- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਏਸ਼ੀਅਨ ਗੇਮਜ਼ 'ਚ ਭਾਰਤੀ ਹਾਕੀ ਟੀਮ ਨੇ ਰਚਿਆ ਇਤਿਹਾਸ: ਸੋਨ ਤਗਮਾ ਜਿੱਤ ਕੇ ਓਲੰਪਿਕ ਲਈ ਕੀਤਾ ਕੁਆਲੀਫਾਈ

ਏਸ਼ੀਅਨ ਗੇਮਜ਼ 'ਚ ਭਾਰਤੀ ਹਾਕੀ ਟੀਮ ਨੇ ਰਚਿਆ ਇਤਿਹਾਸ : ਸੋਨ ਤਗਮਾ ਜਿੱਤ ਕੇ ਓਲੰਪਿਕ ਲਈ ਕੀਤਾ ਕੁਆਲੀਫਾਈ
ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ:
ਏਸ਼ੀਅਨ ਗੇਮਜ਼ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਵੱਲੋਂ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕਰਦਿਆਂ ਸੋਨ ਤਗਮਾ ਆਪਣੇ ਨਾਂ ਕਰਨ ਨਾਲ ਹੀ ਪੂਰੇ ਦੇਸ਼ ਸਮੇਤ ਪੰਜਾਬ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਇਸ ਇਤਿਹਾਸਕ ਜਿੱਤ ਦੇ ਨਾਲ ਹੀ ਭਾਰਤੀ ਟੀਮ ਨੇ ਸਿੱਧੇ ਤੌਰ 'ਤੇ ਓਲੰਪਿਕ ਖੇਡਾਂ ਲਈ ਵੀ ਅਪਣਾ ਟਿਕਟ ਪੱਕਾ ਕਰ ਲਿਆ ਹੈ। ਇਸ ਮਹਾਨ ਜਿੱਤ ਤੋਂ ਬਾਅਦ ਜਲੰਧਰ ਦੇ ਹਾਕੀ ਸਟਾਰਾਂ ਸਾਬਕਾ ਕਪਤਾਨ ਓਲੰਪਿਅਨ ਮਨਪ੍ਰੀਤ ਸਿੰਘ ਅਤੇ ਫਾਰਵਰਡ ਉਲੰਪਿਅਨ ਖਿਡਾਰੀ ਮਨਦੀਪ ਸਿੰਘ ਦੇ ਘਰਾਂ ਵਿੱਚ ਜਸ਼ਨ ਦਾ ਮਾਹੌਲ ਬਣਿਆ ਹੋਇਆ ਹੈ।
ਓਲੰਪੀਅਨ ਮਨਦੀਪ ਸਿੰਘ ਦੇ ਪਿਤਾ ਰਵਿੰਦਰ ਸਿੰਘ ਨੇ ਖੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਪੂਰੀ ਉਮੀਦ ਸੀ ਕਿ ਭਾਰਤੀ ਹਾਕੀ ਟੀਮ ਇਸ ਵਾਰ ਸੋਨ ਤਗਮਾ ਜਿੱਤ ਕੇ ਦੇਸ਼ ਦੀ ਝੋਲੀ ਪਾਵੇਗੀ। ਫਾਈਨਲ ਮੈਚ ਸ਼ੁਰੂ ਹੋਣ ਤੋਂ ਠੀਕ ਇੱਕ ਘੰਟਾ ਪਹਿਲਾਂ ਮੇਰੀ ਮਨਦੀਪ ਨਾਲ ਗੱਲ ਹੋਈ ਸੀ। ਉਸ ਨੂੰ ਆਸ਼ੀਰਵਾਦ ਦਿੱਤਾ ਸੀ ਕਿ ਉਹ ਦੇਸ਼ ਦਾ ਸਿਰ ਫਖ਼ਰ ਨਾਲ ਉੱਚਾ ਕਰੇ ਅਤੇ ਗੋਲਡ ਮੈਡਲ ਜਿੱਤ ਕੇ ਲਿਆਵੇ। ਮਨਦੀਪ ਨੇ ਵੀ ਭਰੋਸਾ ਦਿਵਾਇਆ ਸੀ ਕਿ ਉਹ ਜਿੱਤ ਦਰਜ ਕਰਕੇ ਹੀ ਸਾਹ ਲਵੇਗਾ। ਏਸ਼ੀਆਈ ਖੇਡਾਂ ਜਿੱਤਣ ਤੋਂ ਬਾਅਦ ਹੁਣ ਟੀਮ ਦਾ ਅਗਲਾ ਨਿਸ਼ਾਨਾ ਓਲੰਪਿਕ 'ਚ ਸੋਨ ਤਗਮਾ ਜਿੱਤਣਾ ਹੈ। ਭਾਰਤੀ ਟੀਮ ਦੇ ਸੀਨੀਅਰ ਖਿਡਾਰੀ ਅਤੇ ਸਾਬਕਾ ਕਪਤਾਨ ਮਨਪ੍ਰੀਤ ਸਿੰਘ ਦੇ ਘਰ ਵੀ ਖੁਸ਼ੀ ਦਾ ਮਾਹੌਲ ਹੈ। ਪੂਰੇ ਪਰਿਵਾਰ ਨੇ ਮੈਚ ਨੂੰ ਬੜੀ ਬਰੀਕੀ ਨਾਲ ਦੇਖਿਆ।
ਮਨਪ੍ਰੀਤ ਸਿੰਘ ਦੀ ਮਾਤਾ ਮਨਜੀਤ ਕੌਰ ਨੇ ਕਿਹਾ ਕਿ ਪੂਰੇ ਦੇਸ਼ ਨੂੰ ਆਪਣੇ ਬੱਚਿਆਂ 'ਤੇ ਮਾਣ ਹੈ। ਸਾਡਾ ਸੁਪਨਾ ਸੀ ਕਿ ਮਨਪ੍ਰੀਤ ਅਗਲਾ ਓਲੰਪਿਕ ਖੇਡੇ ਤੇ ਟੀਮ ਨੇ ਓਲੰਪਿਕ ਲਈ ਕੁਆਲੀਫਾਈ ਕਰਕੇ ਇਹ ਸੁਪਨਾ ਪੂਰਾ ਕਰ ਦਿੱਤਾ ਹੈ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਅਸੀਂ ਬਹੁਤ ਅਰਦਾਸਾਂ ਕੀਤੀਆਂ ਸਨ। ਕਿਉਂਕਿ ਮੈਚ ਮਲੇਸ਼ੀਆ ਵਿਰੁੱਧ ਸੀ, ਜੋ ਕਿ ਮਨਪ੍ਰੀਤ ਦੀ ਪਤਨੀ ਇਲੀ ਦਾ ਪੇਕਾ ਦੇਸ਼ ਹੈ, ਇਸ ਲਈ ਮਨਪ੍ਰੀਤ ਨੂੰ ਕੁਝ ਖਾਸ ਹਦਾਇਤਾਂ ਵੀ ਦਿੱਤੀਆਂ ਸਨ ਪਰ ਮਨਪ੍ਰੀਤ ਜਿਸ ਵੀ ਦੇਸ਼ ਖਿਲਾਫ ਖੇਡਦਾ ਹੈ, ਉਸ ਲਈ ਸਭ ਤੋਂ ਪਹਿਲਾਂ ਅਪਣਾ ਦੇਸ਼ ਭਾਰਤ ਹੀ ਹੁੰਦਾ ਹੈ। ਹੁਣ ਉਮੀਦ ਹੈ ਕਿ ਓਲੰਪਿਕ 'ਚ ਟੀਮ ਅਪਣੇ ਤਗਮੇ ਦਾ ਰੰਗ ਬ੍ਰੋਂਜ਼ (ਕਾਂਸੀ) ਤੋਂ ਗੋਲਡ 'ਚ ਬਦਲੇਗੀ।
---
ਪੇਕੇ ਦੇਸ਼ ਦੀ ਹਾਰ ਦਾ ਮਲਾਲ ਪਰ ਭਾਰਤ ਦੀ ਜਿੱਤ 'ਤੇ ਮਾਣ" : ਇਲੀ
ਉਲੰਪਿਅਨ ਮਨਪ੍ਰੀਤ ਸਿੰਘ ਦੀ ਪਤਨੀ ਇਲੀ ਨੇ ਪੂਰੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਮੈਚ ਤੋਂ ਪਹਿਲਾਂ ਉਨ੍ਹਾਂ ਦੀ ਮਨਪ੍ਰੀਤ ਨਾਲ ਗੱਲ ਹੋਈ ਸੀ ਅਤੇ ਉਨ੍ਹਾਂ ਨੇ ਇਹੀ ਕਿਹਾ ਸੀ ਕਿ ਨਤੀਜਾ ਚਾਹੇ ਜੋ ਵੀ ਹੋਵੇ, ਪੂਰੀ ਤਨਦੇਹੀ ਤੇ ਜਾਨ ਲਗਾ ਕੇ ਖੇਡਣਾ ਹੈ। ਪੇਕੇ ਦੇਸ਼ ਮਲੇਸ਼ੀਆ ਦੀ ਹਾਰ ਕਰਕੇ ਥੋੜ੍ਹਾ ਮਲਾਲ ਜ਼ਰੂਰ ਹੈ ਪਰ ਦਿਲ 'ਚ ਸਭ ਤੋਂ ਪਹਿਲਾਂ ਮੇਰਾ ਦੇਸ਼ ਭਾਰਤ ਹੈ। ਭਾਰਤ ਦੀ ਜਿੱਤ 'ਤੇ ਮੈਨੂੰ ਬੇਹਦ ਮਾਣ ਮਹਿਸੂਸ ਹੋ ਰਿਹਾ ਹੈ। ਪਰਿਵਾਰ ਦਾ ਸੁਪਨਾ ਸੀ ਕਿ ਮਨਪ੍ਰੀਤ ਓਲੰਪਿਕ ਲਈ ਕੁਆਲੀਫਾਈ ਕਰੇ, ਜਿਸ ਦੀ ਸਾਨੂੰ ਬਹੁਤ ਖੁਸ਼ੀ ਹੈ। ਇਸ ਮੌਕੇ ਉਲੰਪਿਅਨ ਮਨਪ੍ਰੀਤ ਸਿੰਘ ਦੀ ਛੋਟੀ ਬੇਟੀ ਜਸਮੀਨ ਨੇ ਵੀ ਭਾਰਤੀ ਹਾਕੀ ਟੀਮ ਨੂੰ ਸ਼ਾਨਦਾਰ ਜਿੱਤ ਅਤੇ ਓਲੰਪਿਕ ਲਈ ਕੁਆਲੀਫਾਈ ਕਰਨ 'ਤੇ ਮੁਬਾਰਕਬਾਦ ਦਿੱਤੀ।