ਹਲਦੁਆਨੀ 'ਚ ਖੜਗੇ ਦੇ ਮੰਚ 'ਤੇ 'ਸ਼ੁੱਧੀਕਰਨ' ਤੇ ਰਾਹੁਲ ਗਾਂਧੀ 'ਤੇ ਪਰਚੇ ਖ਼ਿਲਾਫ਼ ਜਲੰਧਰ ਤੋਂ ਵਿੱਢਿਆ ਜਾਵੇਗਾ ਵੱਡਾ ਮੋਰਚਾ: ਕਾਂਗਰਸ
ਇਸ ਵਿਰੋਧ ਪ੍ਰਦਰਸ਼ਨ ਦੀ ਸ਼ੁਰੂਆਤ ਜਲੰਧਰ ਤੋਂ ਹੋਵੇਗੀ, ਜਿੱਥੋਂ ਕਾਂਗਰਸੀ ਆਗੂ ਅਤੇ ਵਰਕਰ ਭਾਜਪਾ ਨੇਤਾਵਾਂ ਦੇ ਘਿਰਾਓ ਅਤੇ ਵਿਆਪਕ ਅੰਦੋਲਨ ਦਾ ਬਿਗੁਲ ਵਜਾਉਣਗੇ। ਅੱਜ ਇੱਥੇ ਇੱਕ ਭਰਵੀਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਸਾਬਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਸਾਬਕਾ ਵਿਧਾਇਕ ਰਾਜਿੰਦਰ ਬੇਰੀ, ਵਿਧਾਇਕ ਬਾਵਾ ਹੈਨਰੀ, ਸੁਰਿੰਦਰ ਕੌਰ, ਡਾਕਟਰ ਨਵਜੋਤ ਦਹੀਆ ਅਤੇ ਚੌਧਰੀ ਸੁਰਿੰਦਰ ਸਿੰਘ ਨੇ ਭਾਜਪਾ ਦੀ ਵਿਚਾਰਧਾਰਾ ’ਤੇ ਤਿੱਖੇ ਹਮਲੇ ਕੀਤੇ।
Publish Date: Thu, 03 Sep 2026 12:45 PM (IST)
Updated Date: Thu, 03 Sep 2026 12:49 PM (IST)
ਸ਼ੈਲੀ, ਪੰਜਾਬੀ ਜਾਗਰਣ, ਜਲੰਧਰ। ਉੱਤਰਾਖੰਡ ਦੇ ਹਲਦੁਆਨੀ ’ਚ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮੱਲਿਕਾਰਜੁਨ ਖੜਗੇ ਦੇ ਮੰਚ ਦੇ ਕਥਿਤ ‘ਸ਼ੁੱਧੀਕਰਨ’ ਅਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ’ਤੇ ਦਰਜ ਕੀਤੇ ਗਏ ਮੁਕੱਦਮੇ ਦੇ ਵਿਰੋਧ ’ਚ ਕਾਂਗਰਸ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਖ਼ਿਲਾਫ਼ ਆਰ-ਪਾਰ ਦੀ ਲੜਾਈ ਦਾ ਐਲਾਨ ਕਰ ਦਿੱਤਾ ਹੈ।
ਇਸ ਵਿਰੋਧ ਪ੍ਰਦਰਸ਼ਨ ਦੀ ਸ਼ੁਰੂਆਤ ਜਲੰਧਰ ਤੋਂ ਹੋਵੇਗੀ, ਜਿੱਥੋਂ ਕਾਂਗਰਸੀ ਆਗੂ ਅਤੇ ਵਰਕਰ ਭਾਜਪਾ ਨੇਤਾਵਾਂ ਦੇ ਘਿਰਾਓ ਅਤੇ ਵਿਆਪਕ ਅੰਦੋਲਨ ਦਾ ਬਿਗੁਲ ਵਜਾਉਣਗੇ। ਅੱਜ ਇੱਥੇ ਇੱਕ ਭਰਵੀਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਸਾਬਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਸਾਬਕਾ ਵਿਧਾਇਕ ਰਾਜਿੰਦਰ ਬੇਰੀ, ਵਿਧਾਇਕ ਬਾਵਾ ਹੈਨਰੀ, ਸੁਰਿੰਦਰ ਕੌਰ, ਡਾਕਟਰ ਨਵਜੋਤ ਦਹੀਆ ਅਤੇ ਚੌਧਰੀ ਸੁਰਿੰਦਰ ਸਿੰਘ ਨੇ ਭਾਜਪਾ ਦੀ ਵਿਚਾਰਧਾਰਾ ’ਤੇ ਤਿੱਖੇ ਹਮਲੇ ਕੀਤੇ।
ਕਾਂਗਰਸੀ ਆਗੂਆਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹਲਦੁਆਨੀ ਦੇ ਰਾਮਲੀਲਾ ਮੈਦਾਨ ’ਚ ਰਾਸ਼ਟਰੀ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਇੱਕ ਜਨਸਭਾ ਨੂੰ ਸੰਬੋਧਨ ਕਰਦਿਆਂ ਪਿਛਲੇ 10 ਸਾਲਾਂ ਤੋਂ ਭਾਜਪਾ ਸਰਕਾਰ ਵੱਲੋਂ ਗਰੀਬਾਂ ਅਤੇ ਮਜ਼ਲੂਮਾਂ ’ਤੇ ਕੀਤੇ ਜਾ ਰਹੇ ਅੱਤਿਆਚਾਰਾਂ ਦਾ ਪਰਦਾਫਾਸ਼ ਕੀਤਾ ਸੀ ਪਰ ਉਨ੍ਹਾਂ ਦੇ ਜਾਣ ਦੇ ਦੋ-ਤਿੰਨ ਦਿਨਾਂ ਬਾਅਦ ਹੀ ਭਾਜਪਾ ਅਤੇ ਆਰ.ਐੱਸ.ਐੱਸ. ਨਾਲ ਜੁੜੇ ਲੋਕਾਂ ਨੇ ਉਸ ਮੰਚ ਦਾ ‘ਸ਼ੁੱਧੀਕਰਨ’ ਕੀਤਾ।
ਨੇਤਾਵਾਂ ਨੇ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਆਜ਼ਾਦੀ ਦੇ ਦਹਾਕਿਆਂ ਬਾਅਦ ਵੀ ਦੇਸ਼ ’ਚ ਉਨ੍ਹਾਂ ਲੋਕਾਂ ਨਾਲ ਛੂਆ-ਛੂਤ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਹਜ਼ਾਰਾਂ ਸਾਲਾਂ ਤੋਂ ਦਬਾ ਕੇ ਰੱਖਿਆ ਗਿਆ। ਇੱਕ ਦਲਿਤ ਪ੍ਰਧਾਨ ਦੇ ਮੰਚ ਨੂੰ ਧੋਣਾ ਪੂਰੇ ਅਨੁਸੂਚਿਤ ਜਾਤੀ ਸਮਾਜ ਦਾ ਘੋਰ ਅਪਮਾਨ ਹੈ। ਜਿਨ੍ਹਾਂ ਮਹਾਨ ਗੁਰੂਆਂ ਅਤੇ ਰਹਿਬਰਾਂ ਨੇ ਜਾਤ-ਪਾਤ ਅਤੇ ਛੂਆ-ਛੂਤ ਖਤਮ ਕਰਨ ਲਈ ਆਪਣਾ ਪੂਰਾ ਜੀਵਨ ਲੇਖੇ ਲਾ ਦਿੱਤਾ, ਭਾਜਪਾ ਅੱਜ ਫਿਰ ਉਹੀ ਨਫ਼ਰਤ ਦੀ ਰਾਜਨੀਤੀ ਫੈਲਾ ਕੇ ਦੇਸ਼ ਦਾ ਭਗਵਾਕਰਨ ਕਰਨਾ ਚਾਹੁੰਦੀ ਹੈ। ਉਨ੍ਹਾਂ ਅਫ਼ਸੋਸ ਜਤਾਇਆ ਕਿ ਕਿਸੇ ਵੀ ਭਾਜਪਾ ਨੇਤਾ ਨੇ ਇਸ ਘਿਨਾਉਣੀ ਘਟਨਾ ਦੀ ਨਿੰਦਾ ਨਹੀਂ ਕੀਤੀ, ਸਗੋਂ 'ਸ਼ੁੱਧੀਕਰਨ' ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ।
ਰਾਹੁਲ ਗਾਂਧੀ ’ਤੇ ਪਰਚਾ ਦਰਜ ਕਰਨਾ ਮਨੂਵਾਦੀ ਸੋਚ ਦਾ ਪ੍ਰਤੀਕ
ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦਾ ਪੱਖ ਪੂਰਦਿਆਂ ਕਾਂਗਰਸੀ ਆਗੂਆਂ ਨੇ ਕਿਹਾ ਕਿ ਜਦੋਂ ਰਾਹੁਲ ਗਾਂਧੀ ਨੇ ਇਸ ਅਪਮਾਨ ਖ਼ਿਲਾਫ਼ ਭਾਜਪਾ ਤੋਂ ਮਾਫੀ ਮੰਗਣ ਦੀ ਮੰਗ ਕੀਤੀ ਅਤੇ ਮਨੂਵਾਦੀ ਵਿਵਸਥਾ ਦਾ ਸੱਚ ਦੇਸ਼ ਦੇ ਸਾਹਮਣੇ ਰੱਖਿਆ ਤਾਂ ਉਨ੍ਹਾਂ ’ਤੇ ਹੀ ਝੂਠਾ ਮੁਕੱਦਮਾ ਦਰਜ ਕਰ ਦਿੱਤਾ ਗਿਆ। ਨੇਤਾਵਾਂ ਨੇ ਸਪੱਸ਼ਟ ਕੀਤਾ ਕਿ ਰਾਹੁਲ ਗਾਂਧੀ ’ਤੇ ਪਹਿਲਾਂ ਵੀ 36 ਮਾਮਲੇ ਦਰਜ ਹਨ ਪਰ ਉਹ ਅਜਿਹੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ ਅਤੇ ਸੱਚ ਦੀ ਲੜਾਈ ਲਗਾਤਾਰ ਲੜਦੇ ਰਹਿਣਗੇ।
ਸੰਘਰਸ਼ ਦੀ ਚਿਤਾਵਨੀ ਅਤੇ ਪ੍ਰੈੱਸ ਕਾਨਫਰੰਸ ਦੌਰਾਨ ਕਾਂਗਰਸ ਨੇ ਹੇਠ ਲਿਖੀਆਂ ਮੁੱਖ ਮੰਗਾਂ ਰੱਖੀਆਂ ਅਤੇ ਤਿੱਖੇ ਅੰਦੋਲਨ ਦੀ ਚਿਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ‘ਸ਼ੁੱਧੀਕਰਨ’ ਕਰਨ ਵਾਲੇ ਦੋਸ਼ੀਆਂ ਖ਼ਿਲਾਫ਼ ਜਾਤੀਵਾਦ ਅਤੇ ਨਫ਼ਰਤ ਫੈਲਾਉਣ ਦੇ ਦੋਸ਼ ਹੇਠ ਤੁਰੰਤ ਮਾਮਲਾ ਦਰਜ ਕੀਤਾ ਜਾਵੇ।
ਰਾਹੁਲ ਗਾਂਧੀ ’ਤੇ ਦਰਜ ਕੀਤਾ ਗਿਆ ਝੂਠਾ ਮੁਕੱਦਮਾ ਬਿਨਾਂ ਸ਼ਰਤ ਤੁਰੰਤ ਰੱਦ ਕੀਤਾ ਜਾਵੇ। ਇਹ ਅੰਦੋਲਨ ਜਲੰਧਰ ਤੋਂ ਸ਼ੁਰੂ ਕਰਕੇ ਪੰਜਾਬ ਦੇ ਹਰ ਵਿਧਾਨ ਸਭਾ ਅਤੇ ਲੋਕ ਸਭਾ ਹਲਕੇ ਵਿੱਚ ਭਾਜਪਾ ਨੇਤਾਵਾਂ ਦਾ ਘਿਰਾਓ ਕੀਤਾ ਜਾਵੇਗਾ ਅਤੇ ਵਿਰੋਧ ਪ੍ਰਦਰਸ਼ਨਾਂ ਨੂੰ ਹੋਰ ਪ੍ਰਚੰਡ ਕੀਤਾ ਜਾਵੇਗਾ।