- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਸੰਤ ਬਾਬਾ ਅਤਰ

ਗੁਰਪਾਲ ਸਿੰਘ ਸਾਬੀ, ਪੰਜਾਬੀ ਜਾਗਰਣ, ਭੋਗਪੁਰ : ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਅਤੇ ਸੱਚਖੰਡ ਵਾਸੀ 111 ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ (ਮਸਤੂਆਣਾ ਸਾਹਿਬ ਵਾਲਿਆਂ) ਦੀ 100 ਸਾਲਾ ਸ਼ਤਾਬਦੀ ਨੂੰ ਸਮਰਪਿਤ ਚਾਰ ਰੋਜ਼ਾ ਗੁਰਮਤਿ ਸਮਾਗਮ ਪਿੰਡ ਪਤਿਆਲ ਦੇ ਗੁਰਦੁਆਰਾ ਭੋਰਾ ਸਾਹਿਬ, ਜ਼ਿਲ੍ਹਾ ਜਲੰਧਰ ਅਤੇ ਪਿੰਡ ਜੈਦ ਦੇ ਗੁਰਦੁਆਰਾ ਡੇਰਾ ਮਾਤਾ ਸਤੀਆਂ, ਜ਼ਿਲ੍ਹਾ ਕਪੂਰਥਲਾ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਏ ਗਏ। ਇਹ ਸਮਾਗਮ 31 ਅਕਤੂਬਰ ਤੋਂ 3 ਨਵੰਬਰ ਕਰਵਾਏ ਗਏ।
ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਧਾਰਮਿਕ ਦੀਵਾਨ ਸਜਾਏ ਗਏ। ਸ੍ਰੀਮਾਨ ਸੰਤ ਬਾਬਾ ਪ੍ਰਿਤਪਾਲ ਸਿੰਘ ਜੀ ਚੰਡੀਗੜ੍ਹ ਝੀਲ ਵਾਲੇ, ਭਾਈ ਤਜੇਸ਼ਵਰ ਪ੍ਰਤਾਪ ਸਿੰਘ ਗੋਬਿੰਦ, ਭਾਈ ਅੰਮ੍ਰਿਤ ਪਾਲ ਸਿੰਘ ਪੱਖੋ ਕਥਾਵਾਚਕ ਗੁਰਦੁਆਰਾ ਮਸਤੂਆਣਾ ਸਾਹਿਬ, ਬਾਬਾ ਜਗਰੂਪ ਸਿੰਘ, ਭਾਈ ਬਲਕਾਰ ਸਿੰਘ ਢੇਲਪੁਰ ਸਮੇਤ ਵੱਖ-ਵੱਖ ਰਾਗੀ, ਢਾਡੀ ਅਤੇ ਪ੍ਰਚਾਰਕ ਜਥਿਆਂ ਨੇ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਦੌਰਾਨ ਸੰਤ ਬਾਬਾ ਪ੍ਰਿਤਪਾਲ ਸਿੰਘ ਜੀ ਚੰਡੀਗੜ੍ਹ ਝੀਲ ਵਾਲਿਆਂ ਨੇ ਬਚਨਾਂ ਰਾਹੀਂ ਸੰਗਤਾਂ ਨੂੰ ਨਾਮ ਸਿਮਰਨ, ਗੁਰਬਾਣੀ ਨਾਲ ਜੁੜਨ, ਨਿਮਰਤਾ ਅਤੇ ਮਨੁੱਖਤਾ ਦੀ ਸੇਵਾ ਕਰਨ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਮਨੁੱਖ ਨੂੰ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ ’ਤੇ ਚੱਲ ਕੇ ਆਪਣਾ ਜੀਵਨ ਸਫਲ ਬਣਾਉਣਾ ਚਾਹੀਦਾ ਹੈ।
ਇਸ ਤੋਂ ਇਲਾਵਾ ਸੰਤ ਬਾਬਾ ਅਤਰ ਸਿੰਘ ਜੀ ਦੀ 100 ਸਾਲਾ ਸ਼ਤਾਬਦੀ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਅਤੇ ਸੰਤ ਸਮਾਗਮ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਹਨ। ਇਸ ਸਬੰਧੀ ਜਾਰੀ ਪ੍ਰੋਗਰਾਮ ਅਨੁਸਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਸ਼ੁਰੂ ਹੋ ਕੇ ਵੱਖ-ਵੱਖ ਇਤਿਹਾਸਕ ਗੁਰਧਾਮਾਂ ਵਿੱਚੋਂ ਹੁੰਦਾ ਹੋਇਆ ਮਹਾਨ ਨਗਰ ਕੀਰਤਨ ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ ਪਹੁੰਚਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਯਾਤਰਾ ਦੌਰਾਨ ਨਾਗਪੁਰ, ਜਬਲਪੁਰ, ਪ੍ਰਯਾਗਰਾਜ, ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ, ਵਾਰਾਣਸੀ, ਲਖਨਊ, ਕਾਨਪੁਰ, ਦਿੱਲੀ, ਚੰਡੀਗੜ੍ਹ, ਸ੍ਰੀ ਚਮਕੌਰ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਅਤੇ ਹੋਰ ਇਤਿਹਾਸਕ ਗੁਰਧਾਮਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਸ਼ਤਾਬਦੀ ਸਮਾਗਮਾਂ ਦੀ ਲੜੀ ਤਹਿਤ 51 ਹਜ਼ਾਰ ਸ੍ਰੀ ਸਹਿਜ ਪਾਠਾਂ ਦੇ ਭੋਗ, ਸੰਤ ਸਮਾਗਮ, ਖੇਡਾਂ ਦੇ ਟੂਰਨਾਮੈਂਟ, ਅੰਮ੍ਰਿਤ ਸੰਚਾਰ, ਦਸਤਾਰਬੰਦੀ ਮੁਕਾਬਲੇ ਅਤੇ ਮੈਡੀਕਲ ਕੈਂਪ ਵਰਗੇ ਧਾਰਮਿਕ ਤੇ ਸਮਾਜ ਸੇਵੀ ਉਪਰਾਲੇ ਵੀ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਵੱਖ-ਵੱਖ ਗੁਰਦੁਆਰਾ ਸਾਹਿਬਾਨ ਅਤੇ ਸੇਵਾ ਸੰਸਥਾਵਾਂ ਵੱਲੋਂ ਸੰਗਤਾਂ ਦੀ ਸਹੂਲਤ ਲਈ ਸਹਿਯੋਗ ਦਿੱਤਾ ਜਾ ਰਿਹਾ ਹੈ। ਜਥੇਦਾਰ ਭਾਈ ਗੁਰਦਿਆਲ ਸਿੰਘ ਅਤੇ ਸਮੂਹ ਪ੍ਰਬੰਧਕਾਂ ਨੇ ਦੱਸਿਆ ਕਿ ਇਨ੍ਹਾਂ ਧਾਰਮਿਕ ਸਮਾਗਮਾਂ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਗੁਰਬਾਣੀ, ਸਿੱਖ ਇਤਿਹਾਸ ਅਤੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨਾਲ ਜੋੜਨਾ ਹੈ।