- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹਿਰ ਵਿੱਚ ਏਸ਼ੀਆਈ ਸਿਤਾਰਿਆਂ ਦਾ ਮੇਲਾ, ਹਰ ਪਾਸੇ ਦਿਖ ਰਿਹਾ ਹਾਕੀ ਦਾ ਜਨੂੰਨ

ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ
ਦੁਨੀਆ ਭਰ ’ਚ ਹਾਕੀ ਦੀ ਨਰਸਰੀ ਵਜੋਂ ਜਾਣੇ ਜਾਂਦੇ ਜਲੰਧਰ ’ਚ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਨੂੰ ਲੈ ਕੇ ਦੀਵਾਨਗੀ ਹਰ ਪਾਸੇ ਨਜ਼ਰ ਆ ਰਹੀ ਹੈ। ਸ਼ਹਿਰ ’ਚ ਤੁਸੀਂ ਕਿਸੇ ਵੀ ਰਸਤੇ ਤੋਂ ਆਓ, ਹਰ ਪਾਸੇ ਚਮਕ-ਦਮਕ ਦਿਖਾਈ ਦੇਵੇਗੀ। ਭਾਵੇਂ ਸ਼ਹਿਰ ’ਚ ਐਂਟਰੀ ਪੀਏਪੀ ਚੌਕ ਤੋਂ ਹੋਵੇ, ਮਕਸੂਦਾਂ ਬਾਈਪਾਸ ਤੋਂ ਜਾਂ ਫਿਰ ਸ਼ਹਿਰ ਦੀ ਲਾਈਫਲਾਈਨ ਮਹਾਵੀਰ ਮਾਰਗ ਤੋਂ, ਇੰਨੇ ਸਾਫ਼-ਸੁਥਰੇ ਰਸਤੇ ਪਹਿਲਾਂ ਘੱਟ ਹੀ ਦੇਖਣ ਨੂੰ ਮਿਲਦੇ ਸਨ। ਜੇਕਰ ਸ਼ਾਮ ਢੱਲਣ ਤੋਂ ਬਾਅਦ ਇਨ੍ਹਾਂ ਰਸਤਿਆਂ ਤੋਂ ਲੰਘੋ ਤਾਂ ਰੌਸ਼ਨੀਆਂ ’ਚ ਨਹਾਤੀਆਂ ਸੜਕਾਂ ਸ਼ਾਨਦਾਰ ਨਜ਼ਾਰਾ ਪੇਸ਼ ਕਰਦੀਆਂ ਹਨ। ਸੈਂਟਰਲ ਵਰਜ 'ਤੇ ਤਿਰੰਗੇ ਕੱਪੜੇ ’ਚ ਲਪੇਟੀਆਂ ਗਰਿੱਲਾਂ ਤੇ ਸਟਰੀਟ ਲਾਈਟਾਂ ਦੇ ਖੰਭਿਆਂ 'ਤੇ ਤਿਰੰਗੀਆਂ ਲਾਈਟਾਂ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕਰਦੀਆਂ ਹਨ। ਇਹ ਨਜ਼ਾਰਾ ਦੇਖ ਕੇ ਹਰ ਕੋਈ ਕਹਿ ਉੱਠਦਾ ਹੈ ਕਿ ਆਪਣਾ ਸ਼ਹਿਰ ਕਮਾਲ ਦਾ ਹੈ। ਮਹਾਵੀਰ ਮਾਰਗ ਦੇ ਸੈਂਟਰਲ ਵਰਜ ਤੇ ਮਕਸੂਦਾਂ ਇਲਾਕੇ ਦੀ ਗ੍ਰੀਨ ਬੈਲਟ ਦੀ ਵੀ ਕਾਇਆ-ਕਲਪ ਹੋ ਗਈ ਹੈ। ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਨੂੰ ਜਲੰਧਰ ਲਈ ਹੁਣ ਤੱਕ ਦਾ ਸਭ ਤੋਂ ਵੱਡਾ ਖੇਡ ਸਮਾਗਮ ਕਿਹਾ ਜਾ ਸਕਦਾ ਹੈ। ਜਦੋਂ ਇੰਨਾ ਵੱਡਾ ਸਮਾਗਮ ਹੋਵੇ ਤਾਂ ਜ਼ਿੰਮੇਵਾਰੀ ਵੀ ਵੱਡੀ ਹੋ ਜਾਂਦੀ ਹੈ। ਭਾਰਤ ਦੇ ਨਾਲ ਜਾਪਾਨ, ਚੀਨ, ਦੱਖਣੀ ਕੋਰੀਆ, ਮਲੇਸ਼ੀਆ ਅਤੇ ਬੰਗਲਾਦੇਸ਼ ਦੀਆਂ ਟੀਮਾਂ ਜਲੰਧਰ ਪੁੱਜੀਆਂ ਹਨ, ਇਸ ਲਈ ਵਿਸ਼ਵ ਪੱਧਰੀ ਪ੍ਰਬੰਧ ਕਰਨਾ ਵੀ ਜ਼ਰੂਰੀ ਸੀ। ਮੈਚਾਂ ਵਾਲੀ ਥਾਂ ਤੇ ਸਮਾਗਮ ਨਾਲ ਜੁੜੇ ਮੁੱਖ ਰਸਤਿਆਂ ਦੀ ਇੰਨੀ ਬਿਹਤਰ ਸਫ਼ਾਈ ਪਹਿਲਾਂ ਕਦੇ ਦੇਖਣ ਨੂੰ ਨਹੀਂ ਮਿਲੀ। ਇਨ੍ਹਾਂ ਰਸਤਿਆਂ ਤੋਂ ਲੰਘਦਿਆਂ ਕਿਤੇ ਸੜਕਾਂ ਦੀ ਸਫ਼ਾਈ ਕਰਨ ਵਾਲੀਆਂ ਮਸ਼ੀਨਾਂ, ਕਿਤੇ ਪਾਣੀ ਦਾ ਛਿੜਕਾਅ ਤੇ ਕਿਤੇ ਨਵੀਆਂ ਸੜਕਾਂ ਦਾ ਨਿਰਮਾਣ ਸ਼ਹਿਰ ਨੂੰ ਨਵੇਂ ਰੂਪ ਵਿੱਚ ਪੇਸ਼ ਕਰ ਰਿਹਾ ਹੈ। ਕੰਧਾਂ 'ਤੇ ਖਿਡਾਰੀਆਂ ਦੀਆਂ ਪੇਂਟਿੰਗਾਂ ਵੀ ਲੋਕਾਂ ਨੂੰ ਆਕਰਸ਼ਿਤ ਕਰ ਰਹੀਆਂ ਹਨ। ਸਭ ਤੋਂ ਵੱਧ ਕੰਮ ਨੈਸ਼ਨਲ ਹਾਈਵੇਅ 'ਤੇ ਹੋਇਆ ਹੈ। ਹਾਈਵੇਅ ਅਥਾਰਟੀ ਵੱਲੋਂ ਸਹਿਯੋਗ ਨਾ ਮਿਲਣ 'ਤੇ ਨਗਰ ਨਿਗਮ ਨੇ ਖ਼ੁਦ ਮੋਰਚਾ ਸੰਭਾਲਿਆ ਤੇ ਸਰਵਿਸ ਲੇਨ ਦੀ ਸਫ਼ਾਈ ਤੇ ਮੁਰੰਮਤ ਦਾ ਕੰਮ ਕਰਵਾਇਆ। ਨੈਸ਼ਨਲ ਹਾਈਵੇ 'ਤੇ ਸਥਿਤ ਦੋ ਵੱਡੇ ਹੋਟਲਾਂ ’ਚ ਵਿਦੇਸ਼ਾਂ ਤੋਂ ਆਈਆਂ ਹਾਕੀ ਟੀਮਾਂ ਠਹਿਰੀਆਂ ਹੋਈਆਂ ਹਨ। ਇਸ ਕਾਰਨ ਸਾਲਾਂ ਬਾਅਦ ਨੈਸ਼ਨਲ ਹਾਈਵੇ ਵੀ ਚਮਕਦਾ ਨਜ਼ਰ ਆ ਰਿਹਾ ਹੈ। ਸ਼ਹਿਰ ਦੀ ਪੂਰੀ ਦਿੱਖ ਬਦਲਣ ਲਈ ਨਗਰ ਨਿਗਮ ਨੇ ਲਗਭਗ 5 ਤੋਂ 7 ਕਰੋੜ ਰੁਪਏ ਖ਼ਰਚ ਕੀਤੇ ਹਨ। ਹੁਣ ਜਦੋਂ ਤੁਸੀਂ ਸ਼ਹਿਰ ਦੇ ਵੱਖ-ਵੱਖ ਰਸਤਿਆਂ ਤੋਂ ਹੁੰਦੇ ਹੋਏ ਬਰਲਟਨ ਪਾਰਕ ਸਥਿਤ ਸੁਰਜੀਤ ਹਾਕੀ ਸਟੇਡੀਅਮ ਕੰਪਲੈਕਸ ’ਚ ਪਹੁੰਚਦੇ ਹੋ ਤਾਂ ਇਹ ਦੇਖ ਕੇ ਹੈਰਾਨ ਰਹਿ ਜਾਂਦੇ ਹੋ ਕਿ ਆਖ਼ਰ ਇਕ ਮਹੀਨੇ ਦੇ ਅੰਦਰ ਇਸ ਦੀ ਕਾਇਆ-ਕਲਪ ਕਿਵੇਂ ਹੋ ਗਈ। ਸਟੇਡੀਅਮ ’ਚ ਬੇਮਿਸਾਲ ਕੰਮ ਹੋਏ ਹਨ। ਸੁਰਜੀਤ ਹਾਕੀ ਸਟੇਡੀਅਮ ਦੀ ਨਵੀਨੀਕਰਨ 'ਤੇ ਹੀ ਲਗਭਗ 15 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ। ਬਰਲਟਨ ਪਾਰਕ ’ਚ ਸਪੋਰਟਸ ਹੱਬ ਦਾ ਨਿਰਮਾਣ ਵੀ ਤੇਜ਼ੀ ਨਾਲ ਚੱਲ ਰਿਹਾ ਹੈ। ਲਗਭਗ 77 ਕਰੋੜ ਰੁਪਏ ਦੇ ਇਸ ਪ੍ਰਾਜੈਕਟ ਨਾਲ ਸਟੇਡੀਅਮ ਦੇ ਆਲੇ-ਦੁਆਲੇ ਦਾ ਪੂਰਾ ਨਜ਼ਾਰਾ ਬਦਲ ਗਿਆ ਹੈ। ਕੰਧਾਂ 'ਤੇ ਪੇਂਟਿੰਗਾਂ, ਅਭਿਆਸ ਲਈ ਹਾਕੀ ਦਾ ਨਵਾਂ ਮੈਦਾਨ ਅਤੇ ਵੱਖ-ਵੱਖ ਖੇਡਾਂ ਲਈ ਬਹੁ-ਮੰਤਵੀ ਇਮਾਰਤਾਂ ਨਜ਼ਰ ਆ ਰਹੀਆਂ ਹਨ। ਥਾਂ-ਥਾਂ 'ਤੇ ਸਵਾਗਤੀ ਬੋਰਡ ਲਗਾਏ ਗਏ ਹਨ, ਜਿਨ੍ਹਾਂ 'ਤੇ ਲਿਖਿਆ 'ਸਤਿ ਸ੍ਰੀ ਅਕਾਲ' ਅਤੇ 'ਏਸ਼ੀਆ, ਜਲੰਧਰ ’ਚ ਤੁਹਾਡਾ ਸਵਾਗਤ ਹੈ' ਵਰਗੇ ਸੰਦੇਸ਼ ਲੋਕਾਂ ਦਾ ਸੀਨਾ ਮਾਣ ਨਾਲ ਚੌੜਾ ਕਰ ਰਹੇ ਹਨ।
---------------------------
ਪੁਲਿਸ ਦਾ ਪਹਿਰਾ, ਲੋਕਾਂ ਵਿੱਚ ਭਾਰੀ ਉਤਸ਼ਾਹ
ਤਿੰਨ ਦਿਨ ਪਹਿਲਾਂ ਤੱਕ ਬਰਲਟਨ ਪਾਰਕ ਕੰਪਲੈਕਸ ’ਚ ਆਉਣਾ-ਜਾਣਾ ਸੌਖਾ ਸੀ ਪਰ ਹੁਣ ਸਾਰੀਆਂ ਦੇਸ਼ਾਂ ਦੀਆਂ ਟੀਮਾਂ ਪਹੁੰਚ ਚੁੱਕੀਆਂ ਹਨ ਤੇ ਇੱਥੇ ਅਭਿਆਸ ਕਰ ਰਹੀਆਂ ਹਨ। ਇਸ ਕਾਰਨ ਸਾਰੇ ਐਂਟਰੀ ਗੇਟਾਂ 'ਤੇ ਪੁਲਿਸ ਦੇ ਨਾਕੇ ਲਗਾ ਦਿੱਤੇ ਗਏ ਹਨ। ਬਰਲਟਨ ਪਾਰਕ ਤੱਕ ਜਾਣ ਵਾਲੇ ਹਰ ਰਸਤੇ 'ਤੇ ਪੁਲਿਸ ਮੁਲਾਜ਼ਮ ਪੂਰੀ ਤਰ੍ਹਾਂ ਮੁਸਤੈਦ ਨਜ਼ਰ ਆਉਂਦੇ ਹਨ। ਸ਼ਹਿਰ ’ਚ ਲੋਕਾਂ ਦਾ ਉਤਸ਼ਾਹ ਦੇਖਣਯੋਗ ਹੈ। ਸੁਰਜੀਤ ਹਾਕੀ ਅਕੈਡਮੀ ਦੇ ਬੱਚੇ ਰੋਜ਼ਾਨਾ ਅਭਿਆਸ ਤੋਂ ਬਾਅਦ ਸਟੇਡੀਅਮ ਦੇ ਬਾਹਰ ਇਕੱਠੇ ਹੁੰਦੇ ਹਨ। ਇੱਥੇ ਰੈੱਡ ਕਾਰਪੇਟ ਵੀ ਵਿਛਾਇਆ ਜਾ ਰਿਹਾ ਹੈ। ਇਸ ਨੂੰ ਦੇਖ ਕੇ ਨੌਜਵਾਨ ਖਿਡਾਰੀ ਕਾਫ਼ੀ ਉਤਸ਼ਾਹਿਤ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਭਾਰਤ, ਜਾਪਾਨ ਅਤੇ ਕੋਰੀਆ ਦੇ ਸਟਾਰ ਖਿਡਾਰੀ ਮੈਦਾਨ ਵਿੱਚ ਖੇਡਦੇ ਨਜ਼ਰ ਆਉਣਗੇ ਤਾਂ ਉਨ੍ਹਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਸਕੂਲਾਂ ਅਤੇ ਕਾਲਜਾਂ ਦੇ ਖਿਡਾਰੀਆਂ ’ਚ ਵੀ ਮੈਚਾਂ ਨੂੰ ਲੈ ਕੇ ਭਾਰੀ ਜੋਸ਼ ਦਿਖਾਈ ਦੇ ਰਿਹਾ ਹੈ।
-------------------------
ਖੇਡ ਨਗਰੀ ਦੀ ਸਪੋਰਟਸ ਇੰਡਸਟਰੀ ਨੂੰ ਵੀ ਮਿਲੇਗਾ ਹੁਲਾਰਾ
ਜਲੰਧਰ ਦੁਨੀਆ ਭਰ ’ਚ ਸਪੋਰਟਸ ਸਿਟੀ ਵਜੋਂ ਜਾਣਿਆ ਜਾਂਦਾ ਹੈ। ਇੱਥੋਂ ਦੁਨੀਆ ਦੇ ਵੱਖ-ਵੱਖ ਦੇਸ਼ਾਂ ’ਚ ਖੇਡਾਂ ਦਾ ਸਾਮਾਨ ਨਿਰਯਾਤ ਕੀਤਾ ਜਾਂਦਾ ਹੈ। ਅਜਿਹੇ ’ਚ ਇਹ ਟੂਰਨਾਮੈਂਟ ਖੇਡਾਂ ਦੇ ਕਾਰੋਬਾਰ ਨਾਲ ਜੁੜੇ ਵਪਾਰੀਆਂ ਲਈ ਸੰਜੀਵਨੀ ਸਾਬਤ ਹੋ ਸਕਦਾ ਹੈ। ਇਸ ਨਾਲ ਤੁਰੰਤ ਨਤੀਜੇ ਸਾਹਮਣੇ ਨਹੀਂ ਆਉਣਗੇ ਪਰ ਜਦੋਂ ਇੰਨਾ ਵੱਡਾ ਅੰਤਰਰਾਸ਼ਟਰੀ ਖੇਡ ਸਮਾਗਮ ਹੋਵੇਗਾ ਤਾਂ ਲੋਕਾਂ ’ਚ ਖੇਡਾਂ ਪ੍ਰਤੀ ਰੁਝਾਨ ਵਧੇਗਾ। ਇਸ ਦਾ ਸਿੱਧਾ ਅਸਰ ਖੇਡਾਂ ਦੇ ਸਾਮਾਨ ਦੀ ਮੰਗ ਤੇ ਵਿਕਰੀ 'ਤੇ ਵੀ ਪੈਣਾ ਸੁਭਾਵਿਕ ਹੈ।