ਦੋ ਵੱਖ-ਵੱਖ ਹਾਦਸਿਆਂ ’ਚ ਐਂਬੂਲੈਂਸ ਤੇ ਬਲੈਰੋ ਸਵਾਰ 8 ਜ਼ਖ਼ਮੀ
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ,
Publish Date: Mon, 23 Feb 2026 09:40 PM (IST)
Updated Date: Mon, 23 Feb 2026 09:43 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਮਲਸੀਆਂ ਵਿਖੇ ਰੇਲਵੇ ਫਲਾਈਓਵਰ ਨੇੜੇ ਦੋ ਵੱਖ-ਵੱਖ ਹਾਦਸਿਆਂ ’ਚ ਐਂਬੂਲੈਂਸ ਤੇ ਬੈਲੋਰੇ ਸਵਾਰ 8 ਜਣੇ ਜ਼ਖਮੀ ਹੋਏ ਹਨ। ਇਹ ਹਾਦਸੇ ਉਸ ਸਮੇਂ ਵਾਪਰੇ ਜਦੋਂ ਸਰਵਿਸ ਲੇਨ ਵੱਲ ਮੁੜ ਰਹੇ ਟਰੱਕਾਂ ’ਚ ਐਂਬੂਲੈਂਸ ਤੇ ਬੈਲੋਰੇ ਗੱਡੀ ਜਾ ਟਕਰਾਈ। ਪ੍ਰਾਪਤ ਜਾਣਕਾਰੀ ਅਨੁਸਾਰ ਕਣਕ ਦੀ ਸਪੈਸ਼ਲ ਰੇਲ ਗੱਡੀ ਲੱਗੀ ਹੋਈ ਸੀ ਅਤੇ ਟਰੱਕ ਰੇਲਵੇ ਸਟੇਸ਼ਨ ਵੱਲ ਜਾ ਰਹੇ ਸਨ। ਇਸ ਦੌਰਾਨ ਜਲੰਧਰ-ਮੋਗਾ ਨੈਸ਼ਨਲ ਹਾਈਵੇ ’ਤੇ ਰੇਲਵੇ ਬ੍ਰਿਜ ਤੋਂ ਥੱਲੇ ਉਤਰਦਿਆਂ ਟਰੱਕ ਨੰਬਰ ਪੀਬੀ-10-ਐੱਸ-9891 ਸਰਵਿਸ ਲੇਨ ਵੱਲ ਮੁੜ ਰਿਹਾ ਸੀ। ਇਸ ਦੌਰਾਨ ਪਿੱਛੋਂ ਆ ਰਹੀ ਇਕ ਐਂਬੂਲੈਂਸ ਟਰੱਕ ਨਾਲ ਜਾ ਟਕਰਾਈ, ਜਿਸ ਕਾਰਨ ਚਾਰ ਜਣੇ ਜ਼ਖਮੀ ਹੋ ਗਏ। ਜ਼ਖਮੀਆਂ ਦੀ ਪਛਾਣ ਗੁਰੂਹਰਸਹਾਏ (ਜ਼ਿਲ੍ਹਾ ਫਿਰੋਜ਼ਪੁਰ) ਦੇ ਰਹਿਣ ਵਾਲੇ ਅਜੂਬ ਪੁੱਤਰ ਆਸ਼ੂ ਮਸੀਹ, ਬਲਜੀਤ ਸਿੰਘ ਪੁੱਤਰ ਗੁਰਚਰਨ ਸਿੰਘ, ਸੰਨੀ ਪੁੱਤਰ ਰਾਕੇਸ਼ ਕੁਮਾਰ ਅਤੇ ਰਿਸ਼ੂ ਪੁੱਤਰ ਰੋਸ਼ਨ ਵਜੋਂ ਹੋਈ ਹੈ। ਚਾਰੇ ਜ਼ਖਮੀਆਂ ਨੂੰ ਸੜਕ ਸੁਰੱਖਿਆ ਫੋਰਸ ਦੀ ਟੀਮ ਵੱਲੋਂ ਸਰਕਾਰੀ ਹਸਪਤਾਲ ਸ਼ਾਹਕੋਟ ਵਿਖੇ ਦਾਖਲ ਕਰਵਾਇਆ ਗਿਆ। ਇਸ ਹਾਦਸੇ ਤੋਂ ਕੁਝ ਸਮੇਂ ਬਾਅਦ ਹੀ ਦੂਜਾ ਹਾਦਸਾ ਵੀ ਇਸੇ ਤਰ੍ਹਾਂ ਹੀ ਵਾਪਰਿਆ। ਜਦੋਂ ਇਕ ਹੋਰ ਟਰੱਕ ਮੁੜ ਰਿਹਾ ਸੀ ਤਾਂ ਪਿਛੋਂ ਆ ਰਹੀ ਬਲੈਰੋ ਗੱਡੀ ਦੀ ਟਰੱਕ ਨਾਲ ਟੱਕਰ ਹੋ ਗਈ। ਇਸ ਹਾਦਸੇ ‘ਚ ਧਰਮਪਾਲ ਸਿੰਘ ਪੁੱਤਰ ਸਰਵਣ ਸਿੰਘ, ਵਿਸ਼ਾਲ ਪੁੱਤਰ ਸਰਵਣ ਸਿੰਘ, ਕੁਲਵੀਰ ਪੁੱਤਰ ਧਰਮਪਾਲ, ਬਲਜੀਤ ਕੌਰ ਪਤਨੀ ਦੀਪ (ਸਾਰੇ ਵਾਸੀ ਪਿੰਡ ਢੰਡੋਵਾਲ, ਜ਼ਿਲ੍ਹਾ ਜਲੰਧਰ) ਜ਼ਖਮੀ ਹੋ ਗਏ। ਇਨ੍ਹਾਂ ਜ਼ਖਮੀਆਂ ਨੂੰ ਰਾਹਗੀਰਾਂ ਦੀ ਮਦਦ ਨਾਲ ਨਕੋਦਰ ਦੇ ਇਕ ਨਿੱਜੀ ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਗਿਆ। ਮੌਕੇ ‘ਤੇ ਪੁੱਜੀ ਪੁਲਿਸ ਪਾਰਟੀ ਨੇ ਘਟਨਾ ਦਾ ਜਾਇਜ਼ਾ ਲਿਆ। ਮਲਸੀਆਂ ਪੁਲਿਸ ਚੌਂਕੀ ਵੱਲੋਂ ਮਾਮਲੇ ’ਚ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।