ਸਕੂਲ ਬੱਸ ਦੀ ਉਡੀਕ ਕਰ ਰਿਹਾ 7 ਸਾਲਾ ਮਾਸੂਮ ਅਗਵਾ, ਇਲਾਕੇ ’ਚ ਦਹਿਸ਼ਤ ਸਕੂਲ ਬੱਸ ਦੀ ਉਡੀਕ ਕਰ ਰਿਹਾ 7 ਸਾਲਾ ਮਾਸੂਮ ਕਰੇਟਾ ਸਵਾਰਾਂ ਵੱਲੋਂ ਅਗਵਾ, ਇਲਾਕੇ ’ਚ ਦਹਿਸ਼ਤ
Publish Date: Wed, 19 Aug 2026 08:19 PM (IST)
Updated Date: Wed, 19 Aug 2026 08:21 PM (IST)
ਪਿੰਡ ਬਾਹਮਣੀਆਂ ਤੋਂ ਬੱਚੇ ਨੂੰ ਲੈ ਕੇ ਕਾਰ ਸਵਾਰ ਹੋਏ ਫਰਾਰ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਸ਼ਾਹਕੋਟ: ਨੇੜਲੇ ਪਿੰਡ ਬਾਹਮਣੀਆਂ ਤੋਂ ਸਵੇਰੇ ਸਕੂਲ ਜਾਣ ਲਈ ਬੱਸ ਦੀ ਉਡੀਕ ਕਰ ਰਹੇ ਸਾਢੇ ਸੱਤ ਸਾਲਾ ਬੱਚੇ ਨੂੰ ਕਰੇਟਾ ਕਾਰ ਸਵਾਰਾਂ ਵੱਲੋਂ ਜ਼ਬਰਦਸਤੀ ਅਗਵਾ ਕਰ ਕੇ ਲਿਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਸ਼ਾਹਕੋਟ ਵਿਖੇ ਬਤੌਰ ਸਟਾਫ ਨਰਸ ਤਾਇਨਾਤ ਪੁਸ਼ਪਿੰਦਰ ਕੌਰ ਦਾ ਪੁੱਤਰ ਜੁਝਾਰਵੀਰ ਸਿੰਘ, ਜੋ ਕਿ ਸਟੇਟ ਪਬਲਿਕ ਸਕੂਲ ਵਿੱਚ ਦੂਜੀ ਜਮਾਤ ਦਾ ਵਿਦਿਆਰਥੀ ਹੈ, ਰੋਜ਼ਾਨਾ ਵਾਂਗ ਸਵੇਰੇ ਕਰੀਬ 7:30 ਵਜੇ ਸਕੂਲ ਬੱਸ ਦੀ ਉਡੀਕ ’ਚ ਪਿੰਡ ਦੇ ਸਟਾਪੇਜ ’ਤੇ ਖੜ੍ਹਾ ਸੀ। ਇਸੇ ਦੌਰਾਨ ਚੰਡੀਗੜ੍ਹ ਨੰਬਰ ਦੀ ਇਕ ਕਰੇਟਾ ਕਾਰ ਵਿੱਚ ਆਏ ਮੂੰਹ ਬੰਨ੍ਹੀ ਦੋ ਵਿਅਕਤੀਆਂ ਅਤੇ ਇਕ ਔਰਤ ਨੇ ਬੱਚੇ ਨੂੰ ਜ਼ਬਰਦਸਤੀ ਗੱਡੀ ਵਿੱਚ ਸੁੱਟ ਲਿਆ ਤੇ ਮੌਕੇ ਤੋਂ ਫ਼ਰਾਰ ਹੋ ਗਏ। ਬੱਚੇ ਦੀ ਮਾਂ ਪੁਸ਼ਪਿੰਦਰ ਕੌਰ ਨੇ ਦੋਸ਼ ਲਾਇਆ ਕਿ ਉਸ ਦੀ ਚੰਡੀਗੜ੍ਹ ਸਥਿਤ ਕਰੀਬ ਢਾਈ ਕਰੋੜ ਰੁਪਏ ਦੀ ਕੋਠੀ ’ਤੇ ਉਸ ਦੇ ਸਹੁਰੇ ਪਰਿਵਾਰ ਵੱਲੋਂ ਕਬਜ਼ਾ ਕਰਨ ਦੀ ਨੀਅਤ ਨਾਲ ਇਹ ਸਾਰੀ ਸਾਜ਼ਿਸ਼ ਰਚੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸੇ ਰੰਜਿਸ਼ ਤਹਿਤ ਪਹਿਲਾਂ ਵੀ 18 ਮਈ ਨੂੰ ਸਕੂਲ ਵਿਚੋਂ ਬੱਚੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਸਬੰਧੀ ਥਾਣਾ ਸ਼ਾਹਕੋਟ ਤੇ ਖਰੜ ਵਿਖੇ ਲਿਖਤੀ ਸ਼ਿਕਾਇਤਾਂ ਦਿੱਤੀਆਂ ਗਈਆਂ ਸਨ। ਪੁਲਿਸ ਵੱਲੋਂ ਸਮੇਂ ਸਿਰ ਠੋਸ ਕਾਰਵਾਈ ਨਾ ਕੀਤੇ ਜਾਣ ਕਾਰਨ ਮੁਲਜ਼ਮਾਂ ਨੇ ਅੱਜ ਬੱਚੇ ਨੂੰ ਅਗਵਾ ਕਰ ਲਿਆ। ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਬੱਚੇ ਨੂੰ ਤੁਰੰਤ ਸੁਰੱਖਿਅਤ ਬਰਾਮਦ ਕਰਨ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਗੁਹਾਰ ਲਗਾਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ 112 ਨੰਬਰ ਪੀਸੀਆਰ ਟੀਮ ਤੇ ਥਾਣਾ ਸ਼ਾਹਕੋਟ ਦੀ ਪੁਲਿਸ ਤੁਰੰਤ ਹਰਕਤ ਵਿੱਚ ਆ ਗਈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਅਮਨ ਸੈਣੀ ਨੇ ਦੱਸਿਆ ਕਿ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਨਾਮਜ਼ਦ ਕਰਨ ਤੇ ਦੋ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਘਟਨਾ ਸਥਾਨ ਤੇ ਆਸ-ਪਾਸ ਦੇ ਰੂਟਾਂ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੂਰੇ ਇਲਾਕੇ ਵਿੱਚ ਨਾਕਾਬੰਦੀ ਕਰਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਮੁਤਾਬਕ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰਕੇ ਬੱਚੇ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਜਾਵੇਗਾ।