- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੰਜਿਸ਼ ਤਹਿਤ ਦੋ ਧਿਰਾਂ ਦਾ ਹੋਇਆ ਵਿਵਾਦ, ਗੋਲੀ ਚੱਲੀ

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਥਾਣਾ ਇਕ ਅਧੀਨ ਜਲੰਧਰ ਅੰਮ੍ਰਿਤਸਰ ਮਾਰਗ ’ਤੇ ਪੈਂਦੀ ਕਾਲੀਆ ਕਾਲੋਨੀ ਦੇ ਬਾਹਰ ਸਥਿਤ ਨਿੱਜੀ ਹਸਪਤਾਲ ਦੇ ਬਾਹਰ ਰੰਜਿਸ਼ ਕਾਰਨ ਬੀਤੀ ਦੇਰ ਰਾਤ ਦੋ ਧਿਰਾਂ ਦੇ ਹੋਏ ਵਿਵਾਦ ਦੌਰਾਨ ਗੋਲੀ ਚੱਲਣ ਨਾਲ ਇਕ ਨੌਜਵਾਨ ਜ਼ਖ਼ਮੀ ਹੋ ਗਿਆ। ਜਦਕਿ ਦੂਜਾ ਨੌਜਵਾਨ ਹੋਏ ਝਗੜੇ ਦੌਰਾਨ ਜ਼ਖ਼ਮੀ ਹੋ ਗਿਆ। ਜਿਨ੍ਹਾਂ ਨੂੰ ਇਲਾਜ ਲਈ ਨਿਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਗੋਲ਼ੀ ਲੱਗਣ ਨਾਲ ਜ਼ਖਮੀ ਹੋਏ ਨੌਜਵਾਨ ਦੀ ਪਛਾਣ ਸੌਰਵ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਸ਼ਿਵ ਨਗਰ, ਸੋਢਲ, ਜਲੰਧਰ ਵਜੋਂ ਹੋਈ ਹੈ। ਦੂਜਾ ਝਗੜੇ ’ਚ ਜ਼ਖ਼ਮੀ ਹੋਏ ਨੌਜਵਾਨ ਦੀ ਪਛਾਣ ਸ਼ਿਵਮ ਪੁੱਤਰ ਨਸੀਬ ਚੰਦ ਵਾਸੀ ਮਾਸਟਰ ਗੁਰਬੰਤਾ ਸਿੰਘ ਫਲੈਟ ਜਲੰਧਰ ਵਜੋਂ ਹੋਈ ਹੈ। ਥਾਣਾ ਇਕ ਦੀ ਪੁਲਿਸ ਦਾ ਕਹਿਣਾ ਹੈ ਕਿ ਸੌਰਵ ਦੇ ਢਿੱਡ ਤੇ ਬਾਂਹ ’ਤੇ ਗੋਲੀ ਲੱਗੀ ਹੈ। ਪਰਿਵਾਰ ਨੇ ਮੁਲਜ਼ਮਾਂ ਦੀ ਤਸਵੀਰ ਵੀ ਜਾਰੀ ਕੀਤੀ ਹੈ। ਤਸਵੀਰ ’ਚ ਅਨਮੋਲ ਨਾਂ ਦਾ ਇਕ ਨੌਜਵਾਨ ਦਿਖਾਈ ਦੇ ਰਿਹਾ ਹੈ ਤੇ ਦੋ ਹੋਰ ਉਸਦੇ ਸਾਥੀ ਹਨ, ਜਿਨ੍ਹਾਂ ਨੇ ਇਸ ਅਪਰਾਧ ਨੂੰ ਅੰਜਾਮ ਦਿੱਤਾ ਹੈ। ਸੌਰਵ ਸਿੰਘ ਦੇ ਭਰਾ ਬੌਬੀ ਨੇ ਕਿਹਾ ਕਿ ਉਸਦਾ ਹਸਪਤਾਲ ਦੇ ਨਾਲ ਟੈਕਸੀ ਸਟੈਂਡ ਦਾ ਦਫਤਰ ਹੈ। ਬੀਤੀ ਰਾਤ ਹੀ ਗੁਰੂ ਅਮਰਦਾਸ ਕਾਲੋਨੀ ’ਚ ਹੋਏ ਝਗੜੇ ਦੌਰਾਨ ਉਸਦਾ ਦੋਸਤ ਲੱਕੀ ਪਕੌੜਿਆਂ ਵਾਲਾ ਜ਼ਖ਼ਮੀ ਹੋ ਗਿਆ ਸੀ, ਜਿਸ ਨੂੰ ਇਲਾਜ ਲਈ ਨੇੜਲੇ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ। ਉਸ ਦਾ ਹਾਲ ਜਾਣਨ ਲਈ ਉਹ ਆਪਣੇ ਦੋਸਤਾਂ ਨਾਲ ਹਸਪਤਾਲ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਫੱਟੜ ਵਿਅਕਤੀ ਨੇ ਪਤਨੀ ਨੂੰ ਜ਼ਖਮੀ ਹੋਣ ਦੀ ਜਾਣਕਾਰੀ ਦਿੱਤੀ।
ਬੌਬੀ ਨੇ ਕਿਹਾ ਕਿ ਹਮਲਾ ਦੀਪਕ, ਅਰਜੁਨ ਤੇ ਸ਼ੁਭਮ ਦੇ ਦੋਸਤ ਨੇ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ੁਭਮ ਹਸਪਤਾਲ ਦੇ ਬਾਹਰ ਸਥਿਤ ਪੈਟਰੋਲ ਪੰਪ ’ਤੇ ਪਾਣੀ ਲੈਣ ਗਿਆ ਸੀ ਤਾਂ ਇਸੇ ਦੌਰਾਨ ਉਥੇ ਪਹਿਲਾਂ ਹੀ ਮੌਜੂਦ ਤਿੰਨ ਨੌਜਵਾਨਾਂ ਨੇ ਸ਼ੁਭਮ 'ਤੇ ਹਮਲਾ ਕਰ ਦਿੱਤਾ। ਜਦੋਂ ਸ਼ੁਭਮ ਜਾਨ ਬਚਾਉਣ ਲਈ ਉਨ੍ਹਾਂ ਵੱਲ ਭੱਜਿਆ ਤਾਂ ਬਚਾਅ ਲਈ ਜਦ ਸੌਰਵ ਅੱਗੇ ਆਇਆ ਤਾਂ ਇਕ ਨੌਜਵਾਨ ਨੇ ਸੌਰਵ ਸਿੰਘ 'ਤੇ ਗੋਲੀ ਚਲਾ ਦਿੱਤੀ। ਤਿੰਨੇ ਹਮਲਾਵਾਰ ਹਮਲਾ ਕਰਨ ਉਪਰੰਤ ਮੌਕੇ ਤੋਂ ਫ਼ਰਾਰ ਹੋ ਗਏ। ਥਾਣਾ ਇਕ ਦੇ ਥਾਣੇਦਾਰ ਸ਼ਾਮ ਜੀ ਲਾਲ ਨੇ ਦੱਸਿਆ ਕਿ ਬੀਤੀ ਰਾਤ ਤਕਰੀਬਨ 11.30 ’ਤੇ ਪੁਲਿਸ ਸਹਾਇਤਾ ਕੇਂਦਰ ਰਾਹੀਂ ਸੂਚਨਾ ਮਿਲੀ ਸੀ ਕਿ ਝਗੜਾ ਹੋ ਰਿਹਾ ਹੈ। ਮਿਲੀ ਸੂਚਨਾ ਉਪਰੰਤ ਜਦੋਂ ਉਹ ਝਗੜੇ ਵਾਲੀ ਥਾਂ ’ਤੇ ਪੁੱਜੇ ਤਾਂ ਉਨ੍ਹਾਂ ਨੂੰ ਉਥੇ ਕੋਈ ਵਿਅਕਤੀ ਨਹੀਂ ਮਿਲਿਆ। ਤਕਰੀਬਨ ਰਾਤ 1.30 ਤੋਂ ਬਾਅਦ ਨਿੱਜੀ ਹਸਪਤਾਲ ਤੋਂ ਟੈਲੀਫੋਨ ਆਇਆ ਕਿ ਗੋਲੀ ਲੱਗਣ ਨਾਲ ਜ਼ਖਮੀ ਹਸਪਤਾਲ ’ਚ ਦਾਖਲ ਹੋਇਆ ਹੈ। ਇਸੇ ਦੌਰਾਨ ਹੀ ਉਨ੍ਹਾਂ ਨੂੰ ਗੋਲ਼ੀ ਚੱਲਣ ਬਾਰੇ ਜਾਣਕਾਰੀ ਪ੍ਰਾਪਤ ਹੋਈ। ਉਨ੍ਹਾਂ ਦੱਸਿਆ ਕਿ ਜ਼ਖਮੀ ਦੇ ਬਿਆਨਾਂ ’ਤੇ ਕੇਸ ਦਰਜ ਕੀਤਾ ਗਿਆ ਹੈ।