ਰੋਹਿਨ ਦੇ ਮਾਮਲੇ ਤੇ ਹੋਰ ਮਸਲਿਆਂ ’ਤੇ ਕਾਰਵਾਈ ਲਈ ਪੁਲਿਸ ਅਧਿਕਾਰੀ ਨੂੰ ਮਿਲਿਆ ਵਫ਼ਦ ਨਾਬਾਲਗ ਲੜਕੇ ਰੋਹਿਨ ਦੇ ਮਾਮਲੇ ਤੇ ਹੋਰ ਮਸਲਿਆਂ ਤੇ ਕਾਰਵਾਈ
Publish Date: Wed, 12 Aug 2026 10:39 PM (IST)
Updated Date: Wed, 12 Aug 2026 10:41 PM (IST)
ਪੇਂਡੂ ਮਜ਼ਦੂਰ ਤੇ ਕਿਰਤੀ ਕਿਸਾਨ ਯੂਨੀਅਨ ਨੇ ਇਨਸਾਫ਼ ਦਿਵਾਉਣ ਦੀ ਕੀਤੀ ਮੰਗ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਤੇ ਕਿਰਤੀ ਕਿਸਾਨ ਯੂਨੀਅਨ ਦੇ ਸਾਂਝੇ ਵਫ਼ਦ ਵਲੋਂ ਐੱਸਐੱਸਪੀ ਜਲੰਧਰ ਦਿਹਾਤੀ ਨਾਲ ਮੁਲਾਕਾਤ ਕਰ ਕੇ ਵੱਖ-ਵੱਖ ਮਾਮਲਿਆਂ ’ਚ ਬਣਦਾ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਗਈ। ਐੱਸਐੱਸਪੀ ਨੇ ਵਫ਼ਦ ਦੀ ਗੱਲ ਧਿਆਨ ਨਾਲ ਸੁਣ ਕੇ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ। ਇਸ ਉਪਰੰਤ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਸੂਬਾ ਆਗੂ ਹੰਸ ਰਾਜ ਪੱਬਵਾਂ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਸੰਤੋਖ ਸਿੰਘ ਸੰਧੂ ਨੇ ਦੱਸਿਆ ਕਿ 20 ਅਗਸਤ ਨੂੰ ਪਿੰਡ ਘੁੱਗ ਥਾਣਾ ਕਰਤਾਰਪੁਰ ਦੇ ਵਸਨੀਕ 16 ਸਾਲਾ ਰੋਹਿਨ ਪੁੱਤਰ ਸੋਨੂੰ ਨੂੰ ਅਗਵਾ ਕਰ ਕੇ ਇੱਧਰ-ਉੱਧਰ ਰੱਖਣ ਵਾਲਿਆਂ ਵਿਰੁੱਧ ਕਰਤਾਰਪੁਰ ਪੁਲਿਸ ਵਲੋਂ ਬਣਦੀ ਕਾਰਵਾਈ ਨਹੀਂ ਕੀਤੀ ਗਈ ਅਤੇ ਇਸ ਮਸਲੇ ਨੂੰ ਹਲਕੇ ਵਿੱਚ ਲੈਂਦੇ ਹੋਏ ਨਾ ਹੀ ਲੜਕੇ ਦੀ ਭਾਲ ਕਰਨ ਲਈ ਕੋਈ ਅਮਲ ਕੀਤਾ ਗਿਆ। ਉਨ੍ਹਾਂ ਅਗਵਾ ਸੰਬੰਧੀ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਲੜਕੇ ਨੂੰ ਬਰਾਮਦ ਕਰਨ ਦੀ ਮੰਗ ਕੀਤੀ। ਇਸੇ ਤਰ੍ਹਾਂ ਅਗਵਾ ਹੋਏ ਨਾਬਾਲਗ ਲੜਕੇ ਸੰਜੂ ਪੁੱਤਰ ਰਾਕੇਸ਼ ਕੁਮਾਰ ਵਾਸੀ ਜੇਠਪੁਰ ਦੇ ਮਾਮਲੇ ਵਿੱਚ ਜਲੰਧਰ ਦਿਹਾਤੀ ਪੁਲਿਸ ਦੇ ਥਾਣਾ ਪਤਾਰਾ ਵਿਖੇ ਭਾਵੇਂ ਪਰਚਾ ਦਰਜ ਕਰ ਲਿਆ ਗਿਆ ਪ੍ਰੰਤੂ ਅਜੇ ਤੱਕ ਲੜਕੇ ਦੀ ਬਰਾਮਦਗੀ ਲਈ ਪੁਲਿਸ ਨੇ ਕੋਈ ਗੰਭੀਰਤਾ ਨਹੀਂ ਵਿਖਾਈ। ਉਨ੍ਹਾਂ ਦੱਸਿਆ ਕਿ ਪਿੰਡ ਘੁੱਗ ਵਿਖੇ 20 ਜੁਲਾਈ ਨੂੰ ਧਾਰਮਿਕ ਸਥਾਨ ਪੀਰ ਬਾਬਾ ਰੋਡੇ ਸ਼ਾਹ ਦੇ ਸਮਾਗਮ ਵਿੱਚ ਕੁਝ ਲੋਕਾਂ ਨੂੰ ਰੁਕਾਵਟ ਪਾਉਣ ਤੋਂ ਰੋਕਣ ’ਤੇ ਉਨ੍ਹਾਂ ਲੜਾਈ-ਝਗੜਾ ਕੀਤਾ। ਉਸ ਵਿਰੁੱਧ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਦਲਿਤ ਮਜ਼ਦੂਰਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਤਾਂ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਨੀਅਤ ਤਹਿਤ ਕੁਝ ਪੇਂਡੂ ਧਨਾਢਾਂ ਦੇ ਇਸ਼ਾਰੇ ਉੱਤੇ ਟਰੈਕਟਰ ਚੜ੍ਹਾ ਕੇ ਕੁਚਲਣ ਦੀ ਕੋਸ਼ਿਸ਼ ਕੀਤੀ। ਕਰਤਾਰਪੁਰ ਪੁਲਿਸ ਪ੍ਰਸ਼ਾਸਨ ਪੇਂਡੂ ਧਨਾਢਾਂ ਦਾ ਪੱਖ ਪੂਰ ਰਿਹਾ। ਇਸ ਮਾਮਲੇ ਵਿੱਚ 22 ਜੁਲਾਈ ਤੋਂ ਕਪਤਾਨ ਪੁਲਿਸ ਸਥਾਨਕ ਦੀ ਡਿਊਟੀ ਲੱਗਣ ਦੇ ਬਾਵਜੂਦ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ। ਪਿੰਡ ਨੂਸੀ ਥਾਣਾ ਮਕਸੂਦਾਂ ਦੀ ਰਹਿਣ ਵਾਲੀ ਕਿਰਨਦੀਪ ਕੌਰ ਅਤੇ ਉਸ ਦੀ ਬਿਰਧ ਮਾਂ ਤੇ ਭਰਾ ਨੂੰ ਉਸ ਦੇ ਘਰੋਂ ਜ਼ਬਰੀ ਕੱਢ ਕੇ ਉਸ ਦੇ ਘਰ ਉੱਤੇ ਨਾਜਾਇਜ਼ ਕਬਜ਼ਾ ਕਰਨ ਦੀ ਨੀਅਤ ਨਾਲ ਕੁੱਟਮਾਰ ਕਰਨ ਅਤੇ ਕੱਪੜੇ ਪਾੜ ਕੇ ਜਲੀਲ ਕਰਨ ਦੇ ਮਾਮਲੇ ਵਿੱਚ ਕਾਰਵਾਈ ਲਈ ਐੱਸਐੱਸਪੀ ਵਲੋਂ ਡੀਐੱਸਪੀ ਕਰਤਾਰਪੁਰ ਦੀ ਡਿਊਟੀ ਲਗਾਈ ਗਈ। ਕਈ ਮਹੀਨੇ ਬੀਤਣ ਦੇ ਬਾਵਜੂਦ ਕਾਰਵਾਈ ਨਹੀਂ ਕੀਤੀ ਗਈ ਤੇ ਉਲਟ ਮਕਸੂਦਾਂ ਪੁਲਿਸ ਵਲੋਂ ਪੀੜਤ ਲੜਕੀ ਤੇ ਉਸ ਦੇ ਪਰਿਵਾਰ ਨੂੰ ਹੀ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਝੂਠੇ ਕੇਸ ਵਿੱਚ ਉਲਝਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਹੀ ਜ਼ਿਲ੍ਹੇ ਭਰ ਅੰਦਰ ਜਲੰਧਰ ਦਿਹਾਤੀ ਦੇ ਹੇਠਲੇ ਅਧਿਕਾਰੀਆਂ ਦਾ ਮਜ਼ਦੂਰਾਂ ਤੇ ਕਿਸਾਨਾਂ ਦੇ ਮਾਮਲਿਆਂ ’ਚ ਵਤੀਰਾ ਬਹੁਤ ਹੀ ਰੁੱਖਾ ਅਤੇ ਘਟੀਆਂ ਹੋਣ ਕਰ ਕੇ ਆਮ ਲੋਕਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ ਜਿਸ ਕਾਰਨ ਆਮ ਲੋਕਾਂ ਦਾ ਕਾਨੂੰਨ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਐੱਸਐੱਸਪੀ ਜਲੰਧਰ ਦਿਹਾਤੀ ਦੇ ਧਿਆਨ ਵਿੱਚ ਲਿਆਂਦੇ ਗਏ ਮਾਮਲਿਆਂ ’ਚ ਜੇਕਰ ਇਨਸਾਫ਼ ਨਾ ਮਿਲਿਆ ਤਾਂ ਦੋਵੇਂ ਜਥੇਬੰਦੀਆਂ ਸੰਘਰਸ਼ ਕਰਨ ਲਈ ਮਜਬੂਰ ਹੋਣਗੀਆਂ। ਕੁਝ ਦਿਨ ਉਡੀਕ ਕਰਨ ਉਪਰੰਤ ਜੇਕਰ ਦਿਹਾਤੀ ਪੁਲਿਸ ਦਾ ਅਮਲ ਨਾਂਹ-ਪੱਖੀ ਰਿਹਾ ਤਾਂ ਜਥੇਬੰਦੀਆਂ ਵੱਲੋਂ ਧਰਨੇ ਪ੍ਰਦਰਸ਼ਨ ਦੀ ਤਾਰੀਖ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਵਫ਼ਦ ਵਿੱਚ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਯੂਥ ਵਿੰਗ ਆਗੂ ਗੁਰਪ੍ਰੀਤ ਸਿੰਘ ਚੀਦਾ, ਗੁਰਬਖਸ਼ ਕੌਰ ਸਾਦਿਕਪੁਰ, ਚੰਨਣ ਸਿੰਘ ਬੁੱਟਰ, ਕੇਐੱਸ ਅਟਵਾਲ, ਬਲਵਿੰਦਰ ਕੌਰ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਸੁਰਜੀਤ ਸਿੰਘ ਸਮਰਾ, ਹਰਪ੍ਰੀਤ ਕੌਰ ਨੂਸੀ, ਤਰਸੇਮ ਸਿੰਘ ਕਡਿਆਣਾ, ਪੇਂਡੂ ਸਫ਼ਾਈ ਮਜ਼ਦੂਰ ਯੂਨੀਅਨ ਦੇ ਆਗੂ ਪ੍ਰੇਮ ਸਾਰਸਰ ਸਮੇਤ ਵੱਡੀ ਗਿਣਤੀ ’ਚ ਮਜ਼ਦੂਰ ਕਿਸਾਨ ਹਾਜ਼ਰ ਸਨ।