਕ ਹਰ ਰੋਜ਼ ਅੰਮ੍ਰਿਤ ਵੇਲੇ ਵੱਡੀ ਗਿਣਤੀ ਵਿੱਚ ਕਿਸਾਨ ਆਪਣੀਆਂ ਫ਼ਸਲਾਂ ਅਤੇ ਸਬਜ਼ੀਆਂ ਲੈ ਕੇ ਦਾਣਾ ਮੰਡੀ ਅਤੇ ਸਬਜ਼ੀ ਮੰਡੀ ਵੱਲ ਰਵਾਨਾ ਹੁੰਦੇ ਹਨ। ਉਸ ਸਮੇਂ ਹਨੇਰਾ ਹੋਣ ਅਤੇ ਮੋੜ ਕਾਰਨ ਸੜਕ ’ਤੇ ਪਿਆ ਇਹ ਵਿਸ਼ਾਲ ਰੁੱਖ ਆਸਾਨੀ ਨਾਲ ਨਜ਼ਰ ਨਹੀਂ ਆਉਂਦਾ। ਖ਼ਾਸ ਕਰਕੇ ਦੋ-ਪਹੀਆ ਵਾਹਨ ਚਾਲਕਾਂ ਲਈ ਇਹ ਇੱਕ ਜਾਨਲੇਵਾ ਖ਼ਤਰਾ ਬਣਿਆ ਹੋਇਆ ਹੈ। ਇਹ ਮਾਰਗ ਨਕੋਦਰ ਸ਼ਹਿਰ ਦੇ ਸਭ ਤੋਂ ਵਿਅਸਤ ਰੂਟਾਂ ਵਿੱਚੋਂ ਇਕ ਹੈ।
ਇਸੇ ਸੜਕ ’ਤੇ ਦਾਣਾ ਮੰਡੀ, ਸਬਜ਼ੀ ਮੰਡੀ, ਟਰੱਕ ਯੂਨੀਅਨ ਅਤੇ ਹੋਰ ਕਈ ਵਪਾਰਕ ਅਦਾਰੇ ਸਥਿਤ ਹਨ, ਜਿਸ ਕਾਰਨ ਦਿਨ-ਰਾਤ ਭਾਰੀ ਵਾਹਨਾਂ ਦੀ ਆਵਾਜਾਈ ਰਹਿੰਦੀ ਹੈ। ਇਸ ਤੋਂ ਇਲਾਵਾ ਸਾਹਮਣੇ ਸਥਿਤ ਜੈਨ ਮੰਦਰ ਵਿੱਚ ਰੋਜ਼ਾਨਾ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੱਥਾ ਟੇਕਣ ਲਈ ਪਹੁੰਚਦੇ ਹਨ। ਇੰਨੇ ਸੰਵੇਦਨਸ਼ੀਲ ਅਤੇ ਵਿਅਸਤ ਮਾਰਗ ’ਤੇ ਕਈ ਦਿਨਾਂ ਤੋਂ ਡਿੱਗੇ ਰੁੱਖ ਦਾ ਪਿਆ ਰਹਿਣਾ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਸਥਾਨਕ ਨਿਵਾਸੀਆਂ, ਵਪਾਰੀਆਂ ਅਤੇ ਰਾਹਗੀਰਾਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਕਈ ਦਿਨ ਬੀਤ ਜਾਣ ਦੇ ਬਾਵਜੂਦ ਵੀ ਸਬੰਧਤ ਵਿਭਾਗ ਵੱਲੋਂ ਨਾ ਤਾਂ ਰੁੱਖ ਨੂੰ ਹਟਾਇਆ ਗਿਆ ਹੈ ਅਤੇ ਨਾ ਹੀ ਲੋਕਾਂ ਨੂੰ ਸੁਚੇਤ ਕਰਨ ਲਈ ਕੋਈ ਚੇਤਾਵਨੀ ਬੋਰਡ ਜਾਂ ਬੈਰੀਕੇਡ ਲਗਾਏ ਗਏ ਹਨ। ਲੋਕਾਂ ਨੇ ਸਵਾਲ ਕੀਤਾ, “ਕੀ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ? ਕੀ ਕਿਸੇ ਬੇਕਸੂਰ ਦੀ ਜਾਨ ਜਾਣ ਤੋਂ ਬਾਅਦ ਹੀ ਅਧਿਕਾਰੀਆਂ ਦੀ ਨੀਂਦ ਖੁੱਲੇਗੀ?” ਇਲਾਕਾ ਵਾਸੀਆਂ, ਵਪਾਰੀਆਂ ਅਤੇ ਸ਼ਰਧਾਲੂਆਂ ਨੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਇਸ ਡਿੱਗੇ ਰੁੱਖ ਨੂੰ ਤੁਰੰਤ ਹਟਾਇਆ ਜਾਵੇ।