
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਨਾਰਥ ’ਚ ‘ਰੱਖੜੀ ਮਹਾ ਉਤਸਵ’ ਨੇ ਦਿਖਾਈ ਮਹਿਲਾ ਸ਼ਕਤੀ ਦੀ ਝਲਕ

-ਜਲੰਧਰ ਦੇ ਸਥਾਨਕ ਫਾਰਮ ’ਚ ਵੱਡੀ ਗਿਣਤੀ ’ਚ ਪੁੱਜੀਆਂ ਔਰਤਾਂ
ਲਖਬੀਰ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਨਾਰਥ ਵਿਧਾਨ ਸਭਾ ਹਲਕੇ ’ਚ ਆਮ ਆਦਮੀ ਪਾਰਟੀ ਵੱਲੋਂ ਪਠਾਨਕੋਟ ਚੌਕ ਨੇੜੇ ਸਥਿਤ ਇਕ ਫਾਰਮ ’ਚ ‘ਰੱਖੜੀ ਮਹਾ ਉਤਸਵ’ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦੌਰਾਨ ਮਹਿਲਾ ਸ਼ਕਤੀ ਦੀ ਵੱਡੀ ਹਾਜ਼ਰੀ ਦੇਖਣ ਨੂੰ ਮਿਲੀ ਤੇ ਮਾਹੌਲ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਦੇ ਪਿਆਰ ਨਾਲ ਭਰਿਆ ਹੋਇਆ ਨਜ਼ਰ ਆਇਆ। ਇਸ ਮੌਕੇ ਵੱਡੀ ਗਿਣਤੀ ’ਚ ਪਹੁੰਚੀਆਂ ਔਰਤਾਂ ਨੇ ਜਲੰਧਰ ਨਾਰਥ ਦੇ ਹਲਕਾ ਇੰਚਾਰਜ ਤੇ ਨਗਰ ਨਿਗਮ ਜਲੰਧਰ ਦੇ ਮੇਅਰ ਵਨੀਤ ਧੀਰ ਨੂੰ ਰੱਖੜੀ ਬੰਨ੍ਹੀ। ਭੈਣਾਂ ਨੇ ਵਨੀਤ ਧੀਰ ਦੀ ਲੰਬੀ ਉਮਰ, ਚੰਗੀ ਸਿਹਤ ਤੇ ਸੁਨਹਿਰੀ ਭਵਿੱਖ ਲਈ ਅਰਦਾਸ ਕੀਤੀ। ਇਸ ਮੌਕੇ ਔਰਤਾਂ ਨੂੰ ਸੰਬੋਧਨ ਕਰਦਿਆਂ ਵਨੀਤ ਧੀਰ ਨੇ ਕਿਹਾ ਕਿ ਰੱਖੜੀ ਸਿਰਫ਼ ਇਕ ਧਾਗਾ ਨਹੀਂ, ਸਗੋਂ ਭੈਣ-ਭਰਾ ਦੇ ਪਿਆਰ, ਵਿਸ਼ਵਾਸ ਤੇ ਜ਼ਿੰਮੇਵਾਰੀ ਦਾ ਪ੍ਰਤੀਕ ਹੈ। ਅੱਜ ਜਿਸ ਤਰ੍ਹਾਂ ਵੱਡੀ ਗਿਣਤੀ ’ਚ ਭੈਣਾਂ ਨੇ ਉਨ੍ਹਾਂ ਨੂੰ ਰੱਖੜੀ ਬੰਨ੍ਹੀ ਹੈ, ਇਹ ਉਨ੍ਹਾਂ ਲਈ ਬੇਹੱਦ ਸਨਮਾਨ ਤੇ ਭਾਵਨਾਤਮਕ ਪਲ ਹੈ। ਔਰਤਾਂ ਦੀ ਤਰੱਕੀ ਤੇ ਸਨਮਾਨ ਤੋਂ ਬਿਨਾਂ ਕਿਸੇ ਵੀ ਸਮਾਜ ਦੀ ਤਰੱਕੀ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਔਰਤਾਂ ਨੂੰ ਸਸ਼ਕਤ ਬਣਾਉਣ ਤੇ ਉਨ੍ਹਾਂ ਲਈ ਬਿਹਤਰ ਮਾਹੌਲ ਪੈਦਾ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਪ੍ਰੋਗਰਾਮ ’ਚ ਪਹੁੰਚੀਆਂ ਸਾਰੀਆਂ ਭੈਣਾਂ ਦਾ ਧੰਨਵਾਦ ਕੀਤਾ। ਪ੍ਰੋਗਰਾਮ ਦੌਰਾਨ ਰੱਖੜੀ ਬੰਨ੍ਹਣ ਪਹੁੰਚੀਆਂ ਔਰਤਾਂ ਨੂੰ ਤੋਹਫ਼ੇ ਵਜੋਂ ਇਕ-ਇਕ ਸੂਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਔਰਤਾਂ ਨੇ ਇਸ ਪਹਿਲ ਦੀ ਸ਼ਲਾਘਾ ਕਰਦਿਆਂ ਪ੍ਰਬੰਧਕਾਂ ਦਾ ਧੰਨਵਾਦ ਕੀਤਾ।‘ਮਹਾ ਰੱਖੜੀ’ ਪ੍ਰੋਗਰਾਮ ਰਾਹੀਂ ਆਮ ਆਦਮੀ ਪਾਰਟੀ ਵੱਲੋਂ ਜਿੱਥੇ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਨੂੰ ਸਨਮਾਨ ਦਿੱਤਾ ਗਿਆ, ਉੱਥੇ ਹੀ ਵੱਡੀ ਗਿਣਤੀ ’ਚ ਔਰਤਾਂ ਨੂੰ ਇੱਕ ਮੰਚ ’ਤੇ ਇਕੱਠਾ ਕਰਕੇ ਮਹਿਲਾ ਵਰਗ ਨਾਲ ਆਪਣੇ ਸੰਪਰਕ ਨੂੰ ਹੋਰ ਮਜ਼ਬੂਤ ਕਰਨ ਦਾ ਸੰਦੇਸ਼ ਵੀ ਦਿੱਤਾ ਗਿਆ। ਇਸ ਦੌਰਾਨ ਬਲਾਕ ਪ੍ਰਧਾਨ, ਕੌਂਸਲਰਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੀ ਪੂਰੀ ਲੀਡਰਸ਼ਿਪ ਮੌਜੂਦ ਰਹੀ।