ਨੌਜਵਾਨਾਂ ਦੇ ਭਵਿੱਖ ਲਈ ਸੰਘਰਸ ਦਾ ਦਿੱਤਾ ਸੱਦਾ ਪੰਜਾਬ ਦੇ ਹੱਕਾਂ, ਸਮਾਜਿਕ ਨਿਆਂ ਤੇ ਨੌਜਵਾਨਾਂ ਦੇ ਭਵਿੱਖ ਲਈ ਸੰਘਰਸ ਦਾ ਦਿਤਾ ਸੱਦਾ
Publish Date: Thu, 09 Jul 2026 08:22 PM (IST)
Updated Date: Thu, 09 Jul 2026 08:24 PM (IST)
-ਸਤਲੁਜ ਫਿਲਮ ਦਿਖਾਉਣ ਲਈ ਉਲੀਕੀ ਜਾ ਰਹੀ ਹੈ ਵਿਉਂਤਬੰਦੀ ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਮਿਸਲ ਸਤਲੁਜ ਦੇ ਮੈਂਬਰ ਕੁੰਵਰ ਜਗਵੀਰ ਸਿੰਘ ਸਹੁੰਗੜਾ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਨਾਲ ਜੁੜੇ ਮਹੱਤਵਪੂਰਨ ਮਸਲਿਆਂ, ਸਮਾਜਿਕ ਨਿਆ, ਸਿੱਖਿਆ, ਨਸ਼ਿਆਂ ਦੀ ਸਮੱਸਿਆ ਅਤੇ ਦਲਿਤ ਵਰਗ ਦੇ ਹੱਕਾਂ ਸਬੰਧੀ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹੱਕਾਂ ਅਤੇ ਲੋਕਾਂ ਦੇ ਅਧਿਕਾਰਾਂ ਦੀ ਰਾਖੀ ਲਈ ਇੱਕ ਮਜਬੂਤ ਅਤੇ ਸਾਂਝੇ ਲੋਕ ਅੰਦੋਲਨ ਦੀ ਲੋੜ ਹੈ। ਲੈਕਚਰਾਰਾਂ ਦੀਆਂ ਭਰਤੀਆਂ ਵਿੱਚ ਅਨੁਸੂਚਿਤ ਜਾਤੀ ਅਤੇ ਪਿਛੜੀਆਂ ਸ੍ਰੇਣੀਆ ਲਈ ਰਾਖਵੇਂਕਰਨ ਨੂੰ ਖਤਮ ਕਰਨਾ ਭਾਰਤ ਦੇ ਸੰਵਿਧਾਨ ਦੇ ਉਲਟ ਹੈ। ਇਸ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਬਰਦਾਸਤ ਨਹੀਂ ਕੀਤੀ ਜਾ ਸਕਦੀ। ਪੰਜਾਬ ਦੀ ਰਾਜਨੀਤੀ ਵਿੱਚ ਦਲਿਤ ਸਮਾਜ, ਜੋ ਪੰਜਾਬ ਦੀ ਵੱਡੀ ਆਬਾਦੀ ਦਾ ਹਿੱਸਾ ਹੈ, ਨੂੰ ਲੰਮੇ ਸਮੇਂ ਤੋਂ ਬਣਦਾ ਮਾਣ ਸਨਮਾਨ ਅਤੇ ਯੋਗ ਪ੍ਰਤੀਨਿਧਤਾ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਮਿਸਲ ਸਤਲੁਜ ਪਾਰਟੀ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਅਤੇ ਸਾਹਿਬ ਕਾਂਸ਼ੀ ਰਾਮ ਦੀ ਸਮਾਜਿਕ ਬਰਾਬਰੀ ਅਤੇ ਇਨਸਾਫ ਦੀ ਵਿਚਾਰਧਾਰਾ ਨੂੰ ਅੱਗੇ ਵਧਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਨੇ ਬਾਬਾ ਸਾਹਿਬ ਡਾ. ਅੰਬੇਡਕਰ ਅਤੇ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਨਾਮ ਅਤੇ ਤਸਵੀਰਾਂ ਨੂੰ ਸਿਰਫ਼ ਸਿਆਸੀ ਹਿਤਾਂ ਲਈ ਵਰਤਿਆ ਹੈ, ਜਦਕਿ ਉਨ੍ਹਾਂ ਦੀ ਵਿਚਾਰਧਾਰਾ ਨੂੰ ਅਮਲ ਵਿੱਚ ਲਿਆਉਣ ਲਈ ਕੋਈ ਠੋਸ ਉਪਰਾਲੇ ਨਹੀਂ ਕੀਤੇ। ਉਨ੍ਹਾਂ ਸਿੱਖਿਆ ਦੇ ਅਧਿਕਾਰ ਕਾਨੂੰਨ ਦਾ ਹਵਾਲਾ ਦਿੰਦਿਆਂ ਕਿਹਾ ਕਿ 2009 ਦੇ ਇਸ ਕਾਨੂੰਨ ਤਹਿਤ ਪ੍ਰਾਈਵੇਟ ਸਕੂਲਾਂ ਵਿੱਚ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਦੇ ਬੱਚਿਆ ਲਈ 25 ਫ਼ੀਸਦੀ ਸੀਟਾਂ ਪ੍ਰਾਈਵੇਟ ਸਕੂਲਾਂ ’ਚ ਰਾਖਵਾਂ ਪ੍ਰਬੰਧ ਹੈ ਪਰ ਪੰਜਾਬ ਵਿੱਚ ਇਸ ਨੂੰ ਲਾਗੂ ਨਹੀਂ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਸੂਬਾ ਸਰਕਾਰ ਇਸ ਕਾਨੂੰਨ ਨੂੰ ਸਖਤੀ ਨਾਲ ਲਾਗੂ ਕਰਕੇ ਹਰ ਗਰੀਬ ਬੱਚੇ ਨੂੰ ਗੁਣਵੰਤਾ ਵਾਲੀ ਸਿੱਖਿਆ ਦਾ ਹੱਕ ਯਕੀਨੀ ਬਣਾਏ। ਉਨ੍ਹਾਂ ਪੰਜਾਬ ਦੇ ਸਮੂਹ ਵਰਗਾ, ਨੌਜਵਾਨਾਂ, ਬੁੱਧੀਜੀਵੀਆਂ ਅਤੇ ਸਮਾਜਿਕ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਮਿਸਲ ਸਤਲੁਜ ਦੇ ਮੰਚ ਨਾਲ ਜੁੜ ਕੇ ਪੰਜਾਬ ਦੇ ਹੱਕਾਂ, ਸਮਾਜਿਕ ਬਰਾਬਰੀ, ਸਿੱਖਿਆ, ਸਿਹਤ ਅਤੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਸਾਂਝਾ ਯਤਨ ਕਰਨ। ਇਸ ਤੋਂ ਇਲਾਵਾ ਪਾਰਟੀ ਦੇ ਪ੍ਰਧਾਨ ਅਜੇ ਪਾਲ ਸਿੰਘ ਬਰਾੜ ਨੇ ਕਿਹਾ ਕਿ ਸਤਲੁਜ ਫਿਲਮ ਨੂੰ ਲੋਕਾਂ ਦਿਖਾਉਣ ਲਈ ਇਕ ਵਿਉਤਬੰਦੀ ਉਲੀਕੀ ਜਾ ਰਹੀ ਹੈ, ਤਾਂ ਜੋ ਪੰਜਾਬ ਦੇ ਲੋਕਾਂ ਨੂੰ ਸਿੱਖ ਕੌਮ ਨਾਲ ਸਮੇਂ ਦੀਆਂ ਸਰਕਾਰਾਂ ਵੱਲੋਂ ਕੀਤੀਆਂ ਬੇਨਿਸਾਫੀਆਂ ਅਤੇ ਜ਼ੁਲਮਾਂ ਦੀ ਸੱਚਾਈ ਬਾਰੇ ਦੱਸਿਆ ਜਾ ਸਕੇ।