ਸਾਹਿਤ ਤੇ ਰਾਸ਼ਟਰੀ ਚਿੰਤਨ ਦਾ ਸੰਗਮ, ਸਾਹਿਤਕਾਰਾਂ ਨੇ ਭਾਰਤੀਅਤਾ ਨੂੰ ਦੱਸਿਆ ਦੇਸ਼ ਦੀ ਆਤਮਾ ਸਾਹਿਤ ਤੇ ਰਾਸ਼ਟਰੀ ਚਿੰਤਨ ਦਾ ਸੰਗਮ, ਸਾਹਿਤਕਾਰਾਂ ਨੇ ਭਾਰਤੀਅਤਾ ਨੂੰ ਦੱਸਿਆ ਦੇਸ਼ ਦੀ ਆਤਮਾ
Publish Date: Tue, 13 Oct 2026 08:29 PM (IST)
Updated Date: Tue, 13 Oct 2026 08:29 PM (IST)
ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਜਦੋਂ ਸ਼ਬਦ ਰਾਸ਼ਟਰ ਦੀ ਚੇਤਨਾ ਬਣ ਜਾਣ ਤੇ ਸਾਹਿਤ ਸਮਾਜ ਨੂੰ ਦਿਸ਼ਾ ਦਿਖਾਉਣ ਲੱਗ ਪਵੇ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਰਾਸ਼ਟਰ ਸਿਰਫ਼ ਜ਼ਮੀਨ ਦਾ ਟੁਕੜਾ ਨਹੀਂ, ਸਗੋਂ ਇਕ ਜੀਵੰਤ ਵਿਚਾਰ ਬਣ ਜਾਂਦਾ ਹੈ। ਦੈਨਿਕ ਜਾਗਰਣ ਤੇ ਪੰਜਾਬੀ ਜਾਗਰਣ ਵੱਲੋਂ ਸਥਾਨਕ ਹੋਟਲ ਸੁਖਮਹਿਲ ਵਿਖੇ ਵਿਚਾਰ ਗੋਸ਼ਠੀ ਕਰਵਾਈ ਗਈ, ਜਿਸ ਦਾ ਵਿਸ਼ਾ ਭਾਰਤੀਅਤਾ, ਹਿੰਦੂਤਵ, ਰਾਸ਼ਟਰੀਅਤਾ ਤੇ ਰਾਸ਼ਟਰਵਾਦ ਸੀ। ਇਸ ਸਾਹਿਤਕ ਸ਼ਾਮ ਦੀ ਸ਼ੁਰੂਆਤ ਦੀਪ ਜਗਾ ਕੇ ਕੀਤੀ ਗਈ। ਸਾਹਿਤਕਾਰਾਂ, ਬੁੱਧੀਜੀਵੀਆਂ ਤੇ ਸਾਹਿਤ ਪ੍ਰੇਮੀਆਂ ਨੇ ਦੈਨਿਕ ਜਾਗਰਣ ਦੇ ਸਾਬਕਾ ਪ੍ਰਧਾਨ ਸੰਪਾਦਕ ਸਵ. ਨਰਿੰਦਰ ਮੋਹਨ ਨੂੰ ਸ਼ਰਧਾਂਜਲੀ ਭੇਟ ਕੀਤੀ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸੰਗਤ ਰਾਮ ਨੇ ਬਾਖ਼ੂਬੀ ਨਿਭਾਈ। ----------------------------- ਆਪਣੀਆਂ ਜੜ੍ਹਾਂ ਤੇ ਸੰਸਕਾਰਾਂ ਨਾਲ ਜੁੜੇ ਰਹਿਣਾ ਬੇਹੱਦ ਜ਼ਰੂਰੀ : ਸੁਰੇਸ਼ ਸੇਠ ਸੀਨੀਅਰ ਸਾਹਿਤਕਾਰ ਸੁਰੇਸ਼ ਸੇਠ ਨੇ ਕਿਹਾ ਕਿ ਬਦਲਦੇ ਸਮੇਂ ਦੇ ਨਾਲ ਆਪਣੀਆਂ ਜੜ੍ਹਾਂ ਤੇ ਸੰਸਕਾਰਾਂ ਨਾਲ ਜੁੜੇ ਰਹਿਣਾ ਬੇਹੱਦ ਜ਼ਰੂਰੀ ਹੈ। ਅਜੋਕੇ ਦੌਰ ’ਚ ਨਵੀਂ ਪੀੜ੍ਹੀ ਨੂੰ ਆਪਣੇ ਸੱਭਿਆਚਾਰ ਤੇ ਸਭਿਅਤਾ ਨਾਲ ਜੋੜਨ ਦੀ ਲੋੜ ਹੈ। ਸਮਾਜ ’ਚ ਸੰਵਾਦ ਤੇ ਆਪਸੀ ਸਤਿਕਾਰ ਦੀ ਭਾਵਨਾ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਜਾਗਰਣ ਸਮੂਹ ਸ਼ੁਰੂ ਤੋਂ ਹੀ ਭਾਰਤੀਅਤਾ ਦੀ ਸੋਚ ਨੂੰ ਲੈ ਕੇ ਅੱਗੇ ਵਧਿਆ ਹੈ ਤੇ ਅੱਜ ਵੀ ਇਸ ਜ਼ਿੰਮੇਵਾਰੀ ਨੂੰ ਮਜ਼ਬੂਤੀ ਨਾਲ ਨਿਭਾ ਰਿਹਾ ਹੈ। ----------------------------- ਸੱਭਿਆਚਾਰਕ ਵਿਭਿੰਨਤਾ ਹੀ ਭਾਰਤ ਦੀ ਸਭ ਤੋਂ ਵੱਡੀ ਖ਼ੂਬਸੂਰਤੀ : ਦੀਪਕ ਬਾਲੀ ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਦੇ ਸਲਾਹਕਾਰ ਦੀਪਕ ਬਾਲੀ ਨੇ ਕਿਹਾ ਕਿ ਭਾਰਤੀਅਤਾ, ਰਾਸ਼ਟਰੀਅਤਾ ਤੇ ਰਾਸ਼ਟਰਵਾਦ ਇਸ ਦੇਸ਼ ਦੇ ਮਜ਼ਬੂਤ ਥੰਮ੍ਹ ਹਨ। ਸਾਡੀ ਸੱਭਿਆਚਾਰਕ ਵਿਭਿੰਨਤਾ ਹੀ ਭਾਰਤ ਦੀ ਸਭ ਤੋਂ ਵੱਡੀ ਖ਼ੂਬਸੂਰਤੀ ਹੈ। ਆਪਣੀ ਇਸੇ ਵਿਭਿੰਨਤਾ ਨਾਲ ਦੇਸ਼ ਅੱਗੇ ਵਧ ਰਿਹਾ ਹੈ। ਅੱਜ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਨਾਲ ਮੰਚ ਸਾਂਝਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਹਮੇਸ਼ਾ ਇਹ ਤਰਜੀਹ ਰਹਿੰਦੀ ਹੈ ਕਿ ਜੇਕਰ ਉਹ ਦੋਸਤ ਚੁਣਨ ਤਾਂ ਕਲਾਕਾਰਾਂ, ਸਾਹਿਤਕਾਰਾਂ ਤੇ ਪੱਤਰਕਾਰਾਂ ਵਿਚੋਂ ਹੀ ਚੁਣਨ। ਇਨ੍ਹਾਂ ਵਿਚ ਹਰ ਪੇਸ਼ਕਾਰੀ ਨੂੰ ਵੱਖਰੇ ਅੰਦਾਜ਼ ’ਚ ਪੇਸ਼ ਕਰਨ ਦਾ ਹੁਨਰ ਹੁੰਦਾ ਹੈ। ਦੈਨਿਕ ਜਾਗਰਣ ਵੱਲੋਂ ਸਾਹਿਤਕਾਰਾਂ ਨੂੰ ਇਕ ਮੰਚ ਤੇ ਲਿਆਉਣ ਦਾ ਉਪਰਾਲਾ ਸ਼ਲਾਘਾਯੋਗ ਹੈ। ------------------------------ ਭਾਰਤੀਅਤਾ ਸਾਡੇ ਸਾਹਿਤ ਦੀ ਆਤਮਾ : ਡਾ. ਅਜੇ ਸ਼ਰਮਾ ਸੀਨੀਅਰ ਸਾਹਿਤਕਾਰ ਡਾ. ਅਜੇ ਸ਼ਰਮਾ ਨੇ ਕਿਹਾ ਕਿ ਭਾਰਤੀਅਤਾ ਸਾਡੇ ਸਾਹਿਤ ਦੀ ਆਤਮਾ ਹੈ। ਸਾਡੇ ਗ੍ਰੰਥ, ਸਾਡੀਆਂ ਕਵਿਤਾਵਾਂ ਤੇ ਸਾਡੀਆਂ ਕਹਾਣੀਆਂ ਹੀ ਭਾਰਤੀਅਤਾ ਨੂੰ ਜਿਊਂਦਾ ਰੱਖਦੀਆਂ ਹਨ। ਉਨ੍ਹਾਂ ਕਿਹਾ ਕਿ ਦੈਨਿਕ ਜਾਗਰਣ ਨੇ ਪੰਜਾਬ ’ਚ ਲੋਕਾਂ ਨੂੰ ਹਿੰਦੀ ਸਿਖਾਈ ਹੈ। ਹਿੰਦੀ ਸਾਡੀ ਸੰਪਰਕ ਭਾਸ਼ਾ ਹੈ। ਜਦੋਂ ਤੱਕ ਅਸੀਂ ਆਪਣੇ ਰਾਸ਼ਟਰ ਨਾਲ ਪਿਆਰ ਨਹੀਂ ਕਰਦੇ, ਉਦੋਂ ਤੱਕ ਅਸੀਂ ਕੁਝ ਵੀ ਨਹੀਂ ਹਾਂ। ਕਈ ਲੋਕਾਂ ਨੇ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕੀਤੀਆਂ, ਪਰ ਅਸੀਂ ਭਾਰਤੀ ਹਾਂ ਤੇ ਸਾਨੂੰ ਇਸ ਗੱਲ ਤੇ ਮਾਣ ਹੈ। ----------------------------- ਰਾਸ਼ਟਰੀਅਤਾ ਕਿਤਾਬਾਂ ਤੋਂ ਨਹੀਂ, ਸੰਸਕਾਰਾਂ ਤੋਂ ਆਉਂਦੀ ਹੈ : ਡਾ. ਸੀਮਾ ਜੈਨ ਡਾ. ਸੀਮਾ ਜੈਨ ਨੇ ਕਿਹਾ ਕਿ ਰਾਸ਼ਟਰੀਅਤਾ ਕਿਤਾਬਾਂ ਤੋਂ ਨਹੀਂ, ਸਗੋਂ ਸੰਸਕਾਰਾਂ ਤੋਂ ਆਉਂਦੀ ਹੈ। ਜਦੋਂ ਤੱਕ ਅਸੀਂ ਆਪਣੀ ਮਾਂ-ਬੋਲੀ ਤੇ ਆਪਣੇ ਸੱਭਿਆਚਾਰ ਦਾ ਸਤਿਕਾਰ ਨਹੀਂ ਕਰਾਂਗੇ, ਉਦੋਂ ਤੱਕ ਰਾਸ਼ਟਰਵਾਦ ਦੀ ਕਲਪਨਾ ਅਧੂਰੀ ਰਹੇਗੀ। ਅੱਜ ਦੇ ਨੌਜਵਾਨਾਂ ਨੂੰ ਸਾਹਿਤ ਨਾਲ ਜੋੜਨਾ ਹੀ ਸੱਚੀ ਰਾਸ਼ਟਰ ਸੇਵਾ ਹੈ। ----- ਰਾਸ਼ਟਰਵਾਦ ਨਾਅਰਾ ਨਹੀਂ, ਇਕ ਜ਼ਿੰਮੇਵਾਰੀ ਹੈ : ਡਾ. ਲਖਵਿੰਦਰ ਜੌਹਲ ਸਾਹਿਤਕਾਰ ਡਾ. ਲਖਵਿੰਦਰ ਜੌਹਲ ਨੇ ਕਿਹਾ ਕਿ ਰਾਸ਼ਟਰਵਾਦ ਕੋਈ ਨਾਅਰਾ ਨਹੀਂ, ਸਗੋਂ ਇਕ ਜ਼ਿੰਮੇਵਾਰੀ ਹੈ। ਇਸ ਲਈ ਸਾਰਿਆਂ ਨੂੰ ਇਸ ਵਿਸ਼ੇ ਬਾਰੇ ਧਰਮ ਤੇ ਜਾਤ-ਪਾਤ ਤੋਂ ਉੱਪਰ ਉੱਠ ਕੇ ਸੋਚਣਾ ਚਾਹੀਦਾ ਹੈ। ਜਦੋਂ ਤੱਕ ਅਸੀਂ ਇਨ੍ਹਾਂ ਬੰਧਨਾਂ ਜਾਂ ਜ਼ੰਜੀਰਾਂ ਨੂੰ ਤੋੜ ਕੇ ਅੱਗੇ ਨਹੀਂ ਵਧਦੇ, ਉਦੋਂ ਤੱਕ ਰਾਸ਼ਟਰਵਾਦ ਦੇ ਅਸਲ ਉਦੇਸ਼ ਨੂੰ ਪੂਰਾ ਨਹੀਂ ਕਰ ਸਕਦੇ। -------------------------- ਨਵੀਂ ਪੀੜ੍ਹੀ ਨੂੰ ਭਾਰਤੀਅਤਾ ਨਾਲ ਜੋੜਨ ਦੀ ਲੋੜ : ਡਾ. ਨਿਧੀ ਸ਼ਰਮਾ ਡੀਏਵੀ ਯੂਨੀਵਰਸਿਟੀ ਦੇ ਪੱਤਰਕਾਰੀ ਵਿਭਾਗ ਦੀ ਡਾ. ਨਿਧੀ ਸ਼ਰਮਾ ਨੇ ਰਾਸ਼ਟਰਵਾਦ ਤੇ ਹਿੰਦੂਤਵ ਦੇ ਵਿਸ਼ੇ ਨੂੰ ਜੈਨ-ਜ਼ੀ ਤੇ ਅਲਫ਼ਾ ਪੀੜ੍ਹੀ ਨਾਲ ਜੋੜਦਿਆਂ ਆਪਣੇ ਵਿਚਾਰ ਰੱਖੇ। ਉਨ੍ਹਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਬਹੁਤ ਪ੍ਰਤਿਭਾਸ਼ਾਲੀ ਹੈ। ਉਸ ਕੋਲ ਤਕਨੀਕ ਹੈ ਤੇ ਵਿਸ਼ਵ ਪੱਧਰੀ ਜਾਣਕਾਰੀ ਤੇ ਤਜਰਬਾ ਵੀ ਹੈ, ਪਰ ਉਸ ਦੇ ਮਨ ’ਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਉਹ ਦੇਸ਼ ’ਚ ਰਹੇਗੀ ਜਾਂ ਨਹੀਂ। ਅਜਿਹਾ ਇਸ ਲਈ ਹੈ ਕਿਉਂਕਿ ਉਸ ਲਈ ਦੇਸ਼ ਦੀਆਂ ਸਰਹੱਦਾਂ ਜ਼ਿਆਦਾ ਮਾਇਨੇ ਨਹੀਂ ਰੱਖਦੀਆਂ, ਸਗੋਂ ਕਰੀਅਰ ਵਧੇਰੇ ਮਹੱਤਵ ਰੱਖਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਭਾਰਤੀਅਤਾ ਨਾਲ ਜੋੜਨ ਦੀ ਲੋੜ ਹੈ। ਇਸ ਦੀ ਸ਼ੁਰੂਆਤ ਕਾਲਜਾਂ ਤੇ ਯੂਨੀਵਰਸਿਟੀਆਂ ਤੋਂ ਨਹੀਂ, ਸਗੋਂ ਜ਼ਮੀਨੀ ਪੱਧਰ ਤੇ ਸਕੂਲਾਂ ਤੋਂ ਹੀ ਕੀਤੀ ਜਾਣੀ ਚਾਹੀਦੀ ਹੈ। ਦੇਸ਼ ਨਾਲ ਪਿਆਰ ਸਭ ਤੋਂ ਉੱਪਰ : ਨੀਰਜ ਸ਼ਰਮਾਜਾਗਰਣ ਸਮੂਹ ਪੰਜਾਬ ਦੇ ਮਹਾਪ੍ਰਬੰਧਕ ਨੀਰਜ ਸ਼ਰਮਾ ਨੇ ਭਾਰਤੀਅਤਾ ਅਤੇ ਹਿੰਦੂਤਵ ਦੀ ਸੋਚ ਨੂੰ ਮੁੱਖ ਰੱਖਦਿਆਂ ਝਾਂਸੀ ਤੋਂ ਅਖ਼ਬਾਰ ਸ਼ੁਰੂ ਕਰਨ ਦੇ ਸਫ਼ਰ ਤੇ ਸੰਘਰਸ਼ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤੀਅਤਾ, ਰਾਸ਼ਟਰੀਅਤਾ, ਹਿੰਦੂਤਵ ਤੇ ਰਾਸ਼ਟਰਵਾਦ ਵਰਗੇ ਵਿਸ਼ਿਆਂ ਤੇ ਬੁੱਧੀਜੀਵੀਆਂ ਦੀ ਰਾਏ ਬਹੁਤ ਮਹੱਤਵ ਰੱਖਦੀ ਹੈ। ਭਾਰਤੀਅਤਾ ਤੇ ਰਾਸ਼ਟਰਵਾਦ ਦੈਨਿਕ ਜਾਗਰਣ ਦੀ ਸੋਚ ਦਾ ਅਹਿਮ ਹਿੱਸਾ ਹਨ। ਆਪਣੇ ਦੇਸ਼ ਨਾਲ ਪਿਆਰ ਸਭ ਤੋਂ ਉੱਪਰ ਹੈ। ਇਹੀ ਭਾਵਨਾ ਕਿਸੇ ਵੀ ਦੇਸ਼ ਤੇ ਸਮਾਜ ਨੂੰ ਮਜ਼ਬੂਤ ਤੇ ਸ਼ਕਤੀਸ਼ਾਲੀ ਬਣਾਉਂਦੀ ਹੈ। ----------------------------- ਰਾਸ਼ਟਰ ਸਭ ਤੋਂ ਉੱਪਰ, ਸੱਚਾਈ ਲੋਕਾਂ ਸਾਹਮਣੇ ਲਿਆਉਣਾ ਸਾਡੀ ਤਰਜੀਹ : ਅਮਿਤ ਸ਼ਰਮਾ ਦੈਨਿਕ ਜਾਗਰਣ ਪੰਜਾਬ ਤੇ ਚੰਡੀਗੜ੍ਹ ਦੇ ਸਥਾਨਕ ਸੰਪਾਦਕ ਅਮਿਤ ਸ਼ਰਮਾ ਨੇ ਸਾਰੇ ਸਾਹਿਤਕਾਰਾਂ ਤੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੁਹਾਡੇ ਸਾਰਿਆਂ ਦੇ ਵਿਚਾਰਾਂ ਨੇ ਇਸ ਗੋਸ਼ਟੀ ਨੂੰ ਸਾਰਥਕ ਬਣਾਇਆ ਹੈ ਤੇ ਇਹੀ ਵਿਚਾਰ ਸਮਾਜ ਨੂੰ ਨਵੀਂ ਦਿਸ਼ਾ ਦੇਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਤਰਜੀਹਾਂ ’ਚ ਵੀ ਇਹੀ ਗੱਲ ਸਭ ਤੋਂ ਮਹੱਤਵਪੂਰਨ ਰਹਿੰਦੀ ਹੈ ਕਿ ਰਾਸ਼ਟਰਵਾਦ ਤੋਂ ਉੱਪਰ ਕੁਝ ਵੀ ਨਹੀਂ ਹੈ। ਇਸ ਲਈ ਲੋਕਾਂ ਸਾਹਮਣੇ ਸਿਰਫ਼ ਸੱਚਾਈ ਹੀ ਆਉਣੀ ਚਾਹੀਦੀ ਹੈ ਤੇ ਕੁਝ ਵੀ ਗ਼ਲਤ ਪੇਸ਼ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਭਾਰਤੀਅਤਾ ਇਕ ਧਰਮ ਹੈ ਤੇ ਰਾਸ਼ਟਰ ਸਰਵਉੱਚ ਹੈ। ਪਰਿਵਾਰ, ਮੁਹੱਲੇ, ਖੇਤਰ, ਜ਼ਿਲ੍ਹੇ ਤੇ ਸੂਬੇ ਦੇ ਆਪਸ ਵਿਚ ਜੁੜਨ ਨਾਲ ਹੀ ਰਾਸ਼ਟਰ ਦਾ ਨਿਰਮਾਣ ਹੁੰਦਾ ਹੈ। ------------------------------ ਇਹ ਸ਼ਖ਼ਸੀਅਤਾਂ ਵੀ ਰਹੀਆਂ ਹਾਜ਼ਰ ਇਸ ਮੌਕੇ ਪ੍ਰਸਿੱਧ ਤਬਲਾ ਵਾਦਕ ਪੰਡਿਤ ਕਾਲੇ ਰਾਮ, ਡਾ. ਅਨਿਲ ਨਾਗਰਥ, ਡਾ. ਸੁਖਦੇਵ ਸਾਗਰ, ਡੀਏਵੀ ਕਾਲਜ ਤੋਂ ਪ੍ਰੋ. ਰਾਹੁਲ ਸੇਖੜੀ, ਡਾ. ਸੁਮਿਤ, ਡਾ. ਕੁਲਦੀਪ, ਡਾ. ਸੁਨੀਲ ਠਾਕੁਰ, ਸਕੂਲ ਆਫ਼ ਐਮੀਨੈਂਸ ਤੋਂ ਚੰਦਰ ਸ਼ੇਖਰ, ਮਨਜੀਤ ਮੈਣੀ, ਮਕਸੂਦਾਂ ਸਕੂਲ ਤੋਂ ਕਮਲਜੀਤ ਕੌਰ, ਪੰਜਾਬ ਸਾਹਿਤਕ ਮੰਚ ਦੇ ਚੇਅਰਮੈਨ ਅਵਤਾਰ ਸਿੰਘ, ਪ੍ਰਧਾਨ ਤੇ ਸਟੇਟ ਐਵਾਰਡੀ ਕੁਲਵਿੰਦਰ ਸਿੰਘ ਗਾਖਲ, ਰਮੇਸ਼ ਮੌਦਗਿਲ, ਭਾਰਤ ਵਿਕਾਸ ਪ੍ਰੀਸ਼ਦ ਦੇ ਸੂਬਾਈ ਅਧਿਕਾਰੀ ਰਾਜ ਕੁਮਾਰ ਚੌਧਰੀ, ਡਾ. ਰਾਜੇਸ਼ ਮਨਨ, ਸੀਟੀ ਗਰੁੱਪ ਤੋਂ ਪੱਲਵੀ ਤੇ ਮੋਨਿਕਾ ਤੋਂ ਇਲਾਵਾ ਹੀਰਾ ਲਾਲ ਮਲਹੋਤਰਾ ਵੀ ਹਾਜ਼ਰ ਸਨ।